ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸ਼ਨੀਵਾਰ ਸ਼ਾਮ ਨੂੰ ਫੌਜ, ਪੁਲਿਸ ਅਤੇ ਸੀ.ਆਰ.ਪੀ.ਐਫ. ਦੀ ਸਾਂਝੀ ਟੀਮ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਲਸ਼ਕਰ-ਏ-ਤੈਅਬਾ ਦੇ ਦੋ ਚੋਟੀ ਦੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਕਾਰਵਾਈ ਸੈਦਪੋਰਾ ਪਾਇਨ ਦੇ ਛਾਨਪੋਰਾ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਕੀਤੀ ਗਈ।
ਫੌਜ ਦੀ ਵਿਸ਼ੇਸ਼ ਅੱਤਵਾਦ ਵਿਰੋਧੀ ਯੂਨਿਟ 'ਵਿਕਟਰ ਫੋਰਸ' ਨੇ ਇਸ ਆਪਰੇਸ਼ਨ ਦੀ ਕਮਾਨ ਸੰਭਾਲਦਿਆਂ ਆਸ-ਪਾਸ ਦੇ ਚਾਰ ਪਿੰਡਾਂ ਨੂੰ ਖਾਲੀ ਕਰਵਾ ਲਿਆ ਅਤੇ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਲਿਆ। ਸ਼ੁੱਕਰਵਾਰ ਨੂੰ ਮੀਮੰਦਰ ਇਲਾਕੇ ਦੇ ਇੱਕ ਬਾਗ ਵਿੱਚ ਲੱਗੇ ਫੌਜੀ ਕੈਮਰੇ ਵਿੱਚ ਦੋਵੇਂ ਅੱਤਵਾਦੀ ਨਜ਼ਰ ਆਏ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ।
ਮੁਕਾਬਲਾ 4 ਜੁਲਾਈ ਨੂੰ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਇਆ, ਜੋ ਲਗਭਗ ਤਿੰਨ ਘੰਟੇ ਚੱਲਿਆ। ਹਨੇਰਾ ਹੋਣ ਕਾਰਨ ਰਾਤ ਨੂੰ ਆਪਰੇਸ਼ਨ ਰੋਕ ਦਿੱਤਾ ਗਿਆ, ਪਰ ਸੁਰੱਖਿਆ ਬਲਾਂ ਨੇ ਸਾਰੇ ਰਸਤੇ ਬੰਦ ਕਰਕੇ ਰੌਸ਼ਨੀ ਦਾ ਪ੍ਰਬੰਧ ਕੀਤਾ ਅਤੇ ਸਵੇਰੇ ਮੁੜ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਮਾਰੇ ਗਏ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਜ਼ਾਕਿਰ ਅਹਿਮਦ ਗਨੀ ਵਜੋਂ ਹੋਈ ਹੈ, ਜੋ ਕੁਲਗਾਮ ਦੇ ਮੁਤਲਹਮ ਪਿੰਡ ਦਾ ਰਹਿਣ ਵਾਲਾ ਸੀ। ਜ਼ਾਕਿਰ ਉਨ੍ਹਾਂ 14 ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ਅਪ੍ਰੈਲ 2026 ਵਿੱਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਖੁਫੀਆ ਏਜੰਸੀਆਂ ਨੇ 'ਵਾਂਟਡ' ਐਲਾਨ ਕੀਤਾ ਸੀ। ਪਹਿਲਗਾਮ ਹਮਲੇ ਦੀ ਜਾਂਚ ਵਿੱਚ ਵੀ ਉਸ ਦਾ ਨਾਂ ਸਾਹਮਣੇ ਆਇਆ ਸੀ। ਉਸ ਦਾ ਸਾਥੀ ਲਤੀਫ਼ ਭੱਟ ਵੀ ਲਸ਼ਕਰ ਨਾਲ ਜੁੜਿਆ ਹੋਇਆ ਸੀ ਅਤੇ ਪਿਛਲੇ ਸਾਲ ਹੀ ਇਸ ਸੰਗਠਨ ਵਿੱਚ ਸ਼ਾਮਲ ਹੋਇਆ ਸੀ।
ਸੁਰੱਖਿਆ ਰਿਕਾਰਡ ਮੁਤਾਬਕ ਜ਼ਾਕਿਰ 2024 ਤੋਂ ਲਸ਼ਕਰ-ਏ-ਤੈਅਬਾ ਦਾ ਸਰਗਰਮ ਮੈਂਬਰ ਸੀ ਅਤੇ ਉਸ ਖ਼ਿਲਾਫ਼ ਅਕਤੂਬਰ 2025 ਵਿੱਚ ਐੱਨ.ਆਈ.ਏ. ਅਦਾਲਤ ਨੇ ਨੋਟਿਸ ਜਾਰੀ ਕੀਤਾ ਸੀ। ਦੱਸਣਯੋਗ ਹੈ ਕਿ ਪਹਿਲਗਾਮ ਹਮਲੇ ਮਗਰੋਂ ਸੁਰੱਖਿਆ ਏਜੰਸੀਆਂ ਨੇ 14 ਸਥਾਨਕ ਅੱਤਵਾਦੀਆਂ ਦੀ ਸੂਚੀ ਜਾਰੀ ਕਰਕੇ ਉਨ੍ਹਾਂ ਦੇ ਘਰ ਵੀ ਢਾਹ ਦਿੱਤੇ ਸਨ।
ਜ਼ਾਕਿਰ ਗਨੀ ਦੀ ਮੌਤ ਨਾਲ ਇਸ ਸੂਚੀ ਵਿੱਚੋਂ ਹੁਣ ਤੱਕ 9 ਅੱਤਵਾਦੀ ਮਾਰੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਮਈ 2025 ਵਿੱਚ ਸ਼ੋਪੀਆਂ ਅਤੇ ਪੁਲਵਾਮਾ ਵਿੱਚ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ 6 ਅੱਤਵਾਦੀ ਢੇਰ ਹੋ ਚੁੱਕੇ ਸਨ। ਸੁਰੱਖਿਆ ਬਲਾਂ ਨੇ ਹੁਣ ਬਾਕੀ ਰਹਿੰਦੇ 5 ਅੱਤਵਾਦੀਆਂ ਦੀ ਭਾਲ ਵਿੱਗੀ ਕਰ ਦਿੱਤੀ ਹੈ।
ਇਸ ਸਫ਼ਲ ਆਪਰੇਸ਼ਨ ਨਾਲ ਦੱਖਣੀ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵੱਡਾ ਝਟਕਾ ਲੱਗਾ ਹੈ। ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਅੱਤਵਾਦ ਖ਼ਿਲਾਫ਼ ਜੰਗ ਜਾਰੀ ਰਹੇਗੀ ਅਤੇ ਬਾਕੀ ਲੁਕੇ ਹੋਏ ਅੱਤਵਾਦੀਆਂ ਨੂੰ ਵੀ ਜਲਦੀ ਹੀ ਢੇਰ ਕਰ ਲਿਆ ਜਾਵੇਗਾ।