menu-icon
Punjabi Story Line
  • Home
  • News
  • Business
  • ਰੀਅਲ ਐਸਟੇਟ ਸੈਕਟਰ ਨੂੰ ਵੱਡਾ ਝਟਕਾ, ਦੇਸ਼ ਦੇ ਟਾਪ ਸ਼ਹਿਰਾਂ ਵਿੱਚ ਘਰਾਂ ਦੀ ਵਿਕਰੀ ਵਿੱਚ ਭਾਰੀ ਗਿਰਾਵਟ

ਰੀਅਲ ਐਸਟੇਟ ਸੈਕਟਰ ਨੂੰ ਵੱਡਾ ਝਟਕਾ, ਦੇਸ਼ ਦੇ ਟਾਪ ਸ਼ਹਿਰਾਂ ਵਿੱਚ ਘਰਾਂ ਦੀ ਵਿਕਰੀ ਵਿੱਚ ਭਾਰੀ ਗਿਰਾਵਟ

ਦੇਸ਼ ਦੇ ਰੀਅਲ ਐਸਟੇਟ ਸੈਕਟਰ ਨੂੰ ਵੱਡਾ ਝਟਕਾ ਲੱਗਿਆ ਹੈ। ਰੀਅਲ ਐਸਟੇਟ ਕਨਸਲਟੈਂਸੀ ANAROCK ਦੀ ਨਵੀਂ ਰਿਪੋਰਟ ਮੁਤਾਬਕ ਅਪ੍ਰੈਲ ਤੋਂ ਜੂਨ 2026 ਦੀ ਤਿਮਾਹੀ ਦੌਰਾਨ ਦੇਸ਼ ਦੇ ਸੱਤ ਪ੍ਰਮੁੱਖ ਸ਼ਹਿਰਾਂ ਵਿੱਚ ਰਿਹਾਇਸ਼ੀ ਘਰਾਂ ਦੀ ਵਿਕਰੀ ਵਿੱਚ 6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵਧਦੀਆਂ ਜਾਇਦਾਦ ਦੀਆਂ ਕੀਮਤਾਂ, ਵਿਸ਼ਵ ਪੱਧਰੀ ਅਣਿਸ਼ਚਿਤਤਾ ਅਤੇ ਖਰੀਦਦਾਰਾਂ ਦੀ ਸਾਵਧਾਨੀ ਇਸ ਗਿਰਾਵਟ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ।

Date Updated Last Updated : 29 June 2026, 04:37 PM IST
Share:

ANAROCK ਦੀ ਰਿਪੋਰਟ ਅਨੁਸਾਰ ਮੁੰਬਈ ਮੈਟਰੋਪੋਲਿਟਨ ਰੀਜਨ (MMR), ਦਿੱਲੀ-ਐਨਸੀਆਰ, ਪੁਣੇ, ਬੈਂਗਲੁਰੂ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਵਿੱਚ ਇਸ ਤਿਮਾਹੀ ਦੌਰਾਨ ਕੁੱਲ 90,715 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ। ਪਿਛਲੇ ਸਾਲ ਇਸੇ ਸਮੇਂ ਇਹ ਅੰਕੜਾ 96,285 ਯੂਨਿਟਾਂ ਸੀ। ਇਸ ਤੋਂ ਸਾਫ਼ ਹੈ ਕਿ ਉੱਚੀਆਂ ਕੀਮਤਾਂ ਕਾਰਨ ਕਈ ਲੋਕਾਂ ਨੇ ਘਰ ਖਰੀਦਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ।

ਮਕਾਨਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ

ਰਿਪੋਰਟ ਮੁਤਾਬਕ ਸੱਤਾਂ ਸ਼ਹਿਰਾਂ ਵਿੱਚ ਘਰਾਂ ਦੀਆਂ ਔਸਤ ਕੀਮਤਾਂ ਸਾਲਾਨਾ ਅਧਾਰ 'ਤੇ 7 ਫੀਸਦੀ ਵਧੀਆਂ ਹਨ। ਸਭ ਤੋਂ ਵੱਧ ਵਾਧਾ ਦਿੱਲੀ-ਐਨਸੀਆਰ ਵਿੱਚ ਦਰਜ ਕੀਤਾ ਗਿਆ, ਜਿੱਥੇ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ਵਿੱਚ 13 ਫੀਸਦੀ ਦਾ ਇਜ਼ਾਫ਼ਾ ਹੋਇਆ। ਵਧਦੀਆਂ ਕੀਮਤਾਂ ਕਾਰਨ ਮੱਧ ਵਰਗ ਦੇ ਖਰੀਦਦਾਰਾਂ 'ਤੇ ਵਾਧੂ ਵਿੱਤੀ ਦਬਾਅ ਬਣਿਆ ਹੈ।

