Courtesy: X@TrumpTruthOnX
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਟਰੂਥ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝਾ ਕਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦੀ ਨਵੀਂ ਪੋਸਟ ਤੋਂ ਬਾਅਦ ਅਮਰੀਕੀ ਸਿਆਸਤ ਵਿੱਚ 2028 ਦੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਆਪਣੇ ਪੋਸਟ ਵਿੱਚ ਟਰੰਪ ਨੇ ਅਜਿਹਾ ਸੰਕੇਤ ਦਿੱਤਾ, ਜਿਸ ਤੋਂ ਸਭ ਨੂੰ ਲੱਗਾ ਕਿ ਉਹ 2028 ਦੀਆਂ ਚੋਣਾਂ ਜਿੱਤਣ ਵਾਲੇ ਹਨ। ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਸੰਭਾਵਿਤ ਤੀਜੇ ਰਾਸ਼ਟਰਪਤੀ ਕਾਰਜਕਾਲ ਨੂੰ ਲੈ ਕੇ ਅਟਕਲਾਂ ਮੁੜ ਤੇਜ਼ ਹੋ ਗਈਆਂ ਹਨ।
ਡੋਨਾਲਡ ਟਰੰਪ ਨੇ ਆਪਣੇ ‘Truth Social’ ’ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ‘TRUMP 2028’ ਲਿਖੀ ਕੈਪ ਪਹਿਨੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਦੋ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇੱਕ ਤਸਵੀਰ ਵਿੱਚ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਨਾਮ ਨਾਲ ਅਜਿਹਾ ਦ੍ਰਿਸ਼ ਦਿਖਾਇਆ ਗਿਆ ਜਿਸ ਵਿੱਚ ਇੱਕ ਅਮਰੀਕੀ ਨਾਗਰਿਕ ਨੂੰ ਸਲਾਖਾਂ ਪਿੱਛੇ ਦਰਸਾਇਆ ਗਿਆ ਹੈ। ਦੂਜੀ ਤਸਵੀਰ ਵਿੱਚ ਟਰੰਪ ਦੇ ਨਾਮ ਨਾਲ ਅਮਰੀਕੀ ਝੰਡਿਆਂ ਵਿਚਕਾਰ ਲੋਕਾਂ ਨੂੰ ਜਹਾਜ਼ ਰਾਹੀਂ ਵਾਪਸ ਆਉਂਦੇ ਹੋਏ ਦਿਖਾਇਆ ਗਿਆ। ਇਨ੍ਹਾਂ ਤਸਵੀਰਾਂ ਨੂੰ ਟਰੰਪ ਵੱਲੋਂ ਆਪਣੇ ਅਤੇ ਬਾਈਡਨ ਦੇ ਪ੍ਰਸ਼ਾਸਨ ਦੀ ਤੁਲਨਾ ਵਜੋਂ ਦੇਖਿਆ ਜਾ ਰਿਹਾ ਹੈ।
ਆਪਣੀ ਪੋਸਟ ਰਾਹੀਂ ਟਰੰਪ ਨੇ ਆਪਣੇ ਕਾਰਜਕਾਲ ਨੂੰ ਬਾਈਡਨ ਦੇ ਕਾਰਜਕਾਲ ਨਾਲੋਂ ਬਿਹਤਰ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਉਜਾਗਰ ਕੀਤਾ।
ਟਰੰਪ ਨੇ ਜੋਂ ‘TRUMP 2028’ ਕੈਪ ਪਹਿਨ ਕੇ ਤਸਵੀਰ ਸਾਂਝੀ ਕੀਤੀ ਹੈ, ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸਤੋਂ ਪਹਿਲਾਂ ਵੀ ਉਹ ਪਿਛਲੇ ਕੁਝ ਸਮੇਂ ਤੋਂ 2028 ਨੂੰ ਲੈ ਕੇ ਅਜਿਹੇ ਸੰਕੇਤ ਦਿੰਦੇ ਰਹੇ ਹਨ। ਇਸ ਕਾਰਨ ਉਨ੍ਹਾਂ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਇਹ ਚਰਚਾ ਲਗਾਤਾਰ ਬਣੀ ਹੋਈ ਹੈ ਕਿ ਕੀ ਉਹ ਕਿਸੇ ਤਰੀਕੇ ਨਾਲ ਵ੍ਹਾਈਟ ਹਾਊਸ ਵਿੱਚ ਤੀਜੀ ਵਾਰ ਪਹੁੰਚਣ ਦੀ ਕੋਸ਼ਿਸ਼ ਕਰਨਗੇ।
ਦੱਸ ਦੇਈਏ, ਟਰੰਪ 2016 ਅਤੇ 2024 ਦੀਆਂ ਚੋਣਾਂ ਜਿੱਤ ਚੁੱਕੇ ਹਨ, ਇਸ ਲਈ ਮੌਜੂਦਾ ਕਾਨੂੰਨੀ ਸਥਿਤੀ ਅਨੁਸਾਰ ਉਹ 2028 ਵਿੱਚ ਤੀਜੀ ਵਾਰ ਚੋਣ ਨਹੀਂ ਲੜ ਸਕਦੇ।
ਤੀਜੇ ਕਾਰਜਕਾਲ ਨੂੰ ਲੈ ਕੇ ਟਰੰਪ ਦੇ ਬਿਆਨ ਵੀ ਸਮੇਂ-ਸਮੇਂ ’ਤੇ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਇੱਕ ਵਾਰ, ਅਗਸਤ 2026 ਵਿੱਚ ਪੱਤਰਕਾਰਾਂ ਵੱਲੋਂ ਇਸ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਕਿਹਾ ਸੀ ਕਿ ਉਹ ਤੀਜਾ ਕਾਰਜਕਾਲ ਪਸੰਦ ਕਰਨਗੇ, ਪਰ ਇਸ ਮਾਮਲੇ ਵਿੱਚ ਕਾਨੂੰਨ ਬਹੁਤ ਮਜ਼ਬੂਤ ਹੈ। ਇਸ ਬਿਆਨ ਨੂੰ ਉਨ੍ਹਾਂ ਵੱਲੋਂ ਸੰਵਿਧਾਨਕ ਪਾਬੰਦੀ ਦੀ ਹਕੀਕਤ ਨੂੰ ਸਵੀਕਾਰ ਕਰਨ ਵਾਲੇ ਸੰਕੇਤ ਵਜੋਂ ਦੇਖਿਆ ਗਿਆ।
ਇਸ ਦੇ ਬਾਵਜੂਦ ‘TRUMP 2028’ ਵਰਗੀਆਂ ਪੋਸਟਾਂ ਨੇ ਇਸ ਮੁੱਦੇ ਨੂੰ ਮੁੜ ਸੁਰਖੀਆਂ ਵਿੱਚ ਲਿਆ ਦਿੱਤਾ ਹੈ। ਇਸ ਵੇਲੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਪੋਸਟ ਸਿਰਫ਼ ਸਿਆਸੀ ਬ੍ਰਾਂਡਿੰਗ, ਸਮਰਥਕਾਂ ਨੂੰ ਉਤਸ਼ਾਹਿਤ ਕਰਨ ਜਾਂ 2028 ਦੀ ਰਿਪਬਲਿਕਨ ਸਿਆਸਤ ਵਿੱਚ ਆਪਣਾ ਪ੍ਰਭਾਵ ਕਾਇਮ ਰੱਖਣ ਦਾ ਤਰੀਕਾ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਰਣਨੀਤੀ ਹੈ।