Courtesy: @NKReddy07
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਯੂਰਪ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਟੀਮ ਦਾ ਇੱਕ ਅਹਿਮ ਖਿਡਾਰੀ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਸੱਟ ਲੱਗਣ ਕਾਰਨ ਆਇਰਲੈਂਡ ਖ਼ਿਲਾਫ਼ ਹੋਣ ਵਾਲੀ ਦੋ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਹਿੱਸਾ ਨਹੀਂ ਲੈ ਸਕਣਗੇ। ਉਨ੍ਹਾਂ ਦੇ ਬਾਹਰ ਹੋਣ ਨਾਲ ਟੀਮ ਨੂੰ ਵੱਡਾ ਝੱਟਕਾ ਲਗਾ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨਾਲ ਜੁੜੇ ਸੂਤਰਾਂ ਅਨੁਸਾਰ ਨਿਤੀਸ਼ ਕੁਮਾਰ ਰੈੱਡੀ ਨੂੰ ਪੱਟ ਦੀ ਮਾਸਪੇਸ਼ੀ ਵਿੱਚ ਸੱਟ ਆਈ ਹੈ। ਮੈਡੀਕਲ ਟੀਮ ਉਨ੍ਹਾਂ ਦੀ ਹਾਲਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਫਿਲਹਾਲ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਮਾਹਿਰਾ ਦਾ ਕਹਿਣਾ ਹੈ ਕਿ ਅਜਿਹੀਆਂ ਸੱਟਾਂ ਠੀਕ ਹੋਣ ਵਿੱਚ ਸਮਾਂ ਲੱਗ ਸਕਦਾ ਹੈ, ਜਿਸ ਕਾਰਨ ਇੰਗਲੈਂਡ ਦੌਰੇ ਲਈ ਵੀ ਉਨ੍ਹਾਂ ਦੀ ਉਪਲਬਧਤਾ ਅਨਿਸ਼ਚਿਤ ਬਣੀ ਹੋਈ ਹੈ।
ਸ਼੍ਰੇਅਸ ਅਈਅਰ ਦੀ ਕਪਤਾਨੀ ਦੀ ਪਹਿਲੀ ਵੱਡੀ ਪ੍ਰੀਖਿਆ
ਆਇਰਲੈਂਡ ਖ਼ਿਲਾਫ਼ ਇਹ ਟੀ-20 ਸੀਰੀਜ਼ ਨਵੇਂ ਟੀ-20 ਕਪਤਾਨ ਸ਼੍ਰੇਅਸ ਅਈਅਰ ਲਈ ਵੀ ਕਾਫ਼ੀ ਖਾਸ ਰਹੇਗੀ। ਉਹ ਪਹਿਲੀ ਵਾਰ ਇਸ ਫਾਰਮੈਟ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਟੀਮ ਪ੍ਰਬੰਧਨ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਅਤੇ ਕ੍ਰਿਕਟ ਪ੍ਰੇਮੀ ਉਨ੍ਹਾਂ ਦੀ ਕਪਤਾਨੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ।
ਵਰੁਣ ਚਕਰਵਰਤੀ ਵੀ ਨਹੀਂ ਹੋਣਗੇ ਇਸ ਦੌਰੇ ਦਾ ਹਿੱਸਾ
