ਵਿਜੀਲੈਂਸ ਬਿਊਰੋ ਪੰਜਾਬ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਤਹਿਤ ਪੁਲਿਸ ਕਮਿਸ਼ਨਰੇਟ ਦਫ਼ਤਰ ਅੰਮ੍ਰਿਤਸਰ ਦੀ ਆਰਥਿਕ ਅਪਰਾਧ ਸ਼ਾਖਾ ਵਿਖੇ ਤਾਇਨਾਤ ਸਬ ਇੰਸਪੈਕਟਰ ਕੁਲਵੰਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੂਰਜ ਮਹਿਤਾ ਵਾਸੀ ਗੋਪਾਲ ਦਾਸ ਰੋਡ ਅੰਮ੍ਰਿਤਸਰ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਮੁਲਜ਼ਮ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਹਾਈਕੋਰਟ ਤੋਂ ਉਸਦੇ ਪਿਤਾ ਦੀ ਗ੍ਰਿਫਤਾਰੀ ‘ਤੇ ਅੰਤਰਿਮ ਸਟੇਅ ਮਿਲਣ ਤੋਂ ਬਾਅਦ ਪੁਲਿਸ ਜਾਂਚ ਵਿੱਚ ਸ਼ਾਮਲ ਹੋਣ ਅਤੇ ਇਸ ਮੁਕੱਦਮੇ ਵਿਚ ਪੱਕੀ ਜ਼ਮਾਨਤ ਲੈਣ ਵਿਚ ਮਦਦ ਕਰਨ ਬਦਲੇ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ।
ਇੱਕ ਲੱਖ ਰੁਪਏ ਰਿਸ਼ਵਤ ਪਹਿਲਾਂ ਲਈ
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਕਤ ਥਾਣੇਦਾਰ ਉਸਦੇ ਪਿਤਾ ਦੁਆਰਾ ਉਹਨਾਂ ਦੀ ਸਾਂਝੀ ਫਰਮ ਵਿੱਚ ਭਾਈਵਾਲਾਂ ਵਿਰੁੱਧ ਦਰਜ ਕੀਤੇ ਇੱਕ ਵੱਖਰੇ ਕੇਸ ਵਿੱਚ ਮਦਦ ਦੇਣ ਦੇ ਨਾਮ ਹੇਠ ਪਹਿਲਾਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈ ਚੁੱਕਾ ਹੈ। ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਐਸਆਈ ਕੁਲਵੰਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।