ਅਮਰੀਕਾ 'ਚ ਨਸ਼ੇ ਖਾਤਰ ਚੱਲੀਆਂ ਗੋਲੀਆਂ, 3 ਦੀ ਮੌਤ
ਅਟਲਾਂਟਾ ਸ਼ਹਿਰ 'ਚ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇੱਕ ਵਿਅਕਤੀ ਜਖ਼ਮੀ ਵੀ ਹੋ ਗਿਆ, ਜਿਸਨੂੰ ਹਸਪਤਾਲ ਦਾਖਲ ਕਰਾਇਆ ਗਿਆ।
Last Updated :
10 December 2023, 10:39 PM IST
ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਏ ਦਿਨ ਅਮਰੀਕਾ ਦੇ ਕਿਸੇ ਨਾ ਕਿਸੇ ਸ਼ਹਿਰ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ, ਜਦਕਿ ਅਪਰਾਧੀ ਨਿਡਰ ਹਨ। ਅਮਰੀਕੀ ਪੁਲਿਸ ਲਈ ਅਪਰਾਧੀ ਲਗਾਤਾਰ ਚੁਣੌਤੀ ਬਣ ਰਹੇ ਹਨ। ਅਪਰਾਧੀਆਂ ਦੇ ਮਨਾਂ ਵਿੱਚ ਪੁਲਿਸ ਦਾ ਕੋਈ ਡਰ ਦਿਖਾਈ ਨਹੀਂ ਦੇ ਰਿਹਾ। ਤਾਜ਼ਾ ਘਟਨਾ ਅਮਰੀਕਾ ਦੇ ਅਟਲਾਂਟਾ ਸ਼ਹਿਰ ਵਾਪਰੀ, ਜਿੱਥੇ ਸ਼ਨੀਵਾਰ ਸ਼ਾਮ ਨੂੰ ਅਪਰਾਧੀਆਂ ਨੇ ਕਈ ਲੋਕਾਂ 'ਤੇ ਗੋਲੀਬਾਰੀ ਕੀਤੀ। ਇਸ ਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ।
ਹਮਲਾਵਰਾਂ ਦੀ ਪਛਾਣ ਨਹੀਂ ਹੋਈ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਅਟਲਾਂਟਾ ਪੁਲਿਸ ਵਿਭਾਗ ਨੇ ਕਿਹਾ ਕਿ ਅਧਿਕਾਰੀਆਂ ਨੂੰ ਪੀਚਟਰੀ ਰੋਡ 'ਤੇ ਸ਼ਾਮ 6:25 ਵਜੇ ਦੇ ਕਰੀਬ ਗੋਲੀ ਚੱਲਣ ਦੀ ਰਿਪੋਰਟ ਮਿਲੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੁਲਿਸ ਨੇ ਦੱਸਿਆ ਕਿ ਤਿੰਨ ਲੋਕਾਂ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਚੌਥੇ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਮਰੀਕਾ ਦੀ ਅਟਲਾਂਟਾ ਪੁਲਿਸ ਹਮਲਾਵਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ। ਹਮਲਾਵਰ ਕੌਣ ਸਨ ਅਤੇ ਕਿੱਥੋਂ ਆਏ ਸਨ, ਇਸ ਬਾਰੇ ਪੁਲਿਸ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕੀ।
ਨਸ਼ੀਲੇ ਪਦਾਰਥਾਂ ਦੇ ਲੈਣ-ਦੇਣ ਦਾ ਸ਼ੱਕ
ਮੇਜਰ ਪੀਟਰ ਮਾਲੇਕੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਪਰਾਧੀਆਂ ਨੂੰ ਨਸ਼ੀਲੇ ਪਦਾਰਥਾਂ ਦਾ ਆਦਾਨ-ਪ੍ਰਦਾਨ ਕਰਨ ਲਈ ਬੁਲਾਇਆ ਗਿਆ ਸੀ। ਇਹ ਕਿਸੇ ਕਿਸਮ ਦਾ ਨਸ਼ੀਲੇ ਪਦਾਰਥਾਂ ਦਾ ਲੈਣ-ਦੇਣ ਸੀ ਜੋ ਅਪਾਰਟਮੈਂਟ ਦੇ ਅੰਦਰ ਹੋ ਰਿਹਾ ਸੀ।ਮੇਜਰ ਮਾਲੇਕੀ ਨੇ ਕਿਹਾ ਕਿ ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਹੈਂਡਗਨ ਬਰਾਮਦ ਕੀਤਾ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੈਂਡਗਨ ਦੀ ਜਾਂਚ ਕਰਨ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਗੋਲੀਬਾਰੀ ਵਿੱਚ ਕਿਹੜਾ ਹਥਿਆਰ ਸ਼ਾਮਲ ਸੀ।