Courtesy: pinterest
ਨਵੀਂ ਦਿੱਲੀ: ਅਮਰੀਕਾ ਅਤੇ ਈਰਾਨ ਵਿਚਕਾਰ ਕਈ ਮਹੀਨਿਆਂ ਤੋਂ ਜਾਰੀ ਗੰਭੀਰ ਫੌਜੀ ਅਤੇ ਕੂਟਨੀਤਕ ਤਣਾਅ ਤੋਂ ਬਾਅਦ, ਵਿਸ਼ਵਵਿਆਪੀ ਸ਼ਾਂਤੀ ਦੀਆਂ ਉਮੀਦਾਂ ਆਖਰਕਾਰ ਕਾਫ਼ੀ ਮਜ਼ਬੂਤ ਹੋਈਆਂ ਹਨ। ਦੋਵਾਂ ਦੇਸ਼ਾਂ ਵਿਚਕਾਰ ਪ੍ਰਸਤਾਵਿਤ ਸ਼ਾਂਤੀ ਸਮਝੌਤੇ 'ਤੇ ਇੱਕ ਵਿਆਪਕ ਸਹਿਮਤੀ ਬਣ ਗਈ ਹੈ। ਉੱਥੇ ਹੀ ਇਸ ਸਮਝੌਤੇ ਨੂੰ ਲੈ ਕੇ ਈਰਾਨ ਦੀ ਅੰਦਰੂਨੀ ਰਾਜਨੀਤੀ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵੱਲੋਂ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਕੀਤੀਆਂ ਟਿੱਪਣੀਆਂ ਤੋਂ ਬਾਅਦ ਦੇਸ਼ ਦੇ ਕੱਟੜਪੰਥੀ ਧੜਿਆਂ ਨੇ ਖੁੱਲ੍ਹ ਕੇ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਉੱਤਰ-ਪੂਰਬੀ ਸ਼ਹਿਰ ਮਸ਼ਹਦ ਵਿੱਚ ਕਈ ਪ੍ਰਦਰਸ਼ਨਕਾਰੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਏ ਅਤੇ ਸਰਕਾਰ ਦੀ ਨੀਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਅਮਰੀਕਾ ਨਾਲ ਪ੍ਰਸਤਾਵਿਤ ਸਮਝੌਤੇ ਵਿੱਚ ਈਰਾਨ ਦੇ ਰਣਨੀਤਿਕ ਅਤੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।
ਮਸ਼ਹਦ ਵਿੱਚ ਵਿਦੇਸ਼ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ
ਮਸ਼ਹਦ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਖ਼ਿਲਾਫ਼ ਤਿੱਖੇ ਨਾਅਰੇ ਲਗਾਏ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਹੋਰ ਨਾਗਰਿਕ ਸ਼ਾਮਲ ਹੋਏ।
ਸੋਸ਼ਲ ਮੀਡੀਆ ਅਤੇ ਸਥਾਨਕ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਝੰਡੇ ਲਹਿਰਾਉਂਦੇ ਅਤੇ ਸਰਕਾਰ ਦੀ ਨੀਤੀ ਖ਼ਿਲਾਫ਼ ਰੋਸ ਪ੍ਰਗਟ ਕਰਦੇ ਦੇਖਿਆ ਗਿਆ।
ਕੱਟੜਪੰਥੀ ਧੜਿਆਂ ਦੀਆਂ ਚਿੰਤਾਵਾਂ
ਈਰਾਨ ਦੇ ਕੱਟੜਪੰਥੀ ਸਿਆਸੀ ਗਰੁੱਪਾਂ ਦਾ ਮੰਨਣਾ ਹੈ ਕਿ ਅਮਰੀਕਾ ਨਾਲ ਹੋਣ ਵਾਲੇ ਸੰਭਾਵਿਤ ਸਮਝੌਤੇ ਦੀਆਂ ਮੌਜੂਦਾ ਸ਼ਰਤਾਂ ਦੇਸ਼ ਦੀ ਰਣਨੀਤਿਕ ਤਾਕਤ ਨੂੰ ਕਮਜ਼ੋਰ ਕਰ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮਝੌਤਾ ਮੌਜੂਦਾ ਰੂਪ ਵਿੱਚ ਲਾਗੂ ਹੁੰਦਾ ਹੈ ਤਾਂ ਈਰਾਨ ਦਾ ਹੋਰਮੁਜ਼ ਜਲਡਮਰੂਮੱਧ (Hormuz Strait) ਉੱਤੇ ਪ੍ਰਭਾਵ ਘੱਟ ਹੋ ਸਕਦਾ ਹੈ। ਇਸ ਜਲ ਮਾਰਗ ਨੂੰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰੂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਈਰਾਨ ਲਈ ਇਹ ਇੱਕ ਵੱਡੀ ਰਣਨੀਤਿਕ ਤਾਕਤ ਵਜੋਂ ਦੇਖਿਆ ਜਾਂਦਾ ਹੈ।
