menu-icon
Punjabi Story Line
  • Home
  • News
  • Punjab
  • ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪਾਕਿਸਤਾਨ ਤੋਂ ਆਈ ਆਈਸ ਨਾਮਕ ਨਸ਼ੀਲਾ ਪਦਾਰਥ ਬਰਾਮਦ, ਮੁਲਜ਼ਮ ਕਾਬੂ

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪਾਕਿਸਤਾਨ ਤੋਂ ਆਈ ਆਈਸ ਨਾਮਕ ਨਸ਼ੀਲਾ ਪਦਾਰਥ ਬਰਾਮਦ, ਮੁਲਜ਼ਮ ਕਾਬੂ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜਿਆ ਗਿਆ ਮੁਲਜ਼ਮ ਪਾਕਿਸਤਾਨ ਸਥਿਤ ਤਸਕਰ ਪਠਾਨ ਅਤੇ ਆਮੇਰ ਦੇ ਸਿੱਧੇ ਸੰਪਰਕ ਵਿੱਚ ਸੀ, ਜੋ ਉਸ ਨੂੰ ਡਰੋਨ ਰਾਹੀਂ ਸਰਹੱਦ ਪਾਰੋਂ ਆਈਸ ਡਰੱਗਜ਼ ਅਤੇ ਹਥਿਆਰ ਸਪਲਾਈ ਕਰ ਰਹੇ ਸਨ। ਮੁਲਜ਼ਮ ਸੂਬੇ ਭਰ ਵਿੱਚ ਆਈਸ ਡਰੱਗ ਸਪਲਾਈ ਕਰਦਾ ਸੀ।

Date Updated Last Updated : 04 January 2024, 06:19 PM IST
Share:

ਪੰਜਾਬ ਪੁਲਿਸ ਨੇ ਪਹਿਲੀ ਵਾਰ ਸਰਹੱਦ ਪਾਰੋਂ ਆਉਂਦੀ ਹੈਰੋਇਨ ਵਿੱਚੋਂ ਪਾਕਿਸਤਾਨ ਤੋਂ ਆਈ ਆਈਸ (ਮੇਥਾਮਫੇਟਾਮਾਈਨ) ਨਾਮਕ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਪੁਲਿਸ ਨੇ ਉਸ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਪਾਕਿਸਤਾਨ ਤੋਂ ਇਹ ਖਤਰਨਾਕ ਨਸ਼ੀਲਾ ਪਦਾਰਥ ਲਿਆ ਕੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਵੰਡਦਾ ਸੀ। ਮੁਲਜ਼ਮਾਂ ਕੋਲੋਂ ਚੀਨ ਦਾ ਬਣਿਆ ਪਿਸਤੌਲ ਵੀ ਬਰਾਮਦ ਹੋਇਆ ਹੈ, ਜੋ ਕਿ ਇਸ ਖੇਪ ਨਾਲ ਆਇਆ ਸੀ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਭਾਰਤੀ ਤਸਕਰ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿਮਰ ਮਾਨ ਵਾਸੀ ਪਿੰਡ ਗੱਗੜਮਾਲ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਆਈਸ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਜ਼ਬਤ ਕਰਨ ਤੋਂ ਇਲਾਵਾ ਉਸ ਦੇ ਕਬਜ਼ੇ ਵਿੱਚੋਂ ਇੱਕ ਅਤਿ-ਆਧੁਨਿਕ .30 ਬੋਰ ਦਾ ਚੀਨੀ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। 

ਵੱਡੀ ਖੇਪ ਸੂਬੇ ਵਿੱਚ ਲਿਆਉਣ ਦੀ ਕੋਸ਼ਿਸ਼ ਦੀ ਮਿਲੀ ਸੀ ਸੂਚਨਾ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਆਈਸ ਡਰੱਗਜ਼ ਅਤੇ ਹਥਿਆਰਾਂ ਦੀ ਵੱਡੀ ਖੇਪ ਸੂਬੇ ਵਿੱਚ ਲਿਆਉਣ ਦੀ ਕੋਸ਼ਿਸ਼ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਡੀਸੀਪੀ ਹਰਪ੍ਰੀਤ ਮੰਡੇਰ, ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਅਤੇ ਏਸੀਪੀ ਵੈਸਟ ਕਮਲਜੀਤ ਔਲਖ ਦੀ ਅਗਵਾਈ ਵਿੱਚ ਸੀਆਈਏ ਸਟਾਫ-1 ਦੀ ਪੁਲੀਸ ਟੀਮ ਨੇ ਛੇਹਰਟਾ ਇਲਾਕੇ ਵਿੱਚ ਵਿਆਪਕ ਕਾਰਵਾਈ ਕੀਤੀ।

ਖੇਪ ਡਿਲੀਵਰ ਕਰਨ ਲਈ ਕਿਸੇ ਦਾ ਕਰ ਰਿਹਾ ਸੀ ਉਡੀਕ

ਸਿਮਰ ਮਾਨ ਉਦੋਂ ਕਾਬੂ ਕਰ ਲਿਆ, ਜਦੋਂ ਉਹ ਖੇਪ ਡਿਲੀਵਰ ਕਰਨ ਲਈ ਕਿਸੇ ਦੀ ਉਡੀਕ ਕਰ ਰਿਹਾ ਸੀ। ਸੀਪੀ ਭੁੱਲਰ ਨੇ ਦੱਸਿਆ ਕਿ ਨਸ਼ਾ ਸਪਲਾਈ ਕਰਨ ਵਾਲਿਆਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਹੁਣ ਤੱਕ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

5 ਸਾਲ ਪਹਿਲਾਂ ਅੰਮ੍ਰਿਤਸਰ ਜੇਲ੍ਹ ਵਿੱਚੋਂ ਹੋਈ ਸੀ ਆਈਸ ਡਰੱਗ ਬਰਾਮਦ

ਸਰਹੱਦ ਪਾਰ ਤੋਂ ਪੰਜਾਬ ਵਿੱਚ ਆਈਸ ਡਰੱਗ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਫੜੇ ਗਏ ਮੁਲਜ਼ਮਾਂ ਕੋਲੋਂ ਸਿਰਫ਼ ਸਾਧਾਰਨ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਪਹਿਲਾਂ ਕਰੀਬ 5 ਸਾਲ ਪਹਿਲਾਂ ਅੰਮ੍ਰਿਤਸਰ ਜੇਲ੍ਹ ਵਿੱਚੋਂ ਆਈਸ ਡਰੱਗ ਬਰਾਮਦ ਹੋਈ ਸੀ। ਇਹ ਅਜਿਹਾ ਖ਼ਤਰਨਾਕ ਨਸ਼ਾ ਹੈ ਜਿਸ ਦਾ ਇੱਕ ਵਾਰ ਸੇਵਨ ਕਰਨ ਤੋਂ ਬਾਅਦ ਵਿਅਕਤੀ ਇਸ ਦਾ ਆਦੀ ਹੋ ਜਾਂਦਾ ਹੈ।

Recent News