menu-icon
Punjabi Story Line
  • Home
  • News
  • National
  • ਪੁਰਾਣੀਆਂ ਗੱਡੀਆਂ 'ਚ E-20 ਪੈਟਰੋਲ ਕਿੰਨਾ ਸੁਰੱਖਿਅਤ? ਕੇਜਰੀਵਾਲ ਨੇ 29 ਕੰਪਨੀਆਂ ਨੂੰ ਚਿੱਠੀਆਂ ਲਿਖ ਕੇ ਮੰਗਿਆ ਸਪੱਸ਼ਟ ਜਵਾਬ

ਪੁਰਾਣੀਆਂ ਗੱਡੀਆਂ 'ਚ E-20 ਪੈਟਰੋਲ ਕਿੰਨਾ ਸੁਰੱਖਿਅਤ? ਕੇਜਰੀਵਾਲ ਨੇ 29 ਕੰਪਨੀਆਂ ਨੂੰ ਚਿੱਠੀਆਂ ਲਿਖ ਕੇ ਮੰਗਿਆ ਸਪੱਸ਼ਟ ਜਵਾਬ

ਕੇਜਰੀਵਾਲ ਨੇ ਇਸ਼ਾਰਾ ਕੀਤਾ ਕਿ ਇਨ੍ਹਾਂ ਕੰਪਨੀਆਂ ਦੇ ਅਧਿਕਾਰਤ ਓਨਰ ਮੈਨੂਅਲ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ 2023 ਤੋਂ ਪਹਿਲਾਂ ਦੀਆਂ ਗੱਡੀਆਂ ਵਿੱਚ 10% ਤੋਂ ਵੱਧ ਈਥੇਨੌਲ ਵਾਲੇ ਪੈਟਰੋਲ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ, "ਓਨਰ ਮੈਨੂਅਲ ਖਪਤਕਾਰ ਤੇ ਕੰਪਨੀ ਵਿਚਕਾਰ ਇੱਕ ਕਾਨੂੰਨੀ ਸਮਝੌਤਾ ਹੈ, ਪਰ ਕੰਪਨੀਆਂ ਦੇ ਨੁਮਾਇੰਦੇ ਜਨਤਕ ਮੰਚ 'ਤੇ ਇਸ ਦੇ ਉਲਟ ਬਿਆਨ ਦੇ ਰਹੇ ਹਨ।

Date Updated Last Updated : 08 July 2026, 08:30 PM IST
Share:

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀਆਂ 29 ਪ੍ਰਮੁੱਖ ਆਟੋਮੋਬਾਈਲ ਕੰਪਨੀਆਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖ ਕੇ ਇੱਕ ਹਫ਼ਤੇ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਹੈ ਕਿ ਕੀ 2023 ਤੋਂ ਪਹਿਲਾਂ ਬਣੀਆਂ ਪੁਰਾਣੀਆਂ ਗੱਡੀਆਂ ਵਿੱਚ E-20 (20% ਈਥੇਨੌਲ ਮਿਕਸਟ ਪੈਟਰੋਲ) ਪਾਉਣਾ ਸੁਰੱਖਿਅਤ ਹੈ। ਉਨ੍ਹਾਂ ਨੇ ਖਾਸ ਤੌਰ 'ਤੇ ਟੋਇਟਾ, ਮਾਰੂਤੀ ਅਤੇ ਹੀਰੋ ਨੂੰ ਵੱਖਰੀ ਚਿੱਠੀ ਲਿਖ ਕੇ ਸਖ਼ਤ ਸਵਾਲ ਪੁੱਛੇ ਹਨ, ਕਿਉਂਕਿ ਇਨ੍ਹਾਂ ਕੰਪਨੀਆਂ ਨੇ ਹਾਲ ਹੀ ਵਿੱਚ ਇੱਕ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਸੀ ਕਿ ਪੁਰਾਣੀਆਂ ਗੱਡੀਆਂ ਵਿੱਚ E-20 ਦੀ ਵਰਤੋਂ ਨਾਲ ਸਿਰਫ਼ 4-5% ਮਾਈਲੇਜ ਘਟਦੀ ਹੈ, ਪਰ ਗੱਡੀ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਹੁੰਦਾ।
ਕੇਜਰੀਵਾਲ ਨੇ ਇਸ਼ਾਰਾ ਕੀਤਾ ਕਿ ਇਨ੍ਹਾਂ ਕੰਪਨੀਆਂ ਦੇ ਅਧਿਕਾਰਤ ਓਨਰ ਮੈਨੂਅਲ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ 2023 ਤੋਂ ਪਹਿਲਾਂ ਦੀਆਂ ਗੱਡੀਆਂ ਵਿੱਚ 10% ਤੋਂ ਵੱਧ ਈਥੇਨੌਲ ਵਾਲੇ ਪੈਟਰੋਲ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ, "ਓਨਰ ਮੈਨੂਅਲ ਖਪਤਕਾਰ ਤੇ ਕੰਪਨੀ ਵਿਚਕਾਰ ਇੱਕ ਕਾਨੂੰਨੀ ਸਮਝੌਤਾ ਹੈ, ਪਰ ਕੰਪਨੀਆਂ ਦੇ ਨੁਮਾਇੰਦੇ ਜਨਤਕ ਮੰਚ 'ਤੇ ਇਸ ਦੇ ਉਲਟ ਬਿਆਨ ਦੇ ਰਹੇ ਹਨ। ਇਹ ਬਹੁਤ ਗੰਭੀਰ ਮਸਲਾ ਹੈ।"

