ਲਾਲ ਸਾਗਰ ਵਿੱਚ ਯਮਨ ਦੇ ਤੱਟ ਦੇ ਨੇੜੇ ਐਤਵਾਰ ਨੂੰ ਇੱਕ ਮਾਲਵਾਹਕ ਜਹਾਜ਼ ਨੂੰ ਹਥਿਆਰਬੰਦ ਹਮਲੇ ਦਾ ਸਾਹਮਣਾ ਕਰਨਾ ਪਿਆ। ਬ੍ਰਿਟੇਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਯੂਕੇਐਮਟੀਓ ਮੁਤਾਬਕ ਜਹਾਜ਼ ਨੇ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਦੀ ਸੂਚਨਾ ਦਿੱਤੀ ਹੈ, ਜਿਸ ਤੋਂ ਬਾਅਦ ਏਜੰਸੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਯੂਕੇਐਮਟੀਓ ਮੁਤਾਬਕ ਇਹ ਘਟਨਾ ਯਮਨ ਦੇ ਪੱਛਮੀ ਤੱਟੀ ਸ਼ਹਿਰ ਹੋਦੇਦਾ ਤੋਂ ਲਗਪਗ 30 ਸਮੁੰਦਰੀ ਮੀਲ (55 ਕਿਲੋਮੀਟਰ) ਦੱਖਣ-ਪੱਛਮ ਵੱਲ ਵਾਪਰੀ। ਦੱਸਣਯੋਗ ਹੈ ਕਿ ਹੋਦੇਦਾ 'ਤੇ ਈਰਾਨ-ਸਮਰਥਿਤ ਹੂਤੀ ਵਿਦਰੋਹੀਆਂ ਦਾ ਕਬਜ਼ਾ ਹੈ। ਜਹਾਜ਼ ਤੋਂ ਮਿਲੀ ਸੂਚਨਾ ਮੁਤਾਬਕ ਹਥਿਆਰਬੰਦ ਅਣਪਛਾਤੇ ਲੋਕਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ, ਪਰ ਹੁਣ ਤੱਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
ਹਾਲ ਹੀ ਦੇ ਦਿਨਾਂ ਵਿੱਚ ਹੂਤੀ ਵਿਦਰੋਹੀਆਂ ਨੇ ਲਾਲ ਸਾਗਰ ਵਿੱਚ ਲੰਘਣ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ, ਪਰ ਹੁਣ ਤੱਕ ਉਨ੍ਹਾਂ ਵੱਲੋਂ ਕੋਈ ਨਵਾਂ ਹਮਲਾ ਨਹੀਂ ਕੀਤਾ ਗਿਆ ਸੀ। ਇਸ ਤਾਜ਼ਾ ਘਟਨਾ 'ਤੇ ਹੂਤੀ ਖੇਮੇ ਵੱਲੋਂ ਕੋਈ ਤੁਰੰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਇਸ ਤੋਂ ਪਹਿਲਾਂ ਗਾਜ਼ਾ ਜੰਗ ਦੌਰਾਨ ਹੂਤੀਆਂ ਨੇ ਆਪਣੇ ਖੇਤਰ ਵਿੱਚੋਂ ਗੁਜ਼ਰਦੇ ਕਈ ਵਪਾਰਕ ਜਹਾਜ਼ਾਂ 'ਤੇ ਡਰੋਨ ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਸਨ, ਜਿਸ ਕਾਰਨ ਵਿਸ਼ਵ ਪੱਧਰ 'ਤੇ ਸ਼ਿਪਿੰਗ ਕੰਪਨੀਆਂ ਨੂੰ ਆਪਣੇ ਰਸਤੇ ਬਦਲਣੇ ਪਏ ਸਨ। ਕਈ ਅੰਤਰਰਾਸ਼ਟਰੀ ਕੰਪਨੀਆਂ ਨੇ ਲਾਲ ਸਾਗਰ ਅਤੇ ਸੁਏਜ਼ ਨਹਿਰ ਦੇ ਰਸਤੇ ਦੀ ਥਾਂ ਅਫ਼ਰੀਕਾ ਦੇ ਦੱਖਣੀ ਸਿਰੇ ਤੋਂ ਲੰਬਾ ਸਮੁੰਦਰੀ ਰਸਤਾ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ।
ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਸੋਮਾਲੀ ਸਮੁੰਦਰੀ ਲੁਟੇਰਿਆਂ ਦੀ ਸਰਗਰਮੀ ਵੀ ਚਿੰਤਾ ਦਾ ਕਾਰਨ ਬਣੀ ਹੋਈ ਹੈ। 1 ਜੁਲਾਈ ਨੂੰ ਦੱਖਣ-ਪੂਰਬੀ ਯਮਨ ਦੇ ਬਲਹਾਫ਼ ਬੰਦਰਗਾਹ ਤੋਂ ਲਗਪਗ 76 ਸਮੁੰਦਰੀ ਮੀਲ (140 ਕਿਲੋਮੀਟਰ) ਦੂਰ ਇੱਕ ਜਹਾਜ਼ ਨੂੰ ਸ਼ੱਕੀ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਸੀ। ਯੂਕੇਐਮਟੀਓ ਮੁਤਾਬਕ ਇਸ ਘਟਨਾ ਵਿੱਚ ਇੱਕ ਛੋਟੀ ਜਿਹੀ ਨਾਓ 'ਤੇ ਸਵਾਰ ਚਾਰ ਹਥਿਆਰਬੰਦ ਵਿਅਕਤੀਆਂ ਨੇ ਜਹਾਜ਼ ਦੇ ਬ੍ਰਿਜ ਨੂੰ ਮਾਮੂਲੀ ਨੁਕਸਾਨ ਪਹੁੰਚਾਇਆ।
ਸਮੁੰਦਰੀ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਲਗਾਤਾਰ ਵੱਧ ਰਹੇ ਸੁਰੱਖਿਆ ਖ਼ਤਰੇ ਵਿਸ਼ਵ ਵਪਾਰ ਅਤੇ ਸਪਲਾਈ ਚੇਨ ਲਈ ਗੰਭੀਰ ਚੁਣੌਤੀ ਬਣ ਗਏ ਹਨ। ਹਾਲਾਤ ਇਹ ਹਨ ਕਿ ਸਮੁੰਦਰੀ ਰਸਤਿਆਂ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਸਮੁਦਾਏ ਵੱਲੋਂ ਵਧੇਰੇ ਧਿਆਨ ਦੇਣ ਦੀ ਮੰਗ ਵਧ ਰਹੀ ਹੈ।