ਪੱਛਮੀ ਏਸ਼ੀਆ ਵਿੱਚ ਇੱਕ ਪਾਸੇ ਸ਼ਾਂਤੀ ਗੱਲਬਾਤ ਅਤੇ ਦੂਜੇ ਪਾਸੇ ਜੰਗ ਦਾ ਸਿਲਸਿਲਾ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦਖਲ ਨਾਲ ਇਜ਼ਰਾਈਲ-ਹਿਜ਼ਬੁੱਲਾ ਸੰਘਰਸ਼ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਹੁਣ ਬੇਰੂਤ 'ਤੇ ਹਮਲਾ ਨਹੀਂ ਕਰੇਗਾ ਅਤੇ ਹਿਜ਼ਬੁੱਲਾ ਵੀ ਅੱਗ ਰੋਕ ਦੇਵੇਗਾ। ਨਾਲ ਹੀ, ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਪਰ ਧਰਤੀ 'ਤੇ ਸਥਿਤੀ ਇਸ ਤੋਂ ਉਲਟ ਹੈ। ਟਰੰਪ ਦੇ ਦਾਅਵੇ ਤੋਂ ਥੋੜ੍ਹੀ ਦੇਰ ਬਾਅਦ ਹੀ ਲਿਬਨਾਨ ਵੱਲੋਂ ਦੋ ਰਾਕੇਟ ਦਾਗੇ ਗਏ, ਜਿਨ੍ਹਾਂ ਨੂੰ ਇਜ਼ਰਾਈਲੀ ਹਵਾਈ ਸੈਨਾ ਨੇ ਫੌਰਨ ਢਹਿ ਢੇਰ ਕਰ ਦਿੱਤਾ। ਉੱਧਰ, ਈਰਾਨ ਨੇ ਅਮਰੀਕੀ ਸ਼ਾਂਤੀ ਪ੍ਰਸਤਾਵ ਨੂੰ ਹਾਲੇ ਤੱਕ ਸਵੀਕਾਰ ਨਹੀਂ ਕੀਤਾ।
ਕੁਵੈਤ ਅਤੇ ਬਹਿਰੀਨ 'ਤੇ ਈਰਾਨ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਯੂਏਈ ਨੇ ਖਾੜੀ ਦੇਸ਼ਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਯੂਏਈ ਦੇ ਰਾਸ਼ਟਰਪਤੀ ਸਲਾਹਕਾਰ ਅਨਵਰ ਗਰਗਾਸ਼ ਨੇ ਕਿਹਾ ਕਿ ਕੁਵੈਤ ਅਤੇ ਬਹਿਰੀਨ ਖਿਲਾਫ਼ ਲਗਾਤਾਰ ਈਰਾਨੀ ਹਮਲਿਆਂ ਦੇ ਮੱਦੇਨਜ਼ਰ ਖਾੜੀ ਦੇਸ਼ਾਂ ਨੂੰ ਇੱਕ ਮਜ਼ਬੂਤ ਅਤੇ ਇਕਜੁੱਟ ਨੀਤੀ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਖਾੜੀ ਦੇਸ਼ ਨੂੰ ਇਹਨਾਂ ਹਮਲਿਆਂ ਦਾ ਸਾਹਮਣਾ ਇਕੱਲੇ ਨਹੀਂ ਕਰਨਾ ਚਾਹੀਦਾ। ਗਰਗਾਸ਼ ਨੇ ਕਿਹਾ ਕਿ ਖਾੜੀ ਸਹਿਯੋਗ ਪ੍ਰੀਸ਼ਦ ਦੇ ਸਾਰੇ ਮੈਂਬਰ ਦੇਸ਼ਾਂ ਦੀ ਸੁਰੱਖਿਆ ਆਪਸ ਵਿੱਚ ਜੁੜੀ ਹੈ, ਉਨ੍ਹਾਂ ਦੇ ਹਿੱਤ ਇੱਕੋ ਜਿਹੇ ਹਨ ਅਤੇ ਸਾਂਝਾ ਭਵਿੱਖ ਹੈ। ਈਰਾਨੀ ਹਮਲੇ ਕਿਸੇ ਇੱਕ ਦੇਸ਼ ਨੂੰ ਨਿਸ਼ਾਨਾ ਨਹੀਂ ਬਣਾ ਰਹੇ, ਸਗੋਂ ਸਾਰਿਆਂ ਲਈ ਚੁਣੌਤੀ ਹਨ।
ਈਰਾਨੀ ਸੰਸਦ ਦੇ ਉਪ-ਸਪੀਕਰ ਨੇ ਕਿਹਾ ਹੈ ਕਿ ਈਰਾਨ ਗੱਲਬਾਤ ਲਈ ਤਿਆਰ ਹੈ ਪਰ ਅਮਰੀਕਾ ਦੇ ਕਿਸੇ ਵੀ ਵਾਅਦੇ 'ਤੇ ਭਰੋਸਾ ਨਹੀਂ ਕਰਦਾ। ਉਨ੍ਹਾਂ ਕਿਹਾ, "ਇਹ ਕਹਿਣਾ ਗਲਤ ਹੈ ਕਿ ਅਸੀਂ ਸਿਰਫ ਲੜਦੇ ਹਾਂ ਅਤੇ ਗੱਲਬਾਤ ਨਹੀਂ ਕਰਦੇ।" ਉਨ੍ਹਾਂ ਵਿਦੇਸ਼ੀ ਮੀਡੀਆ ਦੇ ਉਨ੍ਹਾਂ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ ਜਿਸ ਵਿੱਚ ਈਰਾਨ ਵਿੱਚ ਭੁੱਖਮਰੀ ਜਾਂ ਜੰਗ ਕਾਰਨ ਹਾਲਾਤ ਵਿਗੜਨ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦੱਸਿਆ ਕਿ ਸੰਘਰਸ਼ ਦੌਰਾਨ 70 ਲੱਖ ਲੋਕ ਬੇਘਰ ਹੋਏ ਸਨ ਪਰ ਸਰਕਾਰੀ ਪ੍ਰਬੰਧਾਂ ਕਾਰਨ ਕਿਸੇ ਨੂੰ ਰੋਟੀ, ਮਕਾਨ ਜਾਂ ਬੁਨਿਆਦੀ ਚੀਜ਼ਾਂ ਲੈਣ ਵਿੱਚ ਮੁਸ਼ਕਲ ਨਹੀਂ ਆਈ।
ਈਰਾਨ ਦੇ ਇਨਕਲਾਬੀ ਗਾਰਡ (IRGC) ਨੇ ਕਿਹਾ ਹੈ ਕਿ ਤਹਿਰਾਨ ਦੇ ਜਵਾਬੀ ਕਾਰਵਾਈਆਂ ਨੂੰ ਅਮਰੀਕਾ ਲਈ ਇੱਕ ਸਬਕ ਵਜੋਂ ਲੈਣਾ ਚਾਹੀਦਾ ਹੈ। IRGC ਨੇ ਇੱਕ ਬਿਆਨ ਵਿੱਚ ਦੱਸਿਆ ਕਿ ਅਮਰੀਕੀ ਸੈਨਾ ਨੇ ਹੋਰਮੁਜ਼ ਜਲਡਮਰੂਮੱਧ ਵਿੱਚ ਇੱਕ ਈਰਾਨੀ ਤੇਲ ਟੈਂਕਰ 'ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਨਾਲ ਟੈਂਕਰ ਦੇ ਇੰਜਣ ਰੂਮ ਨੂੰ ਨੁਕਸਾਨ ਪਹੁੰਚਿਆ। ਇਸ ਹਮਲੇ ਦੇ ਜਵਾਬ ਵਿੱਚ IRGC ਨੇਵੀ ਨੇ 'ਪਨਾਯਾ' ਨਾਂ ਦੇ ਅਮਰੀਕਾ ਨਾਲ ਸਬੰਧਤ ਇੱਕ ਜਹਾਜ਼ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ।
ਇਸ ਤੋਂ ਬਾਅਦ ਅਮਰੀਕੀ ਸੈਨਾ ਨੇ ਕੇਸ਼ਮ ਟਾਪੂ 'ਤੇ IRGC ਦੇ ਇੱਕ ਸੰਚਾਰ ਟਾਵਰ 'ਤੇ ਹਮਲਾ ਕਰ ਦਿੱਤਾ। IRGC ਨੇ ਕਿਹਾ, "ਇਸ ਦੇ ਜਵਾਬ ਵਿੱਚ ਸਾਡੀ ਏਅਰੋਸਪੇਸ ਫੋਰਸ ਨੇ ਖੇਤਰ ਦੇ ਇੱਕ ਦੇਸ਼ ਵਿੱਚ ਸਥਿਤ ਅਮਰੀਕੀ ਹਵਾਈ ਅੱਡੇ, ਹੈਲੀਕਾਪਟਰ ਬੇਸ ਅਤੇ ਪੰਜਵੇਂ ਬੇੜੇ ਦੇ ਮੁੱਖ ਦਫਤਰ 'ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲੇ ਕੀਤੇ।" IRGC ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕਿਸੇ ਵੀ ਹਮਲੇ ਦਾ ਜਵਾਬ ਵਧੇਰੇ ਸਖ਼ਤ ਤਰੀਕੇ ਨਾਲ ਦਿੱਤਾ ਜਾਵੇਗਾ ਅਤੇ ਹੁਣ ਉਨ੍ਹਾਂ ਨੇ ਉਸੇ ਅਨੁਸਾਰ ਕਾਰਵਾਈ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੋਰਮੁਜ਼ ਜਲਡਮਰੂਮੱਧ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀ ਅਮਰੀਕੀ ਸੈਨਾ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।