Courtesy: pinterest
ਨਵੀਂ ਦਿੱਲੀ: ਮੱਧ ਪੂਰਬ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਤਣਾਅ ਨੂੰ ਘਟਾਉਣ ਲਈ ਅਮਰੀਕਾ ਅਤੇ ਈਰਾਨ ਦਰਮਿਆਨ ਸਵਿਟਜ਼ਰਲੈਂਡ ਵਿੱਚ ਇੱਕ ਮਹੱਤਵਪੂਰਨ ਬੈਠਕ ਹੋਈ। ਦੋਵਾਂ ਦੇਸ਼ਾਂ ਵਿਚਾਲੇ ਹੋਈ ਇਹ ਪਹਿਲੀ ਸਿੱਧੀ ਉੱਚ-ਪੱਧਰੀ ਗੱਲਬਾਤ ਸੀ, ਜਿਸ ਤੋਂ ਖੇਤਰੀ ਸਥਿਰਤਾ ਵੱਲ ਕਦਮ ਵਧਣ ਦੀ ਉਮੀਦ ਕੀਤੀ ਜਾ ਰਹੀ ਸੀ। ਪਰ ਬੈਠਕ ਦੌਰਾਨ ਕਈ ਮੁੱਦਿਆਂ 'ਤੇ ਗੰਭੀਰ ਮਤਭੇਦ ਸਾਹਮਣੇ ਆਏ, ਜਿਸ ਕਾਰਨ ਗੱਲਬਾਤ ਦਾ ਮਾਹੌਲ ਤਣਾਭਰਪੂਰ ਰਿਹਾ।
ਉੱਚ ਪੱਧਰੀ ਨੁਮਾਇੰਦਿਆਂ ਨੇ ਲਿਆ ਹਿੱਸਾ
ਅਮਰੀਕਾ ਵੱਲੋਂ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਬੈਠਕ ਵਿੱਚ ਸ਼ਾਮਲ ਹੋਏ, ਜਦਕਿ ਈਰਾਨ ਵਲੋਂ ਸੰਸਦ ਦੇ ਸਪੀਕਰ ਮੁਹੰਮਦ ਬਾਕਿਰ ਗਾਲੀਬਾਫ ਅਤੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਗੱਲਬਾਤ ਦੀ ਅਗਵਾਈ ਕੀਤੀ।
ਇਹ ਬੈਠਕ ਹਾਲ ਹੀ ਵਿੱਚ ਹੋਏ ਅੰਤਰਿਮ ਸਮਝੌਤੇ ਤੋਂ ਬਾਅਦ ਆਯੋਜਿਤ ਕੀਤੀ ਗਈ ਸੀ, ਜਿਸ ਦਾ ਮਕਸਦ ਖੇਤਰ ਵਿੱਚ ਵਧ ਰਹੇ ਸੰਘਰਸ਼ ਨੂੰ ਘਟਾਉਣਾ ਅਤੇ ਲੰਬੇ ਸਮੇਂ ਲਈ ਸ਼ਾਂਤੀ ਦਾ ਰਾਹ ਤਲਾਸ਼ਣਾ ਸੀ।
ਲੇਬਨਾਨ ਦਾ ਮੁੱਦਾ ਬਣਿਆ ਮੁੱਖ ਰੁਕਾਵਟ
ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਈਰਾਨੀ ਪ੍ਰਤੀਨਿਧ ਮੰਡਲ ਨੇ ਕਤਰ ਅਤੇ ਪਾਕਿਸਤਾਨ ਦੇ ਮੱਧਸਥਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਇਸ ਤੋਂ ਬਾਅਦ ਈਰਾਨ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਨਾਲ ਗੱਲਬਾਤ ਦੀ ਅਗਲੀ ਦਿਸ਼ਾ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਉਹ ਪਹਿਲਾਂ ਹੋਏ ਸਮਝੌਤਿਆਂ ਨੂੰ ਜ਼ਮੀਨੀ ਪੱਧਰ 'ਤੇ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦਾ ਹੈ।
