menu-icon
Punjabi Story Line
  • Home
  • News
  • Punjab
  • ਤਰਨਤਾਰਨ ਦੇ ਗੁਰਦੁਆਰੇ ਵਿੱਚ ਔਰਤ ਪ੍ਰਕਾਸ਼ ਸਥਾਨ 'ਤੇ ਚੜੀ, ਬੇਅਦਬੀ ਦੀ ਕੋਸ਼ਿਸ਼

ਤਰਨਤਾਰਨ ਦੇ ਗੁਰਦੁਆਰੇ ਵਿੱਚ ਔਰਤ ਪ੍ਰਕਾਸ਼ ਸਥਾਨ 'ਤੇ ਚੜੀ, ਬੇਅਦਬੀ ਦੀ ਕੋਸ਼ਿਸ਼

ਘਟਨਾ ਦਾ ਸੀਸੀਟੀਵੀ ਵੀਡੀਓ ਵੀ ਜਾਰੀ ਹੋਇਆ ਹੈ, ਜਿਸ ਵਿੱਚ ਪੂਰਾ ਵਾਕਿਆ ਸਾਫ਼ ਦੇਖਿਆ ਜਾ ਸਕਦਾ ਹੈ। ਪੁਲਿਸ ਮੁਤਾਬਕ, ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਲੱਗ ਰਹੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Date Updated Last Updated : 14 June 2026, 07:49 PM IST
Share:

ਸ਼ਨੀਵਾਰ ਸ਼ਾਮ ਨੂੰ ਤਰਨਤਾਰਨ ਦੇ ਇੱਕ ਗੁਰਦੁਆਰੇ ਵਿੱਚ ਇੱਕ ਔਰਤ ਦੁਆਰਾ ਬੇਅਦਬੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਉਕਤ ਔਰਤ ਮੱਥਾ ਟੇਕਣ ਗੁਰਦੁਆਰਾ ਪਹੁੰਚੀ, ਜਿੱਥੇ ਉਹ ਅਚਨਚੇਤ ਪ੍ਰਕਾਸ਼ ਸਥਾਨ ਦੇ ਨੇੜੇ ਬਣੇ ਥੜ੍ਹੇ 'ਤੇ ਜਾ ਚੜ੍ਹੀ ਤੇ ਉੱਥੇ ਰੱਖੇ ਹਥਿਆਰ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਲੱਗੀ।
ਹਾਲਾਂਕਿ, ਮੌਕੇ 'ਤੇ ਹਾਜ਼ਰ ਇੱਕ ਹੋਰ ਔਰਤ ਨੇ ਤੁਰੰਤ ਸੰਭਲਦਿਆਂ ਉਸ ਨੂੰ ਥੱਲੇ ਲਾਹ ਲਿਆ। ਇਸ ਦੌਰਾਨ ਗੁਰਦੁਆਰੇ ਵਿੱਚ ਮੌਜੂਦ ਸੇਵਾਦਾਰਾਂ ਨੇ ਔਰਤ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਘਟਨਾ ਦਾ ਸੀਸੀਟੀਵੀ ਵੀਡੀਓ ਵੀ ਜਾਰੀ ਹੋਇਆ ਹੈ, ਜਿਸ ਵਿੱਚ ਪੂਰਾ ਵਾਕਿਆ ਸਾਫ਼ ਦੇਖਿਆ ਜਾ ਸਕਦਾ ਹੈ। ਪੁਲਿਸ ਮੁਤਾਬਕ, ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਲੱਗ ਰਹੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਗੁਰਦੁਆਰਾ ਮਾਤਾ ਭਾਗ ਕੌਰ ਸਾਹਿਬ ਵਿੱਚ ਵਾਪਰੀ ਘਟਨਾ

ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਝਬਾਲ ਕਸਬੇ ਨੇੜੇ ਸਥਿਤ ਗੁਰਦੁਆਰਾ ਮਾਤਾ ਭਾਗ ਕੌਰ ਜੀ ਦੀ ਹੈ। ਸ਼ਨੀਵਾਰ ਸ਼ਾਮ ਸੰਗਤਾਂ ਮੱਥਾ ਟੇਕਣ ਲਈ ਆ ਰਹੀਆਂ ਸਨ। ਇਸੇ ਦੌਰਾਨ ਇਹ ਔਰਤ ਵੀ ਗੁਰਦੁਆਰੇ ਪਹੁੰਚੀ।
ਉਨ੍ਹਾਂ ਦੱਸਿਆ, “ਔਰਤ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ, ਫਿਰ ਪਰਿਕਰਮਾ ਕਰਨੀ ਸ਼ੁਰੂ ਕੀਤੀ। ਪਰਿਕਰਮਾ ਕਰਦੇ-ਕਰਦੇ ਉਹ ਪ੍ਰਕਾਸ਼ ਸਥਾਨ ਦੇ ਪਿਛਲੇ ਪਾਸੇ ਥੜ੍ਹੇ 'ਤੇ ਚੜ੍ਹ ਗਈ। ਮੌਕੇ 'ਤੇ ਮੌਜੂਦ ਪਾਠੀ ਨੇ ਉਸਨੂੰ ਉਤਰਨ ਲਈ ਕਿਹਾ। ਉੱਥੇ ਮੌਜੂਦ ਇੱਕ ਹੋਰ ਸੰਗਤ ਨੇ ਉਸਦਾ ਹੱਥ ਫੜ ਕੇ ਉਸਨੂੰ ਹੇਠਾਂ ਉਤਾਰ ਲਿਆ।”

ਕ੍ਰਿਪਾਨ ਚੁੱਕਣ ਦੀ ਕੋਸ਼ਿਸ਼ ਦਾ ਦੋਸ਼

ਪਾਠੀ ਨੇ ਦੱਸਿਆ ਕਿ ਔਰਤ ਨੇ ਪ੍ਰਕਾਸ਼ ਸਥਾਨ ਤੋਂ ਰੱਖੀ ਹੋਈ ਕ੍ਰਿਪਾਨ ਚੁੱਕਣ ਦੀ ਵੀ ਕੋਸ਼ਿਸ਼ ਕੀਤੀ। ਡੀ.ਐੱਸ.ਪੀ. ਨੇ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਪੰਜਾਬ ਦੀ ਹੀ ਰਹਿਣ ਵਾਲੀ ਜਾਪਦੀ ਹੈ। ਪੁਲਿਸ ਉਸਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਉਸਦਾ ਮੈਡੀਕਲ ਟੈਸਟ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਰਹੀ ਹੈ।

ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ?

43 ਸਕਿੰਟ ਦੇ ਸੀਸੀਟੀਵੀ ਫੁਟੇਜ ਵਿੱਚ ਤਿੰਨ ਮੁੱਖ ਗੱਲਾਂ ਸਾਫ਼ ਨਜ਼ਰ ਆ ਰਹੀਆਂ ਹਨ:
1.    ਮੱਥਾ ਟੇਕ ਕੇ ਪਰਿਕਰਮਾ ਕਰਨੀ: ਔਰਤ ਪਹਿਲਾਂ ਗੁਰਦੁਆਰੇ ਵਿੱਚ ਮੱਥਾ ਟੇਕਦੀ ਹੈ ਅਤੇ ਫਿਰ ਖੱਬੇ ਪਾਸੇ ਪਰਿਕਰਮਾ ਕਰਨ ਲਈ ਵਧਦੀ ਹੈ।
2.    ਪ੍ਰਕਾਸ਼ ਸਥਾਨ 'ਤੇ ਚੜ੍ਹਨਾ: ਪਰਿਕਰਮਾ ਦੌਰਾਨ ਉਹ ਪ੍ਰਕਾਸ਼ ਸਥਾਨ ਦੇ ਪਿੱਛੇ ਜਾਂਦੀ ਹੈ, ਹੱਥ ਜੋੜਦੀ ਹੈ, ਅੱਗੇ ਵਧ ਜਾਂਦੀ ਹੈ, ਪਰ ਫਿਰ ਵਾਪਸ ਮੁੜ ਕੇ ਪ੍ਰਕਾਸ਼ ਸਥਾਨ ਦੇ ਥੜ੍ਹੇ 'ਤੇ ਚੜ੍ਹ ਜਾਂਦੀ ਹੈ।
3.    ਹੱਥ ਫੜ ਕੇ ਹੇਠਾਂ ਉਤਾਰਨਾ: ਕੁਝ ਸਕਿੰਟ ਖੜ੍ਹੀ ਰਹਿਣ ਤੋਂ ਬਾਅਦ ਪਾਠੀ ਦੀ ਨਜ਼ਰ ਪੈਂਦੀ ਹੈ, ਤਦ ਪਾਠੀ ਦੇ ਕਹਿਣ 'ਤੇ ਇੱਕ ਹੋਰ ਔਰਤ ਉਸਨੂੰ ਹੱਥ ਫੜ ਕੇ ਥੱਲੇ ਲਾਹ ਕੇ ਸੱਜੇ ਪਾਸੇ ਲੈ ਜਾਂਦੀ ਹੈ।

Recent News