ਅਕਸਰ ਲੋਕ ਕਿਸੇ ਬੈਂਕ ਖਾਤੇ ਵਿੱਚ ਜਮ੍ਹਾਂ ਰਕਮ, ਪੁਰਾਣੀ ਬੀਮਾ ਪਾਲਿਸੀ, ਸ਼ੇਅਰਾਂ ਦੇ ਲਾਭਾਂਸ਼ ਜਾਂ ਮਿਊਚੁਅਲ ਫੰਡ ਵਿੱਚ ਨਿਵੇਸ਼ ਕੀਤਾ ਪੈਸਾ ਭੁੱਲ ਜਾਂਦੇ ਹਨ। ਕਈ ਸਾਲਾਂ ਤੱਕ ਇਹ ਰਕਮ ਬਿਨਾਂ ਦਾਅਵੇ ਦੇ ਪਈ ਰਹਿੰਦੀ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ਨੇ ‘ਕਾਮਨ ਲੈਂਡਿੰਗ ਪੋਰਟਲ ਫਾਰ ਅਨਕਲੇਮਡ ਫਾਇਨੈਂਸ਼ਲ ਐਸੈਟਸ’ ਲਾਂਚ ਕੀਤਾ ਹੈ।
ਇਸ ਪੋਰਟਲ ਰਾਹੀਂ ਹੁਣ ਕੋਈ ਵੀ ਨਾਗਰਿਕ ਆਪਣੇ ਜਾਂ ਆਪਣੇ ਪਰਿਵਾਰ ਨਾਲ ਸਬੰਧਤ ਅਜਿਹੀ ਰਕਮ ਦਾ ਪਤਾ ਲਗਾ ਸਕਦਾ ਹੈ, ਜਿਸ 'ਤੇ ਲੰਬੇ ਸਮੇਂ ਤੋਂ ਕਿਸੇ ਨੇ ਦਾਅਵਾ ਨਹੀਂ ਕੀਤਾ।
ਪਹਿਲਾਂ ਲੋਕਾਂ ਨੂੰ ਪੁਰਾਣੇ ਬੈਂਕ ਖਾਤਿਆਂ, ਫਿਕਸਡ ਡਿਪਾਜ਼ਿਟਾਂ ਜਾਂ ਬੀਮਾ ਪਾਲਿਸੀਆਂ ਦੀ ਜਾਣਕਾਰੀ ਲੈਣ ਲਈ ਵੱਖ-ਵੱਖ ਸੰਸਥਾਵਾਂ ਦੇ ਦਫ਼ਤਰਾਂ ਜਾਂ ਵੈੱਬਸਾਈਟਾਂ 'ਤੇ ਜਾਣਾ ਪੈਂਦਾ ਸੀ। ਹੁਣ ਇਹ ਸਾਰਾ ਕੰਮ ਇੱਕੋ ਪਲੇਟਫਾਰਮ 'ਤੇ ਕੀਤਾ ਜਾ ਸਕੇਗਾ।
ਇਸ ਪੋਰਟਲ ਰਾਹੀਂ ਬੈਂਕ ਖਾਤੇ, ਬੀਮਾ ਪਾਲਿਸੀਆਂ, ਮਿਊਚੁਅਲ ਫੰਡ, ਸ਼ੇਅਰਾਂ ਦੇ ਡਿਵਿਡੈਂਡ ਅਤੇ ਹੋਰ ਵਿੱਤੀ ਸੰਪਤੀਆਂ ਬਾਰੇ ਜਾਣਕਾਰੀ ਇੱਕ ਹੀ ਥਾਂ ਉਪਲਬਧ ਹੋਵੇਗੀ। ਇਸ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਪ੍ਰਕਿਰਿਆ ਵੀ ਆਸਾਨ ਹੋਵੇਗੀ।
ਇਸ ਮਹੱਤਵਪੂਰਨ ਪੋਰਟਲ ਨੂੰ ਪਬਲਿਕ ਸੈਕਟਰ ਬੈਂਕ ਅਲਾਇੰਸ (PSBA) ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਹ ਅਲਾਇੰਸ ਦੇਸ਼ ਦੇ 12 ਵੱਡੇ ਸਰਕਾਰੀ ਬੈਂਕਾਂ ਦਾ ਸਾਂਝਾ ਸੰਗਠਨ ਹੈ।
ਵਿੱਤੀ ਸੇਵਾ ਵਿਭਾਗ ਅਤੇ ਸਰਕਾਰੀ ਬੈਂਕਾਂ ਨੇ ਮਿਲ ਕੇ ਇਹ ਯਕੀਨੀ ਬਣਾਇਆ ਹੈ ਕਿ ਲੋਕਾਂ ਨੂੰ ਇੱਕ ਪਾਰਦਰਸ਼ੀ ਅਤੇ ਨਾਗਰਿਕ-ਕੇਂਦਰਿਤ ਪ੍ਰਣਾਲੀ ਮਿਲੇ, ਜਿਸ ਨਾਲ ਉਹ ਆਪਣੀ ਵਿੱਤੀ ਸੰਪਤੀ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣ।
ਵਿੱਤੀ ਸੇਵਾ ਵਿਭਾਗ ਦੇ ਸਕੱਤਰ ਐਮ. ਨਾਗਰਾਜੂ ਨੇ ਕਿਹਾ ਕਿ ਇਸ ਪੋਰਟਲ ਦਾ ਮੁੱਖ ਉਦੇਸ਼ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਪ੍ਰਦਾਨ ਕਰਨਾ ਹੈ। ਵੱਖ-ਵੱਖ ਥਾਵਾਂ 'ਤੇ ਖਿਲਰੀਆਂ ਖੋਜ ਸੇਵਾਵਾਂ ਨੂੰ ਇੱਕੋ ਪਲੇਟਫਾਰਮ 'ਤੇ ਲਿਆਉਣ ਨਾਲ ਲੋਕਾਂ ਦੀ ਮਿਹਨਤ ਅਤੇ ਸਮੇਂ ਦੀ ਬਚਤ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਪਹਿਲ ਉਹਨਾਂ ਲੋਕਾਂ ਨੂੰ ਮੁੜ ਆਪਣੇ ਵਿੱਤੀ ਹੱਕਾਂ ਨਾਲ ਜੋੜਨ ਦੀ ਕੋਸ਼ਿਸ਼ ਹੈ, ਜੋ ਕਿਸੇ ਕਾਰਨ ਆਪਣੀ ਹੀ ਜਮ੍ਹਾਂ ਪੂੰਜੀ ਤੋਂ ਦੂਰ ਹੋ ਗਏ ਸਨ।
ਨਵੇਂ ਪੋਰਟਲ ਦੀ ਮਦਦ ਨਾਲ ਹੁਣ ਕੋਈ ਵੀ ਵਿਅਕਤੀ ਬਿਨਾਂ ਕਿਸੇ ਔਖੇਪਣ ਦੇ ਇਹ ਜਾਂਚ ਸਕਦਾ ਹੈ ਕਿ ਉਸਦੇ ਨਾਮ 'ਤੇ ਕੋਈ ਲਾਵਾਰਿਸ ਫੰਡ ਜਾਂ ਵਿੱਤੀ ਸੰਪਤੀ ਮੌਜੂਦ ਹੈ ਜਾਂ ਨਹੀਂ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਦੇਸ਼ ਦੇ ਵਿੱਤੀ ਖੇਤਰ ਵਿੱਚ ਪਾਰਦਰਸ਼ਤਾ ਅਤੇ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰੇਗਾ।