ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬਨਰਜੀ ਦਾ ਬਰੁਈਪੁਰ ਜਬਰ-ਜ਼ਿਨਾਹ-ਕਤਲ ਵਿਰੁੱਧ ਅੱਜ ਹੋਏ ਪ੍ਰਦਰਸ਼ਨ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਹੀ ਇੱਕ ਪਾਰਟੀ ਵਰਕਰ ਨੂੰ ਥੱਪੜ ਮਾਰਦੀ ਨਜ਼ਰ ਆ ਰਹੀਆਂ ਹਨ। ਕਾਲੀਘਾਟ ਵਿੱਚ ਉਨ੍ਹਾਂ ਦੇ ਘਰ ਸਾਹਮਣੇ ਇਕੱਠੀ ਹੋਈ ਭੀੜ ਨੂੰ ਸੰਬੋਧਨ ਕਰਨ ਦੌਰਾਨ ਅਚਾਨਕ ਹੜਬੜੀ ਮੱਚ ਗਈ, ਜਿਸ ਤੋਂ ਬਾਅਦ ਮਮਤਾ ਖੁਦ ਭੀੜ ਨੂੰ ਸੰਭਾਲਣ ਉਤਰੀਆਂ। ਇਸੇ ਦੌਰਾਨ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਧੱਕਾ ਮਾਰਦਿਆਂ ਥੱਪੜ ਜੜ ਦਿੱਤਾ।
ਹਾਲਾਂਕਿ ਪਾਰਟੀ ਸੂਤਰਾਂ ਮੁਤਾਬਕ ਇਹ ਵਿਅਕਤੀ ਤ੍ਰਿਣਮੂਲ ਕਾਂਗਰਸ ਦਾ ਕਾਰਕੁਨ ਦੱਸਿਆ ਜਾ ਰਿਹਾ ਹੈ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਮਤਾ ਨੇ ਇਹ ਕਦਮ ਕਿਸ ਕਾਰਨ ਚੁੱਕਿਆ। ਮੰਨਿਆ ਜਾ ਰਿਹਾ ਹੈ ਕਿ ਭੀੜ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦਾ ਗੁੱਸਾ ਫੂਟ ਪਿਆ।
ਇਸ ਘਟਨਾ ਨੂੰ ਲੈ ਕੇ ਭਾਜਪਾ ਨੇ ਮਮਤਾ 'ਤੇ ਜ਼ਬਰਦਸਤ ਹਮਲਾ ਬੋਲਿਆ। ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਕਿਹਾ, "ਇਹ ਵੀਡੀਓ ਖੁਦ ਮਮਤਾ ਬਨਰਜੀ ਦੀ ਮਾਨਸਿਕ ਹਾਲਤ ਦਾ ਆਇਨਾ ਹੈ। ਚੋਣ ਹਾਰ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਟੁੱਟ ਰਹੀਆਂ ਹਨ ਅਤੇ ਹੁਣ ਉਹ ਆਪਣੇ ਕਾਰਕੁਨਾਂ 'ਤੇ ਹੱਥ ਚੁੱਕ ਰਹੀਆਂ ਹਨ।"
ਪ੍ਰਦਰਸ਼ਨ ਦੌਰਾਨ ਮਮਤਾ ਨੇ ਪੁਲਿਸ ਪ੍ਰਸ਼ਾਸਨ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, "ਮੈਨੂੰ ਸੂਚਨਾ ਮਿਲੀ ਕਿ ਸਾਡੇ IT ਸੈੱਲ ਦੇ ਪ੍ਰਧਾਨ 'ਤੇ ਹਮਲਾ ਹੋਇਆ, ਇਸ ਲਈ ਮੈਂ ਉੱਥੇ ਗਈ। ਪਰ ਪੁਲਿਸ ਨੇ ਸਾਡੇ ਕਾਰਕੁਨਾਂ ਨੂੰ ਨਾਅਰੇ ਲਗਾਉਣ ਤੋਂ ਰੋਕਿਆ, ਸਾਡੇ ਹੈਂਡ ਮਾਈਕ ਖੋਹੇ, ਜਦੋਂ ਕਿ ਹਾਈ ਕੋਰਟ ਨੇ ਸਾਨੂੰ ਇਜਾਜ਼ਤ ਦਿੱਤੀ ਸੀ। ਉਨ੍ਹਾਂ ਸਾਡੇ ਵਰਕਰਾਂ ਦੀ ਪਿੱਟਾਈ ਵੀ ਕੀਤੀ।"
ਮਮਤਾ ਨੇ ਕਿਹਾ, "ਮੈਂ BJP ਨੂੰ ਨਹੀਂ, ਸਗੋਂ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾ ਰਹੀ ਹਾਂ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਰੈਲੀ ਸ਼ਾਂਤੀ ਨਾਲ ਹੋਵੇ, ਪਰ ਉਨ੍ਹਾਂ ਨੇ ਉਲਟ ਕੰਮ ਕੀਤਾ।"
ਮਮਤਾ ਨੇ ਕਿਹਾ ਕਿ ਬੰਗਾਲ ਵਿੱਚ ਹਾਲਾਤ ਦਿਨੋ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ, "ਪਿਛਲੇ ਦੋ ਮਹੀਨਿਆਂ ਵਿੱਚ 14 ਤੋਂ ਵੱਧ ਕੁੜੀਆਂ ਅਤੇ ਔਰਤਾਂ ਨਾਲ ਬਲਾਤਕਾਰ ਅਤੇ ਕਤਲ ਵਰਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਦੁਰਗਾਪੁਰ, ਬਰਧਵਾਨ, ਭਗਵਾਨਪੁਰ, ਮਾਲਦਾ, ਬੇਹਾਲਾ – ਹਰ ਥਾਂ ਇਹੀ ਹਾਲਾਤ ਹਨ।"
ਉਨ੍ਹਾਂ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ, "ਜੇਕਰ ਸ਼ਾਂਤੀ ਬਰਕਰਾਰ ਰੱਖਣੀ ਹੈ ਤਾਂ ਪ੍ਰਸ਼ਾਸਨ ਨੂੰ ਠੀਕ ਕੰਮ ਕਰਨਾ ਪਵੇਗਾ, ਨਹੀਂ ਤਾਂ ਲੋਕ ਸੜਕਾਂ 'ਤੇ ਆ ਜਾਣਗੇ।"
ਮਮਤਾ ਨੇ ਦੋਸ਼ ਲਗਾਇਆ ਕਿ ਕੱਲ੍ਹ ਬਰੁਈਪੁਰ ਵਿੱਚ 50 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਦੋਸ਼ੀ ਅਜੇ ਤੱਕ ਬਰੀ ਹਨ। ਉਨ੍ਹਾਂ ਕਿਹਾ, "ਇਹ ਹਮਲੇ ਅਤੇ ਗ੍ਰਿਫ਼ਤਾਰੀਆਂ ਸਪੱਸ਼ਟ ਤੌਰ 'ਤੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ।"
ਅਖ਼ੀਰ ਵਿੱਚ ਉਨ੍ਹਾਂ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਮੁੱਦੇ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨਾ ਚਾਹੁੰਦੀਆਂ ਹਨ, ਪਰ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।