Courtesy: @zaidyyy96
ਨਵੀਂ ਦਿੱਲੀ: ਭਾਰਤ ਅਤੇ ਆਇਰਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲਾ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ, ਜਿਸ ਨਾਲ ਭਾਰਤੀ ਟੀਮ ਦੇ ਨਵੇਂ ਟੀ-20 ਕਪਤਾਨ ਸ਼੍ਰੇਅਸ ਅਈਅਰ ਦੇ ਦੌਰ ਦੀ ਸ਼ੁਰੂਆਤ ਹੋਵੇਗੀ। ਮੈਚ ਤੋਂ ਪਹਿਲਾਂ ਬੈਲਫਾਸਟ ਵਿੱਚ ਹੋਈ ਟੀਮ ਮੀਟਿੰਗ ਦੌਰਾਨ ਸ਼੍ਰੇਅਸ ਅਈਅਰ ਨੇ ਪਹਿਲੀ ਵਾਰ ਕਪਤਾਨ ਵਜੋਂ ਖਿਡਾਰੀਆਂ ਨੂੰ ਸੰਬੋਧਨ ਕੀਤਾ ਅਤੇ ਟੀਮ ਵਿੱਚ ਮਜ਼ਬੂਤ ਸੱਭਿਆਚਾਰ, ਆਪਸੀ ਭਰੋਸੇ ਅਤੇ ਇਕਜੁੱਟਤਾ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਸੂਰਿਆਕੁਮਾਰ ਯਾਦਵ ਦੀ ਥਾਂ ਉਨ੍ਹਾਂ ਨੂੰ ਟੀ-20 ਟੀਮ ਦੀ ਕਮਾਨ ਸੌਂਪੀ ਗਈ ਹੈ ਅਤੇ ਲੰਬੇ ਅਰਸੇ ਬਾਅਦ ਉਹ ਭਾਰਤ ਦੀ ਟੀ-20 ਪਲੇਇੰਗ ਇਲੈਵਨ ਦਾ ਹਿੱਸਾ ਬਣਨ ਜਾ ਰਹੇ ਹਨ।
ਭਾਰਤੀ ਟੀ-20 ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ, "ਆਓ ਅੱਗੇ ਵਧਦੇ ਹੋਏ ਇੱਕ ਮਜ਼ਬੂਤ ਸੱਭਿਆਚਾਰ ਬਣਾਉਣ ਦੀ ਕੋਸ਼ਿਸ਼ ਕਰੀਏ। ਇਹ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮੇਰਾ ਪਹਿਲਾ ਮੌਕਾ ਹੈ, ਅਤੇ ਜਿਵੇਂ ਕਿ ਗੋਤੀ ਭਾਈ ਨੇ ਦੱਸਿਆ, ਇਹ ਨਿਸ਼ਚਤ ਤੌਰ 'ਤੇ ਇੱਕ ਸਨਮਾਨ ਹੈ। ਦੇਸ਼ ਦੀ ਅਗਵਾਈ ਕਰਨਾ ਬਹੁਤ ਮਾਣ ਅਤੇ ਸਤਿਕਾਰ ਦੀ ਗੱਲ ਹੈ। ਇਸ ਲਈ, ਅੱਗੇ ਵਧਦੇ ਹੋਏ, ਮੈਂ ਇੱਕ ਅਜਿਹਾ ਸੱਭਿਆਚਾਰ ਬਣਾਉਣਾ ਚਾਹੁੰਦਾ ਹਾਂ ਜਿੱਥੇ ਅਸੀਂ ਔਖੇ ਸਮੇਂ ਵਿੱਚ ਇੱਕ ਦੂਜੇ ਦਾ ਸਮਰਥਨ ਅਤੇ ਰੱਖਿਆ ਕਰੀਏ, ਅਤੇ ਸਭ ਤੋਂ ਮਹੱਤਵਪੂਰਨ ਜਦੋਂ ਅਸੀਂ ਮੈਦਾਨ 'ਤੇ ਹੁੰਦੇ ਹਾਂ, ਤਾਂ ਅਸੀਂ ਖੇਡ ਦਾ ਪੂਰਾ ਆਨੰਦ ਮਾਣਦੇ ਹਾਂ।"
