menu-icon
Punjabi Story Line
Raksha Bandhan 2026
  • Home
  • News
  • Punjab
  • ਪੰਜਾਬ ਵਿੱਚ ਖੰਡ ਦੀ ਕਮੀ ਨਹੀਂ, ਜਮ੍ਹਾਂਖੋਰੀ ’ਤੇ ਸਰਕਾਰ ਦੀ ਸਖ਼ਤੀ; ਸਟਾਕ ਤੇ ਸਪਲਾਈ ਦੀ ਰੋਜ਼ਾਨਾ ਹੋਵੇਗੀ ਨਿਗਰਾਨੀ

ਪੰਜਾਬ ਵਿੱਚ ਖੰਡ ਦੀ ਕਮੀ ਨਹੀਂ, ਜਮ੍ਹਾਂਖੋਰੀ ’ਤੇ ਸਰਕਾਰ ਦੀ ਸਖ਼ਤੀ; ਸਟਾਕ ਤੇ ਸਪਲਾਈ ਦੀ ਰੋਜ਼ਾਨਾ ਹੋਵੇਗੀ ਨਿਗਰਾਨੀ

ਪੰਜਾਬ ਵਿੱਚ ਖੰਡ ਦੀ ਉਪਲਬਧਤਾ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਸਟਾਕ, ਵਿਕਰੀ ਅਤੇ ਸਪਲਾਈ ਦੀ ਲਗਾਤਾਰ ਜਾਂਚ ਕਰਨ ਦੇ ਹੁਕਮ ਦਿੰਦਿਆਂ ਜਮ੍ਹਾਂਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

Date Updated Last Updated : 25 August 2026, 10:01 PM IST
Share:

ਚੰਡੀਗੜ੍ਹ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਹੋਈ ਬੈਠਕ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਖੰਡ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੀ ਲੋੜ ਪੂਰੀ ਕਰਨ ਲਈ ਖੰਡ ਦਾ ਕਾਫ਼ੀ ਭੰਡਾਰ ਮੌਜੂਦ ਹੈ ਅਤੇ ਆਮ ਖਪਤਕਾਰਾਂ ਨੂੰ ਇਸ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਅਫਵਾਹ ਕਾਰਨ ਲੋਕਾਂ ਵਿੱਚ ਬੇਵਜ੍ਹਾ ਡਰ ਪੈਦਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅਧਿਕਾਰੀਆਂ ਨੂੰ ਬਾਜ਼ਾਰ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖਣ ਅਤੇ ਜਿੱਥੇ ਵੀ ਗੜਬੜ ਨਜ਼ਰ ਆਵੇ, ਤੁਰੰਤ ਕਾਰਵਾਈ ਕਰਨ ਲਈ ਕਿਹਾ।

ਜਮ੍ਹਾਂਖੋਰੀ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ

ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਖੰਡ ਦੀ ਕਮੀ ਪੈਦਾ ਕਰਨ ਜਾਂ ਨਕਲੀ ਤੌਰ ’ਤੇ ਇਸ ਦੀ ਉਪਲਬਧਤਾ ਘਟਾਉਣ ਦੀ ਕੋਸ਼ਿਸ਼ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਖੰਡ ਦੇ ਵਪਾਰ ਨਾਲ ਜੁੜੇ ਕਾਰੋਬਾਰੀਆਂ ਅਤੇ ਵੱਡੇ ਸਟਾਕ ਵਾਲੀਆਂ ਇਕਾਈਆਂ ਦੀ ਜਾਂਚ ਕਰਨ ਲਈ ਕਿਹਾ। ਸਰਕਾਰ ਦਾ ਧਿਆਨ ਇਸ ਗੱਲ ’ਤੇ ਹੈ ਕਿ ਮਾਰਕੀਟ ਵਿੱਚ ਲੋੜ ਅਨੁਸਾਰ ਖੰਡ ਪਹੁੰਚਦੀ ਰਹੇ ਅਤੇ ਕੋਈ ਵੀ ਵਿਅਕਤੀ ਗੈਰ-ਵਾਜਬ ਮੁਨਾਫ਼ੇ ਲਈ ਸਟਾਕ ਰੋਕ ਕੇ ਨਾ ਰੱਖ ਸਕੇ।

