menu-icon
Punjabi Story Line
  • Home
  • News
  • Punjab
  • ਮਾਲ ਮਹਿਕਮਾ ਮੰਤਰੀ ਹਰਦੀਪ ਮੁੰਡੀਆਂ ਨੇ ਬਠਿੰਡਾ ਵਿਖੇ ਮਾਰਿਆ ਛਾਪਾ, ਜਾਣੋ ਫਿਰ ਕੀ ਹੋਇਆ 

ਮਾਲ ਮਹਿਕਮਾ ਮੰਤਰੀ ਹਰਦੀਪ ਮੁੰਡੀਆਂ ਨੇ ਬਠਿੰਡਾ ਵਿਖੇ ਮਾਰਿਆ ਛਾਪਾ, ਜਾਣੋ ਫਿਰ ਕੀ ਹੋਇਆ 

ਸਬ-ਰਜਿਸਟਰਾਰ ਦਫ਼ਤਰ ਦੀ ਚੈਕਿੰਗ ਦੌਰਾਨ ਹਦਾਇਤ ਕੀਤੀ ਕਿ ਰਜਿਸਟਰੀ ਮੌਕੇ ਖ਼ਰੀਦਦਾਰ ਤੇ ਵੇਚਣ ਵਾਲੇ ਦੋਵਾਂ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ ਅਤੇ ਸੀਸੀਟੀਵੀ ਕੈਮਰੇ ਹਮੇਸ਼ਾ ਚਾਲੂ ਹਾਲਤ ਵਿਚ ਰੱਖੇ ਜਾਣ। ਦਫ਼ਤਰੀ ਕੰਮਕਾਜ ਆਉਣ ਵਾਲੇ ਲੋਕਾਂ ਨਾਲ ਵਧੀਆ ਵਤੀਰਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਆਦਿ ਦਾ ਵੀ ਢੁੱਕਵਾਂ ਪ੍ਰਬੰਧ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਵੱਲੋਂ ਰਜਿਸਟਰੀ ਬਰਾਂਚ ਦਾ ਵੀ ਦੌਰਾ ਕਰਕੇ ਨਿਰੀਖਣ ਕੀਤਾ ਗਿਆ।

Date Updated Last Updated : 05 February 2025, 09:15 PM IST
Share:

ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬਠਿੰਡਾ ਤਹਿਸੀਲ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਸਬ-ਰਜਿਸਟਰਾਰ ਦਫ਼ਤਰ, ਫ਼ਰਦ ਕੇਂਦਰ ਤੇ ਹੋਰ ਵੱਖ-ਵੱਖ ਬਰਾਂਚਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪੰਜਾਬ ਮੀਡੀਅਮ ਇੰਡਸਟ੍ਰਰੀਜ਼ ਡਿਵੈੱਲਪਮੈਂਟ ਬੋਰਡ ਨੀਲ ਗਰਗ ਅਤੇ ਚੇਅਰਮੈਨ ਸ਼ੂਗਰਫੈੱਡ ਪੰਜਾਬ ਨਵਦੀਪ ਜੀਦਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਬ-ਰਜਿਸਟਰਾਰ ਦਫ਼ਤਰ ਦੀ ਚੈਕਿੰਗ ਦੌਰਾਨ ਹਦਾਇਤ ਕੀਤੀ ਕਿ ਰਜਿਸਟਰੀ ਮੌਕੇ ਖ਼ਰੀਦਦਾਰ ਤੇ ਵੇਚਣ ਵਾਲੇ ਦੋਵਾਂ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ ਅਤੇ ਸੀਸੀਟੀਵੀ ਕੈਮਰੇ ਹਮੇਸ਼ਾ ਚਾਲੂ ਹਾਲਤ ਵਿਚ ਰੱਖੇ ਜਾਣ। 

ਟੋਕਨ 'ਤੇ ਹੋਵੇਗਾ ਫ਼ਰਦ ਕੇਂਦਰ ਦਾ ਕੰਮ 

ਫ਼ਰਦ ਕੇਂਦਰ ਦੇ ਨਿਰੀਖਣ ਦੌਰਾਨ ਉਨ੍ਹਾਂ ਆਦੇਸ਼ ਦਿੱਤੇ ਕਿ ਕੰਮ ਕਰਵਾਉਣ ਵਾਲੇ ਹਰੇਕ ਵਿਅਕਤੀ ਨੂੰ ਟੋਕਨ ਦੇਣਾ ਅਤੇ ਉਸ ਦਾ ਸਮੇਂ-ਸਿਰ ਕੰਮ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਕੋਈ ਵੀ ਪੈਂਡਿੰਗ ਇੰਤਕਾਲ ਨਾ ਰਹਿਣ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦਫ਼ਤਰੀ ਕੰਮਕਾਜ ਆਉਣ ਵਾਲੇ ਲੋਕਾਂ ਨਾਲ ਵਧੀਆ ਵਤੀਰਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਆਦਿ ਦਾ ਵੀ ਢੁੱਕਵਾਂ ਪ੍ਰਬੰਧ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਵੱਲੋਂ ਰਜਿਸਟਰੀ ਬਰਾਂਚ ਦਾ ਵੀ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਉਨ੍ਹਾਂ ਦਾ ਸੁਪਨਾ ਹੈ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਹਰ ਤਰ੍ਹਾਂ ਸੇਵਾਵਾਂ ਦਾ ਲੋਕਾਂ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੀ ਦੇਰੀ, ਖੱਜਲ-ਖੁਆਰੀ ਅਤੇ ਕਿਸੇ ਤਰ੍ਹਾਂ ਦੇ ਲੈਣ-ਦੇਣ ਤੋਂ ਮੁਕਤ ਲਾਹਾ ਮਿਲੇ। 

ਸਮੇਂ ਸਿਰ ਹੋਣਗੇ ਕੰਮ 

ਕੈਬਨਿਟ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿਚ ਇਹ ਵੀ ਦੱਸਿਆ ਕਿ ਸੂਬੇ ਅੰਦਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਹਤਰ ਅਤੇ ਸਮਾਂਬੱਧ ਸੇਵਾਵਾਂ ਮਿਲ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੈਕਿੰਗ ਦੌਰਾਨ ਜੋ ਵੀ ਥੋੜ੍ਹੀ ਬਹੁਤ ਕਮੀ ਦੇਖਣ ਨੂੰ ਮਿਲੀ ਹੈ, ਉਸ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਦੌਰੇ ਦੌਰਾਨ ੳਨ੍ਹਾਂ ਕੰਮਕਾਜ਼ ਲਈ ਆਏ ਲੋਕਾਂ ਨਾਲ ਵੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਫ਼ਤਰੀ ਕੰਮਕਾਜ਼ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਉਨ੍ਹਾਂ ਨੂੰ ਸੇਵਾਵਾਂ ਸਮੇਂ-ਸਿਰ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Recent News