ਪੱਛਮੀ ਏਸ਼ੀਆ ਸੰਕਟ ਦਾ ਵੀ ਪਿਆ ਅਸਰ

ANAROCK ਦੇ ਚੇਅਰਮੈਨ ਅਨੁਜ ਪੂਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਆਈਟੀ/ਆਈਟੀਈਐਸ ਖੇਤਰ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਨਾਲ ਜੁੜੀ ਅਣਿਸ਼ਚਿਤਤਾ ਨੇ ਵੀ ਰੀਅਲ ਐਸਟੇਟ ਮਾਰਕੀਟ ਨੂੰ ਪ੍ਰਭਾਵਿਤ ਕੀਤਾ ਹੈ। ਬਹੁਤ ਸਾਰੇ ਖਰੀਦਦਾਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਆਪਣਾ ਨਿਵੇਸ਼ ਫਿਲਹਾਲ ਰੋਕ ਰਹੇ ਹਨ ਅਤੇ ਮਾਰਕੀਟ ਦੇ ਹੋਰ ਸਥਿਰ ਹੋਣ ਦੀ ਉਡੀਕ ਕਰ ਰਹੇ ਹਨ।

ਨਵੀਆਂ ਹਾਊਸਿੰਗ ਪ੍ਰੋਜੈਕਟਾਂ ਵਿੱਚ ਆਇਆ ਵਾਧਾ

ਦਿਲਚਸਪ ਗੱਲ ਇਹ ਹੈ ਕਿ ਵਿਕਰੀ ਵਿੱਚ ਕਮੀ ਦੇ ਬਾਵਜੂਦ ਨਵੇਂ ਹਾਊਸਿੰਗ ਪ੍ਰੋਜੈਕਟਾਂ ਦੀ ਸਪਲਾਈ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਅਪ੍ਰੈਲ-ਜੂਨ ਤਿਮਾਹੀ ਦੌਰਾਨ ਨਵੀਆਂ ਰਿਹਾਇਸ਼ੀ ਯੂਨਿਟਾਂ ਦੀ ਸਪਲਾਈ 7 ਫੀਸਦੀ ਵਧ ਕੇ 1,06,000 ਯੂਨਿਟਾਂ ਤੱਕ ਪਹੁੰਚ ਗਈ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ ਅੰਕੜਾ 98,625 ਯੂਨਿਟਾਂ ਸੀ। ਇਸ ਤੋਂ ਸਪੱਸ਼ਟ ਹੈ ਕਿ ਡਿਵੈਲਪਰਾਂ ਨੂੰ ਭਵਿੱਖ ਵਿੱਚ ਮੰਗ ਵਧਣ ਦੀ ਉਮੀਦ ਹੈ।

ਪ੍ਰੀਮੀਅਮ ਸੈਗਮੈਂਟ ਵਿੱਚ ਬਣੀ ਹੋਈ ਹੈ ਮੰਗ

ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਰਿਹਾਇਸ਼ੀ ਮੰਗ ਮੁੱਖ ਤੌਰ 'ਤੇ ਪ੍ਰੀਮੀਅਮ ਹਾਊਸਿੰਗ, ਗਲੋਬਲ ਕੈਪੇਬਿਲਿਟੀ ਸੈਂਟਰ (GCC) ਵਾਲੇ ਰੋਜ਼ਗਾਰ ਕੇਂਦਰਾਂ ਅਤੇ ਬਿਹਤਰ ਬੁਨਿਆਦੀ ਢਾਂਚੇ ਵਾਲੇ ਇਲਾਕਿਆਂ ਤੱਕ ਸੀਮਿਤ ਹੋ ਰਹੀ ਹੈ। ਜੇਕਰ ਆਰਥਿਕ ਹਾਲਾਤ ਸਥਿਰ ਰਹਿੰਦੇ ਹਨ ਅਤੇ ਵਿਆਜ ਦਰਾਂ ਵਿੱਚ ਰਾਹਤ ਮਿਲਦੀ ਹੈ, ਤਾਂ ਆਉਣ ਵਾਲੇ ਮਹੀਨਿਆਂ ਵਿੱਚ ਰੀਅਲ ਐਸਟੇਟ ਮਾਰਕੀਟ ਵਿੱਚ ਦੁਬਾਰਾ ਤੇਜ਼ੀ ਆ ਸਕਦੀ ਹੈ।

Tags :

Recent News