ਉਸਨੇ ਅੱਗੇ ਕਿਹਾ, "ਇਹ ਇੱਕ ਸ਼ਾਨਦਾਰ ਮੌਕਾ ਹੈ ਅਤੇ ਅਸੀਂ ਇੱਕ ਪਰਿਵਾਰ ਹਾਂ। ਆਓ ਅਸੀਂ ਸ਼ੇਰਾਂ ਵਾਂਗ ਖੇਡੀਏ ਅਤੇ ਹਰ ਮੈਚ ਨੂੰ ਇਸ ਮਾਨਸਿਕਤਾ ਨਾਲ ਵੇਖੀਏ ਕਿ ਅਸੀਂ ਜਿੱਤਣ ਜਾ ਰਹੇ ਹਾਂ। ਸਾਨੂੰ ਇੱਕ ਅਜਿਹਾ ਮਾਹੌਲ ਬਣਾਉਣ ਦੀ ਜ਼ਰੂਰਤ ਹੈ ਜਿੱਥੇ ਅਸੀਂ ਇੱਕ ਦੂਜੇ ਦੇ ਮਨੋਬਲ ਨੂੰ ਵਧਾਏ ਅਤੇ ਇੱਕ ਦੂਜੇ ਦੀ ਸਫਲਤਾ ਦਾ ਜਸ਼ਨ ਮਨਾਈਏ।"
ਸ਼੍ਰੇਅਸ ਅਤੇ ਤਿਲਕ ਲਈ ਜ਼ਿੰਮੇਵਾਰੀ
ਇਸ ਦੌਰੇ ਨਾਲ ਸ਼੍ਰੇਅਸ ਅਈਅਰ ਦੀ ਟੀ-20 ਕਪਤਾਨੀ ਦੀ ਅਧਿਕਾਰਕ ਸ਼ੁਰੂਆਤ ਹੋ ਰਹੀ ਹੈ। ਸੂਰਿਆਕੁਮਾਰ ਯਾਦਵ ਦੀ ਗੈਰਹਾਜ਼ਰੀ ਵਿੱਚ ਚੋਣਕਾਰਾਂ ਨੇ ਟੀਮ ਦੀ ਕਮਾਨ ਸ਼੍ਰੇਅਸ ਨੂੰ ਸੌਂਪੀ ਹੈ। ਸ਼੍ਰੇਅਸ ਨੇ ਭਾਰਤ ਲਈ ਆਪਣਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਦਸੰਬਰ 2023 ਵਿੱਚ ਖੇਡਿਆ ਸੀ, ਪਰ ਕਪਤਾਨ ਵਜੋਂ ਉਨ੍ਹਾਂ ਕੋਲ ਵੱਡਾ ਤਜਰਬਾ ਹੈ। ਉਹ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ 2024 ਦਾ ਖਿਤਾਬ ਜਿਤਾ ਚੁੱਕੇ ਹਨ ਅਤੇ ਇਸ ਤੋਂ ਬਾਅਦ ਪੰਜਾਬ ਕਿੰਗਜ਼ ਨੂੰ ਵੀ 2025 ਵਿੱਚ ਫਾਈਨਲ ਤੱਕ ਪਹੁੰਚਾਉਣ ਵਿੱਚ ਸਫਲ ਰਹੇ ਸਨ।
ਇਸ ਸੀਰੀਜ਼ ਲਈ ਤਿਲਕ ਵਰਮਾ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਉਨ੍ਹਾਂ ਨੇ ਇਹ ਜ਼ਿੰਮੇਵਾਰੀ ਅਕਸ਼ਰ ਪਟੇਲ ਤੋਂ ਸੰਭਾਲੀ ਹੈ। ਅਕਸ਼ਰ ਪਟੇਲ ਇਸ ਦੌਰੇ ਲਈ ਟੀਮ ਦਾ ਹਿੱਸਾ ਹਨ, ਪਰ ਉਪ-ਕਪਤਾਨੀ ਦੀ ਭੂਮਿਕਾ ਹੁਣ ਤਿਲਕ ਵਰਮਾ ਨਿਭਾਉਣਗੇ। ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਨਵੀਂ ਲੀਡਰਸ਼ਿਪ ਹੇਠ ਭਾਰਤੀ ਟੀਮ ਆਇਰਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਇੰਗਲੈਂਡ ਦੌਰੇ ਤੋਂ ਪਹਿਲਾਂ ਜਿੱਤ ਨਾਲ ਆਪਣਾ ਆਤਮਵਿਸ਼ਵਾਸ ਹੋਰ ਮਜ਼ਬੂਤ ਕਰੇਗੀ।