ਈਰਾਨ ਦਾ ਦਾਅਵਾ ਹੈ ਕਿ ਵੱਖ-ਵੱਖ ਮੋਰਚਿਆਂ 'ਤੇ ਪੂਰਾ ਜੰਗਬੰਦੀ ਮਾਹੌਲ ਬਣਾਉਣ ਦੀ ਜੋ ਗੱਲ ਕੀਤੀ ਗਈ ਸੀ, ਉਸ 'ਤੇ ਅਜੇ ਤੱਕ ਪੂਰੀ ਤਰ੍ਹਾਂ ਅਮਲ ਨਹੀਂ ਹੋਇਆ। ਖ਼ਾਸ ਕਰਕੇ ਲੇਬਨਾਨ ਵਿੱਚ ਜਾਰੀ ਫੌਜੀ ਕਾਰਵਾਈਆਂ ਨੂੰ ਲੈ ਕੇ ਈਰਾਨ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।
80 ਮਿੰਟ ਤੱਕ ਚੱਲੀ ਗੱਲਬਾਤ
ਦੋਵਾਂ ਦੇਸ਼ਾਂ ਦੇ ਪ੍ਰਤੀਨਿਧਾਂ ਵਿਚਾਲੇ ਲਗਭਗ 80 ਮਿੰਟ ਤੱਕ ਚਰਚਾ ਹੋਈ। ਇਸ ਦੌਰਾਨ ਆਰਥਿਕ ਪਾਬੰਦੀਆਂ ਵਿੱਚ ਰਾਹਤ, ਜਮ੍ਹਾ ਕੀਤੀਆਂ ਸੰਪਤੀਆਂ ਦੀ ਰਿਹਾਈ ਅਤੇ ਖੇਤਰੀ ਸੁਰੱਖਿਆ ਨਾਲ ਜੁੜੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਹਾਲਾਂਕਿ ਗੱਲਬਾਤ ਦੌਰਾਨ ਮਾਹੌਲ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਈਰਾਨ ਨੂੰ ਚੇਤਾਵਨੀ ਭਰਿਆ ਸੰਦੇਸ਼ ਦਿੱਤਾ। ਇਸ ਸੰਦੇਸ਼ ਵਿੱਚ ਲੇਬਨਾਨ ਵਿੱਚ ਸਰਗਰਮ ਈਰਾਨ ਸਮਰਥਿਤ ਗਰੁੱਪਾਂ ਨੂੰ ਕਾਬੂ ਵਿੱਚ ਰੱਖਣ ਦੀ ਗੱਲ ਕੀਤੀ ਗਈ ਸੀ।
ਟਰੰਪ ਦੇ ਬਿਆਨ 'ਤੇ ਈਰਾਨ ਦੀ ਤਿੱਖੀ ਪ੍ਰਤੀਕਿਰਿਆ
ਟਰੰਪ ਦੇ ਬਿਆਨ ਤੋਂ ਬਾਅਦ ਈਰਾਨੀ ਪੱਖ ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ। ਸੂਤਰਾਂ ਅਨੁਸਾਰ ਈਰਾਨੀ ਪ੍ਰਤੀਨਿਧ ਮੰਡਲ ਕੁਝ ਸਮੇਂ ਲਈ ਮੀਟਿੰਗ ਤੋਂ ਬਾਹਰ ਵੀ ਚਲਾ ਗਿਆ। ਬਾਅਦ ਵਿੱਚ ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਬਿਆਨ ਗੱਲਬਾਤ ਦੇ ਮਾਹੌਲ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਅਮਰੀਕਾ ਨੂੰ ਆਪਣੇ ਜਨਤਕ ਬਿਆਨਾਂ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ।
ਈਰਾਨੀ ਪੱਖ ਨੇ ਇਹ ਵੀ ਦੋਹਰਾਇਆ ਕਿ ਦੇਸ਼ ਦੀਆਂ ਸੁਰੱਖਿਆ ਸੰਸਥਾਵਾਂ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਅਮਰੀਕਾ ਨੇ ਗੱਲਬਾਤ ਜਾਰੀ ਰੱਖਣ ਦੀ ਕੀਤੀ ਵਕਾਲਤ
ਦੂਜੇ ਪਾਸੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਕੂਟਨੀਤਿਕ ਗੱਲਬਾਤ ਦੌਰਾਨ ਅਜਿਹੇ ਉਤਾਰ-ਚੜ੍ਹਾਅ ਆਮ ਗੱਲ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਔਖੇ ਮੁੱਦਿਆਂ 'ਤੇ ਚਰਚਾ ਦੌਰਾਨ ਮਤਭੇਦ ਉੱਭਰਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਗੱਲਬਾਤ ਰੁਕ ਗਈ ਹੈ।
