ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਸਰਗਰਮ ਅੱਤਵਾਦੀ ਨੈੱਟਵਰਕ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਮੋਹਾਲੀ ਨੇ ਵਿਦੇਸ਼ਾਂ ਵਿੱਚ ਬੈਠੇ ਇੱਕ ਅੱਤਵਾਦੀ ਆਪਰੇਟਿਵ ਦੇ ਦੋ ਸਾਥੀਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਦੋਸ਼ੀਆਂ ਦੇ ਨਾਂ ਮਣੀ ਸਿੰਘ (32, ਵਾਸੀ ਗੁਜਰਪੁਰਾ, ਅੰਮ੍ਰਿਤਸਰ) ਅਤੇ ਅਭਿਸ਼ੇਕ ਕੁਮਾਰ (28, ਵਾਸੀ ਗਿਲਵਾਲੀ ਗੇਟ, ਅੰਮ੍ਰਿਤਸਰ) ਦੱਸੇ ਗਏ ਹਨ।
ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਇਸ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਐੱਸ.ਓ.ਸੀ. ਦੀ ਟੀਮ ਨੇ ਇਨ੍ਹਾਂ ਦੋਸ਼ੀਆਂ ਨੂੰ ਧਰ ਦਬੋਚਿਆ। ਚੈੱਕਿੰਗ ਦੌਰਾਨ ਉਨ੍ਹਾਂ ਕੋਲੋਂ 2.5 ਕਿਲੋ ਭਾਰੀ ਇੱਕ ਪੂਰੀ ਤਰ੍ਹਾਂ ਤਿਆਰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਬਰਾਮਦ ਹੋਈ ਹੈ। ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਜਨਤਕ ਥਾਵਾਂ ਅਤੇ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਸਨ, ਜਿਸ ਨੂੰ ਪੁਲਿਸ ਨੇ ਅਸਫਲ ਕਰ ਦਿੱਤਾ।
ਪੁਲਿਸ ਦੀ ਤਤਪਰ ਕਾਰਵਾਈ ਕਾਰਨ ਵੱਡਾ ਸੁਰੱਖਿਆ ਸੰਕਟ ਟਲ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਪੜਤਾਲ ਜਾਰੀ ਹੈ। ਜਾਂਚ ਏਜੰਸੀਆਂ ਇਸ ਸਾਜ਼ਿਸ਼ ਵਿੱਚ ਸ਼ਾਮਲ ਹੈਂਡਲਰਾਂ, ਹੋਰ ਸਾਥੀਆਂ ਅਤੇ ਪੂਰੇ ਅੱਤਵਾਦੀ ਨੈੱਟਵਰਕ ਦੇ ਸਬੰਧਾਂ ਦਾ ਪਤਾ ਲਾਉਣ ਵਿੱਚ ਜੁਟੀਆਂ ਹੋਈਆਂ ਹਨ। ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਅੱਤਵਾਦੀ ਸਰਗਰਮੀਆਂ ਨੂੰ ਖਤਮ ਕਰਨ, ਸੰਗਠਿਤ ਅਪਰਾਧਾਂ 'ਤੇ ਰੋਕ ਲਾਉਣ ਅਤੇ ਸੂਬੇ ਵਿੱਚ ਸ਼ਾਂਤੀ ਤੇ ਲੋਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਕਾਊਂਟਰ ਇੰਟੈਲੀਜੈਂਸ ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਭਰੋਸੇਯੋਗ ਇੰਟੈਲੀਜੈਂਸ ਇਨਪੁਟ ਦੇ ਆਧਾਰ 'ਤੇ ਪੁਲਿਸ ਨੇ ਮੋਹਾਲੀ ਦੇ ਵਾਈ.ਪੀ.ਐੱਸ. ਚੌਂਕ ਸਾਹਮਣੇ ਸਥਿਤ ਇੱਕ ਪਾਰਕ ਨੇੜਿਓਂ ਦੋਵੇਂ ਸ਼ੱਕੀਆਂ ਨੂੰ ਕਾਬੂ ਕੀਤਾ। ਇਹ ਦੋਸ਼ੀ ਵਿਸਫੋਟਕ ਡਿਵਾਈਸ ਨਾਲ ਬੱਸ ਰਾਹੀਂ ਅੰਮ੍ਰਿਤਸਰ ਤੋਂ ਮੋਹਾਲੀ ਆਏ ਸਨ।
ਤਲਾਸ਼ੀ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ ਆਰ.ਡੀ.ਐਕਸ. ਨਾਲ ਭਰੀ ਆਈ.ਈ.ਡੀ. ਬਰਾਮਦ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਡਿਵਾਈਸ ਤੋਂ ਪੈਦਾ ਹੋਣ ਵਾਲੇ ਗੰਭੀਰ ਖਤਰੇ ਨੂੰ ਦੇਖਦੇ ਹੋਏ ਮੌਕੇ 'ਤੇ ਬੰਬ ਡਿਸਪੋਜ਼ਲ ਟੀਮ ਨੂੰ ਬੁਲਾ ਲਿਆ ਗਿਆ, ਜਿਸ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਆਈ.ਈ.ਡੀ. ਨੂੰ ਸੁਰੱਖਿਅਤ ਢੰਗ ਨਾਲ ਨਿਸ਼ਕ੍ਰਿਆ ਕਰ ਦਿੱਤਾ।
ਆਈ.ਜੀ.ਪੀ. ਚੌਧਰੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਮਣੀ ਸਿੰਘ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਵਿਦੇਸ਼ਾਂ ਵਿੱਚ ਬੈਠੇ ਹੈਂਡਲਰ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਬਾਅਦ ਉਸਨੇ ਆਪਣੇ ਸਾਲੇ ਅਭਿਸ਼ੇਕ ਕੁਮਾਰ ਨੂੰ ਵੀ ਉਸ ਹੈਂਡਲਰ ਨਾਲ ਮਿਲਵਾ ਦਿੱਤਾ। ਗੱਲਬਾਤ ਦੌਰਾਨ ਹੈਂਡਲਰ ਨੇ ਉਨ੍ਹਾਂ ਨੂੰ ਕੁਝ ਕੰਮ ਕਰਨ ਦੇ ਬਦਲੇ ਪੈਸਿਆਂ ਦੀ ਪੇਸ਼ਕਸ਼ ਕੀਤੀ ਅਤੇ ਪੈਸਿਆਂ ਦੀ ਤੰਗੀ ਕਾਰਨ ਦੋਵੇਂ ਉਸ ਲਈ ਕੰਮ ਕਰਨ ਲਈ ਰਾਜ਼ੀ ਹੋ ਗਏ।