ਪੰਜਾਬ ਕਾਂਗਰਸ ਦੇ ਅੰਦਰੂਨੀ ਝਗੜੇ ਨੇ ਨਵਾਂ ਮੋੜ ਲੈ ਲਿਆ ਹੈ, ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਧੜੇ ਨੇ ਰਾਜਾ ਵੜਿੰਗ ਨੂੰ ਘੇਰਨ ਲਈ ਆਪਣਾ ਰਾਜਨੀਤਿਕ ਦਾਅ ਬਦਲ ਲਿਆ ਹੈ। ਕੇਂਦਰੀ ਆਗੂਆਂ ਤੱਕ ਸਿੱਧੀ ਪਹੁੰਚ ਨਾ ਬਣਨ ਕਾਰਨ ਹੁਣ ਇਸ ਗੁੱਟ ਨੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਆਵਾਜ਼ ਬਣਾਇਆ ਹੈ। ਚੰਨੀ ਲੰਬੇ ਸਮੇਂ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਸਨ, ਤਾਂ ਜੋ ਉਹ ਆਪਣੇ ਧੜੇ ਦੇ ਖਿਆਲ ਸਿੱਧੇ ਸੁਣਾ ਸਕਣ। ਪਰ ਕੇਂਦਰੀ ਆਗੂਆਂ ਨੇ ਉਨ੍ਹਾਂ ਨੂੰ ਸਮਾਂ ਨਾ ਦਿੰਦੇ ਹੋਏ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀਆਂ ਗੱਲਾਂ ਹਾਈਕਮਾਨ ਤੱਕ ਪਹੁੰਚਣੀਆਂ ਮੁਸ਼ਕਲ ਹੋ ਗਈਆਂ।
ਹਾਲਾਤਾਂ ਨੂੰ ਭਾਲਦਿਆਂ ਚੰਨੀ ਸਮੇਤ ਉਨ੍ਹਾਂ ਦੇ ਸਮਰਥਕ ਆਗੂਆਂ ਅਤੇ ਰਾਜਾ ਵੜਿੰਗ ਵਿਰੋਧੀ ਵਿਧਾਇਕਾਂ ਨੇ ਸਾਂਝੇ ਤੌਰ 'ਤੇ ਪ੍ਰਤਾਪ ਸਿੰਘ ਬਾਜਵਾ ਨੂੰ ਆਪਣਾ ਮੁੱਖ ਸੰਪਰਕ ਬਣਾਉਣ ਦਾ ਫੈਸਲਾ ਕੀਤਾ। ਬਾਜਵਾ ਰਾਹੀਂ ਰਾਹੁਲ ਗਾਂਧੀ ਨੂੰ ਇੱਕ ਪੱਤਰ ਭੇਜਿਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਮਿਲਣ ਦੀ ਬੇਨਤੀ ਕੀਤੀ ਗਈ।
ਵਿਧਾਇਕਾਂ ਵੱਲੋਂ ਭੇਜੀ ਚਿੱਠੀ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਪੰਜਾਬ ਕਾਂਗਰਸ ਨਾਲ ਜੁੜਿਆ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਰਾਏ ਜ਼ਰੂਰ ਲਈ ਜਾਵੇ। ਇਸ ਤੋਂ ਇਲਾਵਾ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਆਗੂਆਂ ਦੀ ਰਣਨੀਤੀ ਅਤੇ ਭੂਮਿਕਾ ਬਾਰੇ ਵੀ ਵਿਚਾਰ-ਵਟਾਂਦਰਾ ਕਰਨ ਦੀ ਗੱਲ ਕਹੀ ਗਈ ਹੈ।
ਰਾਹੁਲ ਨਾਲ ਮੁਲਾਕਾਤ ਨਾ ਹੋਣਾ ਚੰਨੀ ਲਗਾਤਾਰ ਆਪਣੇ ਧੜੇ ਦਾ ਪੱਖ ਰੱਖਣ ਲਈ ਰਾਹੁਲ ਗਾਂਧੀ ਤੋਂ ਮਿਲਣ ਦਾ ਸਮਾਂ ਮੰਗਦੇ ਰਹੇ, ਪਰ ਕੇਂਦਰੀ ਆਗੂਆਂ ਵੱਲੋਂ ਇਹ ਸਮਾਂ ਨਾ ਦਿੱਤਾ ਜਾਣਾ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਸਾਬਤ ਹੋਈ।
ਪਾਰਟੀ ਅੰਦਰ ਖੁੱਲ੍ਹੀ ਬਗਾਵਤ ਦੇ ਰੁਖ਼ 'ਤੇ ਕੇਂਦਰੀ ਆਗੂਆਂ ਵੱਲੋਂ ਸਖ਼ਤ ਚੇਤਾਵਨੀ ਮਿਲਣ ਤੋਂ ਬਾਅਦ ਚੰਨੀ ਨੂੰ ਆਪਣੀ ਰਣਨੀਤੀ ਪਿੱਛੇ ਖਿੱਚਣੀ ਪਈ। ਖਾਸ ਤੌਰ 'ਤੇ ਕੇ.ਸੀ. ਵੇਣੂਗੋਪਾਲ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੇ ਤਿੱਖੇ ਰਵੱਈਏ ਨੇ ਮਾਮਲਾ ਵਿਗਾੜ ਦਿੱਤਾ, ਜਿਸ ਮਗਰੋਂ ਵੇਣੂਗੋਪਾਲ ਨੇ ਮੀਟਿੰਗ ਛੱਡ ਦਿੱਤੀ ਅਤੇ ਚੰਨੀ ਨੂੰ ਫਟਕਾਰ ਲਾਈ।
ਰਾਜਾ ਵੜਿੰਗ ਅਤੇ ਪ੍ਰਦੇਸ਼ ਪ੍ਰਭਾਰੀ ਭੂਪੇਸ਼ ਬਘੇਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਤੋਂ ਚੰਨੀ ਦਾ ਦੂਰ ਰਹਿਣਾ ਸੰਗਠਨਕਾਰੀ ਤੌਰ 'ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ ਉਨ੍ਹਾਂ ਦੇ ਸਮਰਥਕ ਪ੍ਰੋਗਰਾਮਾਂ ਵਿੱਚ ਜ਼ਰੂਰ ਸ਼ਾਮਲ ਹੁੰਦੇ ਰਹੇ ਅਤੇ ਸਮਰਥਨ ਦੇ ਨਾਅਰੇ ਲਾਉਂਦੇ ਰਹੇ।
ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਖ਼ਿਲਾਫ਼ ਪੋਸਟਰ ਲਗਾਉਣ ਅਤੇ ਚੰਨੀ ਸਮਰਥਕ ਨਾਅਰੇ ਲਾਉਣ 'ਤੇ ਕੇ.ਸੀ. ਵੇਣੂਗੋਪਾਲ ਨੇ ਸਖ਼ਤ ਰੁਖ਼ ਅਪਣਾਉਂਦਿਆਂ ਚੰਨੀ ਨੂੰ ਦਿੱਲੀ ਬੁਲਾਇਆ ਅਤੇ ਸਪੱਸ਼ਟ ਤੌਰ 'ਤੇ ਉਨ੍ਹਾਂ ਨੂੰ ਆਪਣੇ ਹਮਾਇਤੀਆਂ ਨੂੰ ਕਾਬੂ ਵਿੱਚ ਰੱਖਣ ਦੀ ਹਦਾਇਤ ਕੀਤੀ।