Courtesy: @SANDEEPMH07
ਕੈਨੇਡਾ: ਫੀਫਾ ਵਰਲਡ ਕੱਪ 2026 ਦੇ ਕੈਨੇਡਾ ਵਿੱਚ ਹੋਣ ਵਾਲੇ ਮੁਕਾਬਲਿਆਂ ਦੀ ਸ਼ੁਰੂਆਤ ਇਕ ਰੰਗਾਰੰਗ ਸਮਾਰੋਹ ਨਾਲ ਹੋਈ, ਜਿਸ ਵਿੱਚ ਬਾਲੀਵੁੱਡ ਅਦਾਕਾਰਾ ਅਤੇ ਡਾਂਸਿੰਗ ਸਟਾਰ ਨੋਰਾ ਫਤੇਹੀ ਨੇ ਆਪਣੀ ਧਮਾਕੇਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਨਜ਼ਰ ਆਈ। ਟੋਰਾਂਟੋ ਦੇ ਮਸ਼ਹੂਰ ਬੀਐਮਓ ਫੀਲਡ ਸਟੇਡੀਅਮ ਵਿੱਚ ਹੋਏ ਇਸ ਸਮਾਗਮ ਦੌਰਾਨ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰਾ ਮਾਹੌਲ ਸੰਗੀਤ ਅਤੇ ਜੋਸ਼ ਨਾਲ ਭਰ ਗਿਆ।
ਕੈਨੇਡਾ ਵਿੱਚ ਜਨਮੀ ਅਤੇ ਮੋਰੱਕਨ ਮੂਲ ਦੀ ਨੋਰਾ ਫਤੇਹੀ ਲਈ ਇਹ ਮੌਕਾ ਖਾਸ ਸੀ ਕਿਉਂਕਿ ਉਹ ਆਪਣੇ ਜਨਮ ਸਥਾਨ ਵਿੱਚ ਵਿਸ਼ਵ ਕੱਪ ਵਰਗੇ ਵੱਡੇ ਮੰਚ 'ਤੇ ਪ੍ਰਦਰਸ਼ਨ ਕਰ ਰਹੀ ਸੀ। ਉਨ੍ਹਾਂ ਨੇ ਇਸ ਦੌਰਾਨ ਆਪਣਾ ਅਧਿਕਾਰਕ ਫੀਫਾ ਗੀਤ ‘ਸੀਰ ਸੀਰ’ (Siir Siir) ਵੀ ਪਹਿਲੀ ਵਾਰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ।
ਕਈ ਭਾਸ਼ਾਵਾਂ ਦਾ ਸੁੰਦਰ ਮੇਲ ਹੈ ‘ਸੀਰ ਸੀਰ’
ਇਹ ਗੀਤ ਨੋਰਾ ਫਤੇਹੀ ਨੇ ਆਪਣੇ ਸਹਿਯੋਗੀਆਂ ਵੇਗੇਡਰੀਮ ਅਤੇ ਸੰਜੋਏ ਨਾਲ ਮਿਲ ਕੇ ਤਿਆਰ ਕੀਤਾ ਹੈ। ਗੀਤ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਮੋਰੱਕਨ ਦਰਿਜਾ, ਅਰਬੀ, ਫਰੈਂਚ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਸੁੰਦਰ ਮੇਲ ਦੇਖਣ ਨੂੰ ਮਿਲਦਾ ਹੈ।