ਟੀਵੀ ਇੰਟਰਵਿਊ ਤੋਂ ਬਾਅਦ ਵਧਿਆ ਵਿਵਾਦ
ਵਿਵਾਦ ਉਸ ਵੇਲੇ ਹੋਰ ਗਹਿਰਾ ਹੋ ਗਿਆ ਜਦੋਂ ਵਿਦੇਸ਼ ਮੰਤਰੀ ਅਰਾਘਚੀ ਨੇ ਇੱਕ ਟੀਵੀ ਇੰਟਰਵਿਊ ਵਿੱਚ ਸੰਕੇਤ ਦਿੱਤਾ ਕਿ ਪ੍ਰਸਤਾਵਿਤ ਸਮਝੌਤੇ ਵਿੱਚ ਅਮਰੀਕੀ ਨੌਸੈਨਿਕ ਨਾਕਾਬੰਦੀ ਨੂੰ ਹਟਾਉਣ ਵਰਗੇ ਪ੍ਰਬੰਧ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੋਰਮੁਜ਼ ਜਲਡਮਰੂਮੱਧ ਦੇ ਪ੍ਰਬੰਧਨ ਨਾਲ ਜੁੜੇ ਕੁਝ ਪੱਖਾਂ ਵਿੱਚ ਤਬਦੀਲੀਆਂ ਆ ਸਕਦੀਆਂ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਖੇਤਰ ਅਜੇ ਵੀ ਈਰਾਨ ਦੀ ਸੁਰੱਖਿਆ ਅਤੇ ਰਣਨੀਤਿਕ ਨੀਤੀ ਦਾ ਮਹੱਤਵਪੂਰਨ ਹਿੱਸਾ ਬਣਿਆ ਰਹੇਗਾ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧੜਿਆਂ ਨੇ ਸਰਕਾਰ ਉੱਤੇ ਅਮਰੀਕਾ ਅੱਗੇ ਵੱਧ ਛੂਟ ਦੇਣ ਦੇ ਦੋਸ਼ ਲਗਾਉਣ ਸ਼ੁਰੂ ਕਰ ਦਿੱਤੇ।
ਤੇਹਰਾਨ ਵਿੱਚ ਵੀ ਵਿਰੋਧ ਦੀਆਂ ਖ਼ਬਰਾਂ
ਉਨ੍ਹਾਂ ਦੇ ਇਸ ਇੰਟਰਵਊ ਤੋਂ ਬਾਅਦ ਰਾਜਧਾਨੀ ਤੇਹਰਾਨ ਤੋਂ ਵੀ ਵਿਰੋਧ ਪ੍ਰਦਰਸ਼ਨਾਂ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਕੁਝ ਵੀਡੀਓਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਦੇਸ਼ ਮੰਤਰਾਲੇ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਲੋਕ ਇਕੱਠੇ ਹੋਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਿਦੇਸ਼ ਮੰਤਰਾਲੇ ਨੇ ਤੁਰੰਤ ਸਮਝੌਤੇ ਦੀਆਂ ਅਟਕਲਾਂ ਨੂੰ ਕੀਤਾ ਖਾਰਜ
ਇਸ ਪ੍ਰਦਸ਼ਨ ਨੂੰ ਦੇਖਦੇ ਹੋਏ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਸਮਝੌਤਾ ਤੁਰੰਤ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਜਾਰੀ ਹੈ ਅਤੇ ਅਜੇ ਕਈ ਮਾਮਲਿਆਂ 'ਤੇ ਸਹਿਮਤੀ ਬਣਨੀ ਬਾਕੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਇਹ ਸੰਕੇਤ ਵੀ ਦਿੱਤੇ ਕਿ ਜੇ ਗੱਲਬਾਤ ਸਹੀ ਦਿਸ਼ਾ ਵਿੱਚ ਅੱਗੇ ਵਧਦੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।