ਤਿੰਨ ਵੱਡੀਆਂ ਕੰਪਨੀਆਂ ਨੂੰ ਚਿੱਠੀ – ਪੁੱਛੇ ਗਏ ਚਾਰ ਅਹਿਮ ਸਵਾਲ

1.    ਕੀ ਤੁਸੀਂ ਲਿਖਤੀ ਤੌਰ 'ਤੇ ਪੁਸ਼ਟੀ ਕਰਦੇ ਹੋ ਕਿ ਪੁਰਾਣੀਆਂ ਗੱਡੀਆਂ ਵਿੱਚ E-20 ਪਾਉਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ?
2.    ਕੀ ਇਸ ਨਾਲ ਮਾਈਲੇਜ ਸਿਰਫ਼ 4-5% ਹੀ ਘਟਦੀ ਹੈ?
3.    ਜੇਕਰ ਕਿਸੇ ਖਪਤਕਾਰ ਦੀ ਗੱਡੀ ਦੀ ਮਾਈਲੇਜ 5-10% ਤੋਂ ਵੱਧ ਘਟਦੀ ਹੈ, ਤਾਂ ਕੀ ਕੰਪਨੀ ਉਸ ਨੂੰ ਮੁਆਵਜ਼ਾ ਦੇਵੇਗੀ?
4.    ਜੇਕਰ E-20 ਕਾਰਨ ਗੱਡੀ ਦਾ ਕੋਈ ਪੁਰਜ਼ਾ (ਕੰਪੋਨੈਂਟ) ਖ਼ਰਾਬ ਹੁੰਦਾ ਹੈ, ਤਾਂ ਕੀ ਕੰਪਨੀ ਉਸ ਦੀ ਮੁਰੰਮਤ ਜਾਂ ਬਦਲੀ ਦਾ ਖਰਚਾ ਚੁੱਕੇਗੀ?

26 ਹੋਰ ਕੰਪਨੀਆਂ ਨੂੰ ਆਮ ਚਿੱਠੀ

ਇਸ ਤੋਂ ਇਲਾਵਾ, ਕੇਜਰੀਵਾਲ ਨੇ 26 ਹੋਰ ਆਟੋ ਕੰਪਨੀਆਂ ਨੂੰ ਇੱਕ ਸਾਂਝੀ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ :
– ਕੀ ਉਨ੍ਹਾਂ ਦੀਆਂ 2023 ਤੋਂ ਪਹਿਲਾਂ ਦੀਆਂ ਗੱਡੀਆਂ E-20 ਦੇ ਅਨੁਕੂਲ ਹਨ?
– ਇਸ ਦੀ ਵਰਤੋਂ ਨਾਲ ਮਾਈਲੇਜ ਵਿੱਚ ਕਿੰਨੀ ਕਮੀ ਆ ਸਕਦੀ ਹੈ?
– ਕੀ ਇਸ ਨਾਲ ਇੰਜਣ ਜਾਂ ਹੋਰ ਹਿੱਸਿਆਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੈ?
– ਕੀ ਕੰਪਨੀਆਂ ਮੁਆਵਜ਼ਾ ਦੇਣ ਲਈ ਤਿਆਰ ਹਨ?

ਆਮ ਲੋਕਾਂ ਤੱਕ ਪਹੁੰਚੇਗਾ ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਉਹ ਵੀਰਵਾਰ ਨੂੰ ਖੁਦ ਵੱਖ-ਵੱਖ ਪੈਟਰੋਲ ਪੰਪਾਂ, ਸਰਵਿਸ ਸੈਂਟਰਾਂ ਅਤੇ ਮਕੈਨਿਕਾਂ ਨਾਲ ਗੱਲਬਾਤ ਕਰਨਗੇ, ਤਾਂ ਜੋ E-20 ਨੂੰ ਲੈ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਰਾਇ ਨੂੰ ਨੇੜਿਓਂ ਸਮਝਿਆ ਜਾ ਸਕੇ।

ਇੱਕ ਹਫ਼ਤੇ ਦੀ ਮਿਆਦ, ਨਹੀਂ ਤਾਂ ਅੱਗੇ ਕੀ?

ਕੇਜਰੀਵਾਲ ਨੇ ਕਿਹਾ, "ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਜਦੋਂ ਓਨਰ ਮੈਨੂਅਲ ਕੁਝ ਕਹਿੰਦਾ ਹੈ ਅਤੇ ਕੰਪਨੀਆਂ ਕੁਝ ਹੋਰ ਕਹਿੰਦੀਆਂ ਹਨ, ਤਾਂ ਇਹ ਖਪਤਕਾਰਾਂ ਨਾਲ ਧੋਖਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਕ ਹਫ਼ਤੇ ਦੇ ਅੰਦਰ ਸਾਰੀਆਂ ਕੰਪਨੀਆਂ ਆਪਣਾ ਸਪੱਸ਼ਟ ਰੁਖ਼ ਜਨਤਕ ਕਰਨਗੀਆਂ, ਕਿਉਂਕਿ ਇਹ ਮਾਮਲਾ ਹਰੇਕ ਵਾਹਨ-ਮਾਲਕ ਨਾਲ ਜੁੜਿਆ ਹੈ।"
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੰਪਨੀਆਂ ਈ-20 ਨੂੰ ਸੁਰੱਖਿਅਤ ਦੱਸਣ, ਤਾਂ ਉਨ੍ਹਾਂ ਨੂੰ ਇਹ ਵੀ ਲਿਖਤੀ ਭਰੋਸਾ ਦੇਣਾ ਚਾਹੀਦਾ ਹੈ ਕਿ ਜੇਕਰ ਕਿਸੇ ਵਾਹਨ ਨੂੰ ਨੁਕਸਾਨ ਹੁੰਦਾ ਹੈ ਤਾਂ ਉਹ ਖਪਤਕਾਰ ਦਾ ਹਰਜਾਨਾ ਭਰਨਗੀਆਂ।

Tags :

Recent News