ਪੱਛਮੀ ਏਸ਼ੀਆ 'ਚ ਵਧ ਰਹੇ ਫੌਜੀ ਸੰਕਟ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਸਪੱਸ਼ਟ ਕੀਤਾ ਹੈ ਕਿ ਉਸਦੇ ਹਮਲਿਆਂ ਦਾ ਮੁੱਖ ਨਿਸ਼ਾਨਾ ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ, ਡ੍ਰੋਨ ਅਤੇ ਮਿਜ਼ਾਈਲ ਡਿਪੂ, ਫੌਜੀ ਸਪੀਡ ਬੋਟਾਂ ਅਤੇ ਹੋਰਮੁਜ਼ ਪਣਜੋੜ ਦੇ ਤੱਟੀ ਖੇਤਰਾਂ 'ਚ ਸਥਿਤ ਫੌਜੀ ਟਿਕਾਣੇ ਸਨ। ਇਸ ਕਾਰਵਾਈ ਨੂੰ ਈਰਾਨ ਵੱਲੋਂ ਹੋਰਮੁਜ਼ 'ਚ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦਾ ਸਿੱਧਾ ਜਵਾਬ ਦੱਸਿਆ ਗਿਆ ਹੈ।
ਈਰਾਨ ਦੀ ਰਿਵੋਲਿਊਸ਼ਨਰੀ ਗਾਰਡਜ਼ (IRGC) ਨੇ ਦਾਅਵਾ ਕੀਤਾ ਹੈ ਕਿ ਉਸਨੇ ਕੁਵੈਤ, ਕਤਰ ਅਤੇ ਬਹਿਰੀਨ ਵਿੱਚ ਅਮਰੀਕਾ ਦੇ ਕੁੱਲ 85 ਫੌਜੀ ਠਿਕਾਣਿਆਂ ਨੂੰ ਡ੍ਰੋਨ ਅਤੇ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ। ਈਰਾਨੀ ਫੌਜ ਮੁਤਾਬਕ ਇਨ੍ਹਾਂ ਹਮਲਿਆਂ 'ਚ ਕੁਵੈਤ ਦੀ ਪੈਟਰੀਅਟ ਮਿਜ਼ਾਈਲ ਪ੍ਰਣਾਲੀ, ਕਤਰ ਦੇ ਅਰਲੀ ਵਾਰਨਿੰਗ ਸੈਟੇਲਾਈਟ ਐਂਟੀਨਾ, ਬਹਿਰੀਨ 'ਚ ਅਮਰੀਕੀ ਫਿਫਥ ਫਲੀਟ ਮੁੱਖ ਦਫ਼ਤਰ ਅਤੇ ਅਲੀ ਅਲ-ਸਲੇਮ ਏਅਰ ਬੇਸ ਸ਼ਾਮਲ ਦੱਸੇ ਗਏ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ NATO ਸੰਮੇਲਨ 'ਚ ਐਲਾਨ ਕੀਤਾ ਕਿ ਈਰਾਨ ਨਾਲ ਹੋਇਆ ਸੀਜ਼ਫਾਇਰ ਸਮਝੌਤਾ ਹੁਣ ਰੱਦ ਹੋ ਚੁੱਕਾ ਹੈ ਅਤੇ ਉਹ ਈਰਾਨ ਨਾਲ ਕਿਸੇ ਨਵੀਂ ਵਾਤਚੀਤ ਜਾਂ ਸੌਦੇਬਾਜ਼ੀ ਲਈ ਤਿਆਰ ਨਹੀਂ ਹਨ। ਇਸ ਦੇ ਜਵਾਬ 'ਚ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਕਿ ਧਮਕੀਆਂ ਦੇ ਮਾਹੌਲ 'ਚ ਅਮਰੀਕਾ ਨਾਲ ਕੋਈ ਵੀ ਗੱਲਬਾਤ ਜਾਂ ਸਮਝੌਤਾ ਸੰਭਵ ਨਹੀਂ ਹੈ, ਅਤੇ ਅਮਰੀਕਾ ਨੂੰ ਪਹਿਲਾਂ ਆਪਣੇ ਪੁਰਾਣੇ ਸਮਝੌਤਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਖਾੜੀ ਖੇਤਰ 'ਚ ਫੌਜੀ ਤਣਾਅ ਵਧਣ ਕਾਰਨ ਇੱਕ ਭਾਰਤੀ ਝੰਡੇ ਵਾਲਾ ਟੈਂਕਰ 'ਲੀਲਾ ਵਾਦੀਨਾਰ', ਜੋ ਕੁਵੈਤ ਤੋਂ 20 ਲੱਖ ਬੈਰਲ ਕੱਚਾ ਤੇਲ ਲੈ ਕੇ ਜਾ ਰਿਹਾ ਸੀ, ਨੇ ਹੋਰਮੁਜ਼ ਪਣਜੋੜ ਨੇੜੇ ਆਪਣਾ ਸਫ਼ਰ ਰੱਦ ਕਰਕੇ ਬੁੱਧਵਾਰ ਨੂੰ ਓਮਾਨ ਦੇ ਤੱਟ ਤੋਂ ਵਾਪਸੀ ਕਰ ਲਈ। ਰਿਪੋਰਟ ਮੁਤਾਬਕ ਇਹ ਫੈਸਲਾ ਖੇਤਰ ਵਿੱਚ ਵਧਦੀ ਫੌਜੀ ਕਾਰਵਾਈ ਨੂੰ ਵੇਖਦਿਆਂ ਐਹਤਿਆਤ ਵਜੋਂ ਲਿਆ ਗਿਆ।