Courtesy: ai image
ਅਮਰੀਕਾ ਦੇ ਓਹੀਓ ਸੂਬੇ ਦੇ ਟੋਲੇਡੋ ਸ਼ਹਿਰ ਵਿੱਚ ਸ਼ਨੀਵਾਰ ਨੂੰ ਇੱਕ ਸਥਾਨਕ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਹੋਈ। ਪ੍ਰਸਿੱਧ ਕਮਿਊਨਿਟੀ ਫੈਸਟੀਵਲ ਦੇ ਨੇੜੇ ਹੋਈ ਇਸ ਘਟਨਾ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਘਟਨਾ ਦੇ ਬਾਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ 'ਚ ਕਈ ਲੋਕ ਜਖ਼ਮੀ
ਟੋਲੋਡੋ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਾਮ 5:30 ਬਜੇ ਓਲਡ ਵੇਸਟ ਏਂਡ ਫੈਸਟੀਵਲ ਦੇ ਨੇੜੇ ਗੋਲੀ ਲੱਗਣ ਦੀ ਸੂਚਨਾ ਮਿਲੀ। ਮੌਕੇ ਤੇ ਪਹੁੰਚਣ ਤੇ ਪੁਲਿਸ ਨੇ ਦੇਖਿਆ ਕੇ ਕਈ ਲੋਕ ਜਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇਣ ਦੇ ਲਈ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਅੱਠ ਲੋਕਾਂ ਨੂੰ ਗੋਲੀ ਲੱਗੀ ਹੈ। ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਸਾਰਿਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਜਾਂਚ ਏਜੰਸੀਆਂ ਫਿਲਹਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਗੋਲੀਬਾਰੀ ਕਿਵੇਂ ਅਤੇ ਕਿਹੜੇ ਕਾਰਨਾਂ ਕਰਕੇ ਹੋਈ। ਘਟਨਾ ਦੇ ਪਿੱਛੇ ਦੀ ਵਜ੍ਹਾ ਬਾਰੇ ਅਜੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਓਲਡ ਵੈਸਟ ਐਂਡ ਫੈਸਟੀਵਲ ਕੀ ਹੈ?
ਓਲਡ ਵੈਸਟ ਐਂਡ ਫੈਸਟੀਵਲ ਟੋਲੇਡੋ ਦੇ ਇਤਿਹਾਸਕ ਇਲਾਕੇ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਦੋ ਦਿਨਾਂ ਦਾ ਪ੍ਰਸਿੱਧ ਸਮਾਗਮ ਹੈ। ਇਸ ਦੌਰਾਨ ਲੋਕਾਂ ਲਈ ਲਾਈਵ ਸੰਗੀਤ, ਖਾਣ-ਪੀਣ ਦੇ ਸਟਾਲ, ਕਲਾ ਪ੍ਰਦਰਸ਼ਨੀਆਂ ਅਤੇ ਇਤਿਹਾਸਕ ਇਮਾਰਤਾਂ ਦੇ ਦੌਰੇ ਵਰਗੀਆਂ ਕਈ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਇਹ ਸਮਾਗਮ ਸਥਾਨਕ ਭਾਈਚਾਰੇ ਵਿੱਚ ਕਾਫ਼ੀ ਮਸ਼ਹੂਰ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਿਰਕਤ ਕਰਦੇ ਹਨ। ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪੁਲਿਸ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕਰ ਰਹੀ ਹੈ।