ਵੈਂਸ ਨੇ ਇਹ ਵੀ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਈਰਾਨ ਨਾਲ ਸੰਬੰਧਾਂ ਨੂੰ ਸੁਧਾਰਨ ਲਈ ਨਵੇਂ ਤਰੀਕੇ ਅਪਣਾਉਣ ਦੇ ਹੱਕ ਵਿੱਚ ਹੈ ਅਤੇ ਸੰਵਾਦ ਦਾ ਰਾਹ ਖੁੱਲ੍ਹਾ ਰੱਖਣਾ ਚਾਹੁੰਦਾ ਹੈ।
ਪ੍ਰਤੀਕਾਤਮਕ ਕਾਰਜਕ੍ਰਮਾਂ ਤੋਂ ਵੀ ਕੀਤਾ ਇਨਕਾਰ
ਤਣਾਅ ਦਾ ਅਸਰ ਇਸ ਗੱਲ ਤੋਂ ਵੀ ਨਜ਼ਰ ਆਇਆ ਕਿ ਈਰਾਨੀ ਪ੍ਰਤੀਨਿਧ ਮੰਡਲ ਨੇ ਬੈਠਕ ਤੋਂ ਬਾਅਦ ਹੋਣ ਵਾਲੇ ਪ੍ਰਤੀਕਾਤਮਕ ਹੈਂਡਸ਼ੇਕ ਅਤੇ ਸਾਂਝੀ ਤਸਵੀਰ ਖਿਚਵਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ।
ਇਜ਼ਰਾਈਲ ਦਾ ਸਖ਼ਤ ਰੁਖ਼ ਬਰਕਰਾਰ
ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਸੰਕੇਤ ਦਿੱਤੇ ਕਿ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਫੌਜ ਦੀ ਮੌਜੂਦਗੀ ਫਿਲਹਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਏ ਗਏ ਫੈਸਲਿਆਂ ਵਿੱਚ ਕੋਈ ਜਲਦਬਾਜ਼ੀ ਨਹੀਂ ਕੀਤੀ ਜਾਵੇਗੀ।
ਨੇਤਨਯਾਹੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਜ਼ਰਾਈਲ ਆਪਣੇ ਰਾਸ਼ਟਰੀ ਹਿਤਾਂ ਦੇ ਅਨੁਸਾਰ ਫੈਸਲੇ ਕਰਦਾ ਹੈ ਅਤੇ ਹਰ ਮੁੱਦੇ 'ਤੇ ਸਹਿਯੋਗੀ ਦੇਸ਼ਾਂ ਨਾਲ ਪੂਰੀ ਸਹਿਮਤੀ ਹੋਣਾ ਜ਼ਰੂਰੀ ਨਹੀਂ ਹੁੰਦਾ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਇਆ ਉਛਾਲ
ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ਵਿੱਚ ਆਏ ਤਣਾਅ ਦਾ ਅਸਰ ਅੰਤਰਰਾਸ਼ਟਰੀ ਬਾਜ਼ਾਰਾਂ 'ਤੇ ਵੀ ਦੇਖਣ ਨੂੰ ਮਿਲਿਆ। ਨਿਵੇਸ਼ਕਾਂ ਦੀ ਚਿੰਤਾ ਵਧਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਅਤੇ ਬ੍ਰੈਂਟ ਕਰੂਡ ਦੀ ਕੀਮਤ 81 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਮੱਧ ਪੂਰਬ ਵਿੱਚ ਸਥਿਤੀ ਹੋਰ ਗੰਭੀਰ ਹੁੰਦੀ ਹੈ ਤਾਂ ਊਰਜਾ ਬਾਜ਼ਾਰਾਂ ਵਿੱਚ ਹੋਰ ਉਥਲ-ਪੁਥਲ ਦੇਖਣ ਨੂੰ ਮਿਲ ਸਕਦੀ ਹੈ।