ਖੰਡ ਮਿੱਲਾਂ ਦੇ ਭੰਡਾਰ ਦੀ ਹੋਵੇਗੀ ਜਾਂਚ

ਮੁੱਖ ਮੰਤਰੀ ਨੇ ਖੰਡ ਮਿੱਲਾਂ ਵਿੱਚ ਮੌਜੂਦ ਸਟਾਕ ਦੀ ਭੌਤਿਕ ਤਸਦੀਕ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਿਰਫ਼ ਕਾਗਜ਼ਾਂ ਵਿੱਚ ਦਰਜ ਅੰਕੜਿਆਂ ’ਤੇ ਨਿਰਭਰ ਰਹਿਣ ਦੀ ਬਜਾਏ ਅਸਲ ਸਟਾਕ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਖੰਡ ਲਈ ਲਾਗੂ ਸਟਾਕ ਹੱਦਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਫੂਡ ਸਟਾਕ ਮਾਨੀਟਰਿੰਗ ਪੋਰਟਲ ’ਤੇ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਅਧਿਕਾਰੀਆਂ ਨੂੰ ਕਿਹਾ ਗਿਆ ਹੈ।

ਥੋਕ ਖਰੀਦਦਾਰਾਂ ’ਤੇ ਵੀ ਨਜ਼ਰ

ਸਰਕਾਰ ਨੇ ਵੱਡੀ ਮਾਤਰਾ ਵਿੱਚ ਖੰਡ ਖਰੀਦਣ ਵਾਲੇ ਥੋਕ ਖਪਤਕਾਰਾਂ ਨੂੰ ਵੀ ਨਿਗਰਾਨੀ ਦੇ ਘੇਰੇ ਵਿੱਚ ਰੱਖਿਆ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਟਾਕ ਸੀਮਾ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ। ਹਫ਼ਤਾਵਾਰ ਰਿਪੋਰਟਿੰਗ ਰਾਹੀਂ ਬਾਜ਼ਾਰ ਵਿੱਚ ਆ ਰਹੇ ਅਤੇ ਵਿਕਣ ਵਾਲੇ ਸਟਾਕ ਦੀ ਜਾਣਕਾਰੀ ਇਕੱਠੀ ਕੀਤੀ ਜਾਵੇ, ਤਾਂ ਜੋ ਕਿਸੇ ਵੀ ਅਸਧਾਰਨ ਹਲਚਲ ਦਾ ਤੁਰੰਤ ਪਤਾ ਲੱਗ ਸਕੇ।

ਘੱਟ ਉਤਪਾਦਨ ਦੇ ਬਾਵਜੂਦ ਸਥਿਤੀ ਕਾਬੂ ਹੇਠ

ਮੁੱਖ ਮੰਤਰੀ ਨੇ ਦੱਸਿਆ ਕਿ 2025-26 ਦੌਰਾਨ ਮੌਸਮੀ ਹਾਲਾਤਾਂ ਕਾਰਨ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਗੰਨੇ ਦੇ ਉਤਪਾਦਨ ’ਤੇ ਅਸਰ ਪਿਆ ਹੈ। ਇਸ ਕਾਰਨ ਖੰਡ ਉਤਪਾਦਨ ਵਿੱਚ ਕਮੀ ਆਈ ਹੈ, ਪਰ ਉਨ੍ਹਾਂ ਮੁਤਾਬਕ ਪੰਜਾਬ ਵਿੱਚ ਮੌਜੂਦਾ ਭੰਡਾਰ ਲੋੜ ਪੂਰੀ ਕਰਨ ਲਈ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਸਪਲਾਈ ਚੇਨ ਨੂੰ ਨਿਰਵਿਘਨ ਬਣਾਈ ਰੱਖਣ ਵਾਸਤੇ ਹਰ ਲੋੜੀਂਦਾ ਕਦਮ ਚੁੱਕੇਗੀ।

ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ

ਭਗਵੰਤ ਮਾਨ ਨੇ ਕਿਹਾ ਕਿ ਖੰਡ ਦੀ ਉਪਲਬਧਤਾ ਬਾਰੇ ਗਲਤ ਜਾਣਕਾਰੀ ਫੈਲਣ ਨਾਲ ਬਾਜ਼ਾਰ ਵਿੱਚ ਬੇਲੋੜੀ ਘਬਰਾਹਟ ਪੈਦਾ ਹੋ ਸਕਦੀ ਹੈ। ਇਸ ਲਈ ਸਰਕਾਰੀ ਤੰਤਰ ਨੂੰ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੇ ਨਾਲ ਕੀਮਤਾਂ ਅਤੇ ਸਪਲਾਈ ’ਤੇ ਨਿਗਰਾਨੀ ਰੱਖਣੀ ਹੋਵੇਗੀ। ਬੈਠਕ ਵਿੱਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਸਹਿਕਾਰਤਾ ਸਕੱਤਰ ਅਜੀਤ ਬਾਲਾਜੀ ਜੋਸ਼ੀ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।

Recent News