ਜਾਰਡਨ ਵਿੱਚ ਅਮਰੀਕੀ ਫੌਜੀ ਅੱਡੇ 'ਤੇ ਹੋਏ ਈਰਾਨੀ ਮਿਜ਼ਾਈਲ ਹਮਲੇ ਤੋਂ ਬਾਅਦ ਅਮਰੀਕਾ ਨੇ ਵੱਡਾ ਬਦਲਾ ਲੈਂਦਿਆਂ ਈਰਾਨ ਵਿੱਚ ਕਈ ਰਣਨੀਤਕ ਠਿਕਾਣਿਆਂ 'ਤੇ ਤੀਬਰ ਹਵਾਈ ਕਾਰਵਾਈ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਪੁਸ਼ਟੀ ਕੀਤੀ ਕਿ ਇਹ ਹਮਲੇ 30 ਜੁਲਾਈ ਦੀ ਸਵੇਰ ਨੂੰ ਕੀਤੇ ਗਏ, ਜੋ ਪਿਛਲੇ ਦਿਨ ਜਾਰਡਨ ਵਿੱਚ ਅਮਰੀਕੀ ਠਿਕਾਣਿਆਂ 'ਤੇ ਮਿਜ਼ਾਈਲ ਦਾਗੇ ਜਾਣ ਦੀ ਕਾਰਵਾਈ ਦੇ ਸਿੱਟੇ ਵਜੋਂ ਕੀਤੇ ਗਏ।
ਹਮਲਿਆਂ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਸੰਕੇਤ ਦਿੱਤੇ ਸਨ ਕਿ ਈਰਾਨ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਓਵਲ ਆਫਿਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ, "ਹੁਣ ਸਾਡੀ ਵਾਰੀ ਹੈ। ਅਸੀਂ ਉਨ੍ਹਾਂ 'ਤੇ ਬਹੁਤ ਭਾਰੀ ਹਮਲਾ ਕਰਾਂਗੇ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹਾ ਹੋਣਾ ਹੈ।" ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਨੇ ਆਪਣੀ ਮਿਜ਼ਾਈਲ ਲਾਂਚ ਨੂੰ ਗਲਤੀ ਕਰਾਰ ਦਿੱਤਾ ਹੈ ਅਤੇ ਉਸ ਨੇ ਅਮਰੀਕਾ ਕੋਲ ਜਵਾਬੀ ਹਮਲਾ ਨਾ ਕਰਨ ਦੀ ਬੇਨਤੀ ਵੀ ਕੀਤੀ ਸੀ, ਪਰ ਅਮਰੀਕਾ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।
ਅਮਰੀਕੀ ਫੌਜ ਦਾ ਇਹ ਤਾਜ਼ਾ ਹਮਲਾ ਕਰੀਬ ਪੰਜ ਦਿਨਾਂ ਦੇ ਰੁਕਾਅ ਤੋਂ ਬਾਅਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕੀ ਸੈਨਿਕ ਲਗਾਤਾਰ 13 ਦਿਨਾਂ ਤੱਕ ਈਰਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਚੁੱਕੇ ਸਨ। ਕੁਝ ਦਿਨਾਂ ਦੀ ਅਸਥਾਈ ਖਾਮੋਸ਼ੀ ਮਗਰੋਂ ਜਾਰਡਨ ਵਿੱਚ ਅਮਰੀਕੀ ਅੱਡੇ 'ਤੇ ਹੋਏ ਹਮਲੇ ਨੇ ਇੱਕ ਵਾਰ ਫਿਰ ਤਣਾਅ ਨੂੰ ਹਵਾ ਦੇ ਦਿੱਤੀ ਅਤੇ ਅਮਰੀਕਾ ਨੇ ਮੁੜ ਹਮਲਾਵਰ ਰੁਖ਼ ਅਖਤਿਆਰ ਕਰ ਲਿਆ।
ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨੀ ਸਰਕਾਰੀ ਮੀਡੀਆ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਧਮਾਕਿਆਂ ਦੀ ਪੁਸ਼ਟੀ ਕੀਤੀ। ਸਰਕਾਰੀ ਪ੍ਰਸਾਰਕ IRIB ਮੁਤਾਬਕ ਬੁਸ਼ਹਿਰ ਸੂਬੇ ਵਿੱਚ ਵਿਸਫੋਟਾਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿੱਥੇ ਈਰਾਨ ਦਾ ਇਕਲੌਤਾ ਪ੍ਰਮਾਣੂ ਊਰਜਾ ਸਟੇਸ਼ਨ ਸਥਿਤ ਹੈ। ਇਸ ਤੋਂ ਇਲਾਵਾ ਦੱਖਣੀ ਖੇਤਰਾਂ ਵਿੱਚ ਵੀ ਵੱਡੇ ਧਮਾਕੇ ਹੋਣ ਦੀ ਖਬਰ ਹੈ।
ਤਸਨੀਮ ਖਬਰ ਏਜੰਸੀ ਨੇ ਦੱਸਿਆ ਕਿ ਕੇਸ਼ਮ ਟਾਪੂ 'ਤੇ ਤਿੰਨ ਧਮਾਕੇ ਹੋਏ, ਜਿਨ੍ਹਾਂ ਵਿੱਚੋਂ ਇੱਕ ਮਿਜ਼ਾਈਲ ਰਿਹਾਇਸ਼ੀ ਖੇਤਰ ਵਿੱਚ ਡਿੱਗੀ। ਹਾਲਾਂਕਿ ਹੁਣ ਤੱਕ ਕਿਸੇ ਦੇ ਹਤਾਹਤ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ। ਪ੍ਰੈਸ ਟੀਵੀ ਨੇ ਵੀ ਕਈ ਸਥਾਨਾਂ 'ਤੇ ਵਿਸਫੋਟਾਂ ਦੀ ਖਬਰ ਦਿੰਦਿਆਂ ਤਣਾਅਪੂਰਨ ਸਥਿਤੀ ਦਾ ਸੰਕੇਤ ਦਿੱਤਾ।
IRIB ਨੇ ਇੱਕ ਈਰਾਨੀ ਉਪ-ਸੁਰੱਖਿਆ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਖੁਜ਼ੇਸਤਾਨ ਸੂਬੇ ਦੇ ਅਬਾਦਾਨ ਸ਼ਹਿਰ ਵਿੱਚ ਕੁਝ ਫੌਜੀ ਠਿਕਾਣਿਆਂ ਨੂੰ ਅਮਰੀਕੀ ਹਮਲਿਆਂ ਵਿੱਚ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਹੋਰਮੋਜ਼ਗਾਨ ਸੂਬੇ ਦੇ ਬੰਦਰ ਅਬਾਸ, ਅਬੂ ਮੂਸਾ, ਕਿਸ਼ ਅਤੇ ਕੇਸ਼ਮ ਟਾਪੂਆਂ 'ਤੇ ਵੀ ਧਮਾਕਿਆਂ ਦੀ ਖਬਰ ਹੈ। ਉੱਧਰ ਈਰਾਨੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਿਰਿਕ ਸ਼ਹਿਰ ਨੂੰ ਕਿਸੇ ਹਮਲੇ ਦਾ ਸਾਹਮਣਾ ਨਹੀਂ ਕਰਨਾ ਪਿਆ।