ਨੋਰਾ ਦਾ ਕਹਿਣਾ ਹੈ ਕਿ ਇਹ ਗਾਣਾ ਉਨ੍ਹਾਂ ਦੀ ਬਹੁ-ਸੱਭਿਆਚਾਰਕ ਪਛਾਣ ਨੂੰ ਦਰਸਾਉਂਦਾ ਹੈ। ਗੀਤ ਦਾ ਨਾਮ ਮੋਰੱਕੋ ਦੇ ਇੱਕ ਪ੍ਰਸਿੱਧ ਫੁੱਟਬਾਲ ਨਾਅਰੇ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ "ਚੱਲੋ ਅੱਗੇ ਵਧੋ" ਜਾਂ "ਗੋ, ਗੋ"। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਲਈ ਇੱਕ ਸਾਂਝਾ ਉਤਸ਼ਾਹ ਭਰਿਆ ਨਾਅਰਾ ਬਣੇਗਾ।
ਪਹਿਲਾਂ ਵੀ ਵਰਲਡ ਕੱਪ ਦਾ ਹਿੱਸਾ ਰਹਿ ਚੁੱਕੀ ਹੈ ਨੋਰਾ
ਦੱਸ ਦੇਇਏ, ਨੋਰਾ ਫਤੇਹੀ ਪਹਿਲੀ ਵਾਰ ਫੀਫਾ ਵਰਲਡ ਕੱਪ ਨਾਲ ਨਹੀਂ ਜੁੜੀ। ਇਸ ਤੋਂ ਪਹਿਲਾਂ ਵੀ ਉਹ ਕਤਰ ਵਿੱਚ ਹੋਏ ਫੀਫਾ ਵਰਲਡ ਕੱਪ 2022 ਦੇ ਸਮਾਪਤੀ ਸਮਾਰੋਹ ਵਿੱਚ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।
ਹਾਲਾਂਕਿ ਇਸ ਵਾਰ ਆਪਣੇ ਹੋਮਟਾਊਨ ਟੋਰਾਂਟੋ ਵਿੱਚ ਲੱਖਾਂ ਪ੍ਰਸ਼ੰਸਕਾਂ ਦੇ ਸਾਹਮਣੇ ਮੰਚ ਸਾਂਝਾ ਕਰਨਾ ਉਨ੍ਹਾਂ ਲਈ ਇੱਕ ਵਿਸ਼ੇਸ਼ ਤਜਰਬਾ ਰਿਹਾ। ਨੋਰਾ ਫਤੇਹੀ ਹੁਣ ਉਨ੍ਹਾਂ ਅੰਤਰਰਾਸ਼ਟਰੀ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ ਜੋ ਫੀਫਾ ਵਰਲਡ ਕੱਪ 2026 ਦੇ ਸੱਭਿਆਚਾਰਕ ਅਤੇ ਸੰਗੀਤਕ ਸਮਾਰੋਹਾਂ ਦਾ ਹਿੱਸਾ ਬਣੇ ਹਨ।
ਹੁਣ ਫੁੱਟਬਾਲ 'ਤੇ ਟਿਕੀਆਂ ਨਜ਼ਰਾਂ
ਮੈਕਸੀਕੋ ਅਤੇ ਕੈਨੇਡਾ ਵਿੱਚ ਹੋਏ ਰੰਗਾਰੰਗ ਉਦਘਾਟਨੀ ਸਮਾਰੋਹਾਂ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਮੈਦਾਨ ਵਿੱਚ ਹੋਣ ਵਾਲੇ ਮੁਕਾਬਲਿਆਂ 'ਤੇ ਟਿਕ ਗਈਆਂ ਹਨ। ਸੰਗੀਤ ਅਤੇ ਮਨੋਰੰਜਨ ਦੇ ਜਸ਼ਨ ਤੋਂ ਬਾਅਦ ਹੁਣ ਫੁੱਟਬਾਲ ਪ੍ਰੇਮੀ ਆਪਣੀਆਂ ਮਨਪਸੰਦ ਟੀਮਾਂ ਨੂੰ ਮੈਦਾਨ ਵਿੱਚ ਖੇਡਦਾ ਦੇਖਣ ਲਈ ਉਤਸੁਕ ਹਨ।
ਉੱਥੇ ਹੀ ਨੋਰਾ ਫਤੇਹੀ ਦੀ ਸ਼ਾਨਦਾਰ ਪੇਸ਼ਕਾਰੀ ਨੇ ਵਰਲਡ ਕੱਪ ਦੇ ਕੈਨੇਡੀਅਨ ਪੜਾਅ ਦੀ ਸ਼ੁਰੂਆਤ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ ਹੈ।