ਨਿਤੀਸ਼ ਰੈੱਡੀ ਤੋਂ ਇਲਾਵਾ ਸਪਿਨ ਗੇਂਦਬਾਜ਼ ਵਰੁਣ ਚਕਰਵਰਤੀ ਵੀ ਇਸ ਦੌਰੇ ਦਾ ਹਿੱਸਾ ਨਹੀਂ ਹੋਣਗੇ। ਉਨ੍ਹਾਂ ਨੂੰ ਆਈਪੀਐਲ 2026 ਦੌਰਾਨ ਖੱਬੇ ਪੈਰ ਵਿੱਚ ਸੱਟ ਲੱਗੀ ਸੀ ਅਤੇ ਉਹ ਅਜੇ ਵੀ ਰੀਹੈਬਿਲੀਟੇਸ਼ਨ ਪ੍ਰਕਿਰਿਆ ਵਿੱਚ ਹਨ। ਇਸ ਸਮੇਂ ਉਹ ਬੈਂਗਲੁਰੂ ਸਥਿਤ ਬੋਰਡ ਦੇ ਸੈਂਟਰ ਆਫ਼ ਐਕਸੀਲੈਂਸ ਵਿੱਚ ਆਪਣੀ ਫਿਟਨੈੱਸ 'ਤੇ ਕੰਮ ਕਰ ਰਹੇ ਹਨ।
ਬੋਰਡ ਦਾ ਮੰਨਣਾ ਹੈ ਕਿ ਅਧੂਰੀ ਫਿਟਨੈੱਸ ਵਾਲੇ ਖਿਡਾਰੀਆਂ ਨੂੰ ਜਲਦਬਾਜ਼ੀ ਵਿੱਚ ਮੈਦਾਨ ਵਿੱਚ ਉਤਾਰਨਾ ਭਵਿੱਖ ਵਿੱਚ ਹੋਰ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
26 ਜੂਨ ਤੋਂ ਸ਼ੁਰੂ ਹੋਵੇਗੀ ਸੀਰੀਜ਼
ਭਾਰਤ ਅਤੇ ਆਇਰਲੈਂਡ ਵਿਚਾਲੇ ਦੋ ਟੀ-20 ਮੈਚਾਂ ਦੀ ਸੀਰੀਜ਼ 26 ਜੂਨ ਤੋਂ ਸ਼ੁਰੂ ਹੋਵੇਗੀ। ਪਹਿਲਾ ਮੁਕਾਬਲਾ ਬੇਲਫਾਸਟ ਦੇ ਸਟਾਰਮੋਂਟ ਕ੍ਰਿਕਟ ਮੈਦਾਨ ਵਿੱਚ ਖੇਡਿਆ ਜਾਵੇਗਾ। ਸੀਰੀਜ਼ ਦਾ ਦੂਜਾ ਅਤੇ ਆਖ਼ਰੀ ਮੁਕਾਬਲਾ 28 ਜੂਨ ਨੂੰ ਇਸੇ ਮੈਦਾਨ ਵਿੱਚ ਹੋਵੇਗਾ। ਇਸ ਤੋਂ ਤੁਰੰਤ ਬਾਅਦ ਭਾਰਤੀ ਟੀਮ ਨੂੰ ਇੰਗਲੈਂਡ ਖ਼ਿਲਾਫ਼ ਪੰਜ ਟੀ-20 ਅਤੇ ਤਿੰਨ ਵਨਡੇ ਮੈਚਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੈ।
ਨਿਤੀਸ਼ ਦੀ ਫਿਟਨੈੱਸ 'ਤੇ ਟਿਕੀਆਂ ਨਜ਼ਰਾਂ
ਹੁਣ ਸਭ ਦੀ ਨਜ਼ਰ ਨਿਤੀਸ਼ ਕੁਮਾਰ ਰੈੱਡੀ ਦੀ ਰਿਕਵਰੀ 'ਤੇ ਰਹੇਗੀ। ਜੇਕਰ ਉਹ ਜਲਦੀ ਫਿਟ ਹੋ ਜਾਂਦੇ ਹਨ ਤਾਂ ਇੰਗਲੈਂਡ ਦੌਰੇ ਲਈ ਉਨ੍ਹਾਂ ਦੀ ਵਾਪਸੀ ਹੋ ਸਕਦੀ ਹੈ। ਟੀਮ ਪ੍ਰਬੰਧਨ ਵੀ ਉਨ੍ਹਾਂ ਦੀ ਸਿਹਤ ਸਬੰਧੀ ਹਰ ਅਪਡੇਟ 'ਤੇ ਧਿਆਨ ਦੇ ਰਿਹਾ ਹੈ।
ਆਇਰਲੈਂਡ ਸੀਰੀਜ਼ ਲਈ ਭਾਰਤੀ ਟੀਮ
ਆਇਰਲੈਂਡ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿੱਚ ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਸ਼ਿਵਮ ਦੁਬੇ, ਤਿਲਕ ਵਰਮਾ (ਉਪ ਕਪਤਾਨ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ, ਵੈਭਵ ਸੂਰਿਆਵੰਸ਼ੀ ਅਤੇ ਪ੍ਰਸਿੱਧ ਕ੍ਰਿਸ਼ਨਾ ਸ਼ਾਮਲ ਹਨ।