ਮਹਾਰਾਸ਼ਟਰ ਹਾਉਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ MHADA ਦੀ ਹਾਉਸਿੰਗ ਲਾਟਰੀ ਇਸ ਸਮੇਂ ਕਾਫ਼ੀ ਚਰਚਾ ਵਿੱਚ ਹੈ। ਮੁੰਬਈ ਵਰਗੇ ਮਹਿੰਗੇ ਸ਼ਹਿਰ ਵਿੱਚ ਘੱਟ ਕੀਮਤ ‘ਤੇ ਫਲੈਟ ਮਿਲਣ ਦੀ ਉਮੀਦ ਨੇ ਮੱਧ ਵਰਗ ਅਤੇ ਨੌਕਰੀਪੇਸ਼ਾ ਲੋਕਾਂ ਵਿੱਚ ਖਾਸ ਉਤਸ਼ਾਹ ਪੈਦਾ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ 2640 ਫਲੈਟਾਂ ਲਈ 82 ਹਜ਼ਾਰ ਤੋਂ ਵੱਧ ਲੋਕ ਅਰਜ਼ੀਆਂ ਦੇ ਚੁੱਕੇ ਹਨ। ਕਈ ਲੋਕ ਇਸ ਸਕੀਮ ਨੂੰ ਆਪਣੇ ਸੁਪਨਿਆਂ ਦਾ ਘਰ ਖਰੀਦਣ ਦਾ ਵੱਡਾ ਮੌਕਾ ਮੰਨ ਰਹੇ ਹਨ।
MHADA ਦੀ ਅਧਿਕਾਰਕ ਵੈਬਸਾਈਟ ‘ਤੇ ਅਰਜ਼ੀ ਪ੍ਰਕਿਰਿਆ ਜਾਰੀ ਹੈ ਅਤੇ ਇਸ ਦੀ ਆਖ਼ਰੀ ਤਾਰੀਖ 28 ਮਈ ਰੱਖੀ ਗਈ ਹੈ। ਪਹਿਲਾਂ ਇਹ ਤਾਰੀਖ 14 ਮਈ ਸੀ ਪਰ ਲੋਕਾਂ ਦੀ ਭਾਰੀ ਰੁਚੀ ਨੂੰ ਦੇਖਦੇ ਹੋਏ ਇਸ ਨੂੰ ਅੱਗੇ ਵਧਾ ਦਿੱਤਾ ਗਿਆ। ਇੱਛੁਕ ਉਮੀਦਵਾਰ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀ ਲਈ ਆਧਾਰ ਕਾਰਡ, ਪੈਨ ਕਾਰਡ, ਇਨਕਮ ਸਰਟੀਫਿਕੇਟ, ਡੋਮਿਸਾਇਲ ਅਤੇ ITR ਵਰਗੇ ਦਸਤਾਵੇਜ਼ ਲਾਜ਼ਮੀ ਹਨ। ਵਿਆਹਸ਼ੁਦਾ ਲੋਕਾਂ ਨੂੰ ਆਪਣੇ ਜੀਵਨਸਾਥੀ ਦੇ ਦਸਤਾਵੇਜ਼ ਵੀ ਜਮ੍ਹਾਂ ਕਰਵਾਉਣੇ ਪੈਣਗੇ।
ਇਸ ਸਕੀਮ ਤਹਿਤ ਵਿਕਰੋਲੀ, ਬੋਰੀਵਲੀ, ਗੋਰੇਗਾਂਵ, ਚੇਂਬੂਰ, ਘਾਟਕੋਪਰ, ਵਡਾਲਾ, ਪਵਈ ਅਤੇ ਦਾਦਰ ਵਰਗੇ ਇਲਾਕਿਆਂ ਵਿੱਚ ਫਲੈਟ ਦਿੱਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕਈ ਘਰ ਅਜੇ ਵੀ ਨਿਰਮਾਣ ਅਧੀਨ ਹਨ। ਅੰਕੜਿਆਂ ਮੁਤਾਬਕ ਕੁੱਲ 2640 ਘਰਾਂ ਵਿੱਚੋਂ ਲਗਭਗ 66 ਫੀਸਦੀ ਫਲੈਟ ਅਜੇ ਤਿਆਰ ਹੋ ਰਹੇ ਹਨ। ਸਭ ਤੋਂ ਵੱਧ ਫਲੈਟ ਵਿਕਰੋਲੀ ਇਲਾਕੇ ਵਿੱਚ ਹਨ।
MHADA ਲਾਟਰੀ ਵਿੱਚ ਸਭ ਤੋਂ ਸਸਤੇ ਫਲੈਟ ਮਾਨਖੁਰਦ ਇਲਾਕੇ ਵਿੱਚ ਹਨ ਜਿਨ੍ਹਾਂ ਦੀ ਕੀਮਤ ਲਗਭਗ 29 ਲੱਖ ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਗੋਰੇਗਾਂਵ ਵਿੱਚ 300 ਸਕਵੇਅਰ ਫੁੱਟ ਵਾਲੇ ਫਲੈਟ ਕਰੀਬ 32 ਲੱਖ ਰੁਪਏ ਵਿੱਚ ਮਿਲ ਰਹੇ ਹਨ। ਦੂਜੇ ਪਾਸੇ HIG ਕੈਟੇਗਰੀ ਦੇ ਸਭ ਤੋਂ ਮਹਿੰਗੇ ਫਲੈਟ ਦੱਖਣੀ ਮੁੰਬਈ ਦੇ ਤਾਰਦੇਵ ਇਲਾਕੇ ਵਿੱਚ ਹਨ ਜਿਨ੍ਹਾਂ ਦੀ ਕੀਮਤ 6.82 ਕਰੋੜ ਰੁਪਏ ਤੱਕ ਹੈ।
MHADA ਮੁਤਾਬਕ 10 ਜੂਨ ਨੂੰ ਅਰਜ਼ੀਕਾਰਾਂ ਦੀ ਪ੍ਰੋਵਿਜ਼ਨਲ ਲਿਸਟ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ 12 ਜੂਨ ਤੱਕ ਲੋਕ ਆਪਣੀਆਂ ਅਪਤੀਆਂ ਜਾਂ ਦਾਅਵੇ ਦਰਜ ਕਰਵਾ ਸਕਣਗੇ। ਫਾਈਨਲ ਲਿਸਟ 16 ਜੂਨ ਨੂੰ ਜਾਰੀ ਹੋਵੇਗੀ। ਇਸ ਤੋਂ ਬਾਅਦ ਕੰਪਿਊਟਰਾਈਜ਼ਡ ਡ੍ਰਾ ਦੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਕੁਝ ਫਲੈਟਾਂ ਦੀਆਂ ਕੀਮਤਾਂ ਵਿੱਚ ਕਟੌਤੀ ਵੀ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਘਰ ਖਰੀਦ ਸਕਣ।