Courtesy: Credit: OpenAI
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ‘ਗ੍ਰੋ ਮੋਰ, ਅਚੀਵ ਮੋਰ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਤੇਜ਼ੀ ਨਾਲ ਵਿਕਾਸ ਦੇ ਰਸਤੇ 'ਤੇ ਅੱਗੇ ਵੱਧ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਦੇਸ਼ ਜਲਦੀ ਹੀ ਦੁਨੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਆਪਣੀ ਥਾਂ ਬਣਾਏਗਾ ਅਤੇ ਵਿਕਸਿਤ ਭਾਰਤ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਭਾਰਤ ਆਪਣਾ ਪੁਲਾੜ ਸਟੇਸ਼ਨ ਸਥਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਗਗਨਯਾਨ ਮਿਸ਼ਨ ਨੂੰ ਮਜ਼ਬੂਤੀ ਦੇਣ ਲਈ ਕੋਕੋਸ (ਕੀਲਿੰਗ) ਟਾਪੂਆਂ 'ਤੇ ਇੱਕ ਨਵਾਂ ਸਪੇਸ ਟ੍ਰੈਕਿੰਗ ਟਰਮੀਨਲ ਸਥਾਪਤ ਕੀਤਾ ਜਾਵੇਗਾ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅੱਜ ਦੁਨੀਆ ਦਾ ਦੂਜਾ ਸਭ ਤੋਂ ਵੱਡਾ 5G ਬਾਜ਼ਾਰ ਬਣ ਚੁੱਕਾ ਹੈ। ਇਸ ਦੇ ਨਾਲ ਹੀ ਦੇਸ਼ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਵੀ ਹੈ, ਜੋ ਭਾਰਤ ਦੀ ਨਵੀਨਤਾ ਅਤੇ ਆਰਥਿਕ ਸਮਰੱਥਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ‘ਆਪਰੇਸ਼ਨ ਸਿੰਦੂਰ’ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਸਿਰਫ਼ ਕਿਸੇ ਇੱਕ ਦੇਸ਼ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਖ਼ਤਰਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ ਅਤੇ ਆਸਟ੍ਰੇਲੀਆ ਇਸ ਚੁਣੌਤੀ ਨਾਲ ਮਿਲ ਕੇ ਨਜਿੱਠ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਚੱਲ ਰਹੇ ਸੰਘਰਸ਼ਾਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਸੰਭਵ ਹੈ।
ਦੌਰੇ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਯੂਰੇਨੀਅਮ ਨਿਰਯਾਤ ਸਬੰਧੀ ਸਮਝੌਤੇ 'ਤੇ ਦਸਤਖ਼ਤ ਹੋਏ। ਇਸ ਤੋਂ ਇਲਾਵਾ ਦੋਵੇਂ ਦੇਸ਼ ਕ੍ਰਿਟੀਕਲ ਮਿਨਰਲਜ਼ ਕੋਰੀਡੋਰ ਵਿਕਸਤ ਕਰਨ ਲਈ ਵੀ ਸਹਿਮਤ ਹੋਏ। ਗਗਨਯਾਨ ਮਿਸ਼ਨ ਲਈ ਆਸਟ੍ਰੇਲੀਆ ਵੱਲੋਂ ਤਕਨੀਕੀ ਸਹਿਯੋਗ ਵੀ ਦਿੱਤਾ ਜਾਵੇਗਾ। ਦੋਵੇਂ ਦੇਸ਼ਾਂ ਨੇ 2030 ਤੱਕ ਦੋਪੱਖੀ ਵਪਾਰ ਨੂੰ 100 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਲਈ ਵੀ ਰੋਡਮੈਪ ਤਿਆਰ ਕਰਨ ਦੀ ਗੱਲ ਕਹੀ।