menu-icon
Punjabi Story Line
  • Home
  • News
  • Punjab
  • ਪੈਸੇ ਲਈ ਪੰਜਾਬ ਦਾ ਦਰਦ ਵੇਚ ਰਿਹੈ ਦਿਲਜੀਤ' : ਰਵਨੀਤ ਬਿੱਟੂ ਦਾ ਗਾਇਕ 'ਤੇ ਸ਼ਬਦੀ ਹਮਲਾ, OTT ਵਿਵਾਦ 'ਤੇ ਵੀ ਤਿੱਖੀ ਟਿੱਪਣੀ

ਪੈਸੇ ਲਈ ਪੰਜਾਬ ਦਾ ਦਰਦ ਵੇਚ ਰਿਹੈ ਦਿਲਜੀਤ' : ਰਵਨੀਤ ਬਿੱਟੂ ਦਾ ਗਾਇਕ 'ਤੇ ਸ਼ਬਦੀ ਹਮਲਾ, OTT ਵਿਵਾਦ 'ਤੇ ਵੀ ਤਿੱਖੀ ਟਿੱਪਣੀ

ਬਿੱਟੂ ਨੇ ਦਿਲਜੀਤ ਨੂੰ 'ਬਹੁਰੂਪੀਆ' ਕਰਾਰ ਦਿੰਦਿਆਂ ਕਿਹਾ, "ਤੂੰ ਹਰ ਪਾਸੇ ਆਪਣਾ ਰੰਗ ਬਦਲ ਲੈਂਦਾ ਹੈਂ। ਜਿੱਥੋਂ ਪੈਸਾ ਮਿਲਣ ਲੱਗਦਾ ਹੈ, ਉਧਰ ਹੀ ਤੇਰਾ ਝੋਲਾ ਪੈ ਜਾਂਦਾ ਹੈ। ਵਿਦੇਸ਼ਾਂ ਵਿੱਚ ਤੂੰ ਉਨ੍ਹਾਂ ਨੂੰ ਬਾਹਰ ਕੱਢਣ ਦੀ ਗੱਲ ਕਰਦਾ ਹੈਂ, ਜੋ ਖਾਲਿਸਤਾਨ ਦਾ ਝੰਡਾ ਲੈ ਕੇ ਖੜ੍ਹੇ ਹੁੰਦੇ ਹਨ, ਪਰ ਅੱਜ ਇਸੇ ਰਾਹੀਂ ਆਪਣਾ ਐਜੰਡਾ ਵੀ ਚਲਾ ਰਿਹਾ ਹੈਂ।"

Date Updated Last Updated : 08 July 2026, 08:12 PM IST
Share:

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਖ਼ਿਲਾਫ਼ ਜ਼ਬਰਦਸਤ ਹਮਲਾ ਬੋਲਿਆ ਹੈ। ਲੁਧਿਆਣਾ ਵਿੱਚ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਬਿੱਟੂ ਨੇ ਜਸਵੰਤ ਸਿੰਘ ਖਾਲੜਾ 'ਤੇ ਅਧਾਰਤ ਫ਼ਿਲਮ ਅਤੇ ਓ.ਟੀ.ਟੀ. ਮਾਮਲੇ ਨੂੰ ਲੈ ਕੇ ਦਿਲਜੀਤ ਨੂੰ ਬੁਰੀ ਤਰ੍ਹਾਂ ਘੇਰਿਆ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਕਿਸੇ ਧਾਰਮਿਕ ਜਾਂ ਸਮਾਜਕ ਉਦੇਸ਼ ਨਾਲ ਨਹੀਂ, ਸਗੋਂ ਕਰੋੜਾਂ ਕਮਾਉਣ ਦੀ ਸੋਚੀ-ਸਮਝੀ ਯੋਜਨਾ ਅਤੇ ਪਬਲਿਸਿਟੀ ਸਟੰਟ ਹੈ।
ਬਿੱਟੂ ਨੇ ਦਿਲਜੀਤ ਨੂੰ 'ਬਹੁਰੂਪੀਆ' ਕਰਾਰ ਦਿੰਦਿਆਂ ਕਿਹਾ, "ਤੂੰ ਹਰ ਪਾਸੇ ਆਪਣਾ ਰੰਗ ਬਦਲ ਲੈਂਦਾ ਹੈਂ। ਜਿੱਥੋਂ ਪੈਸਾ ਮਿਲਣ ਲੱਗਦਾ ਹੈ, ਉਧਰ ਹੀ ਤੇਰਾ ਝੋਲਾ ਪੈ ਜਾਂਦਾ ਹੈ। ਵਿਦੇਸ਼ਾਂ ਵਿੱਚ ਤੂੰ ਉਨ੍ਹਾਂ ਨੂੰ ਬਾਹਰ ਕੱਢਣ ਦੀ ਗੱਲ ਕਰਦਾ ਹੈਂ, ਜੋ ਖਾਲਿਸਤਾਨ ਦਾ ਝੰਡਾ ਲੈ ਕੇ ਖੜ੍ਹੇ ਹੁੰਦੇ ਹਨ, ਪਰ ਅੱਜ ਇਸੇ ਰਾਹੀਂ ਆਪਣਾ ਐਜੰਡਾ ਵੀ ਚਲਾ ਰਿਹਾ ਹੈਂ।"

'ਅਮਿਤਾਭ ਦੇ ਪੈਰ ਛੂਹਣ ਵਾਲਾ ਅੱਜ ਸਿੱਖਾਂ ਦਾ ਹਾਮੀ'

ਬਿੱਟੂ ਨੇ ਦਿਲਜੀਤ ਵੱਲ ਉਂਗਲ ਚੁੱਕਦਿਆਂ ਕਿਹਾ, "ਜਿਸ ਅਮਿਤਾਭ ਬੱਚਨ ਨੇ 1984 ਵਿੱਚ ਸਿੱਖਾਂ ਖ਼ਿਲਾਫ਼ ਸਭ ਤੋਂ ਭਿਆਨਕ ਜੁਲਮ ਕਰਵਾਏ, ਉਸ ਦੇ ਪੈਰ ਛੂਹਣ ਵਾਲਾ ਦਿਲਜੀਤ ਅੱਜ ਸਿੱਖਾਂ ਦੇ ਦਰਦ ਦੀ ਗੱਲ ਕਰਦਾ ਹੈ। ਇਹ ਕਿੰਨੀ ਵੱਡੀ ਦੋ-ਮੁਖੀ ਸੋਚ ਹੈ?"
ਉਨ੍ਹਾਂ ਅੱਗੇ ਕਿਹਾ ਕਿ ਦਿਲਜੀਤ ਵਿਦੇਸ਼ਾਂ ਦੇ ਮਹਿਲਾਂ ਵਿੱਚ ਬੈਠਾ ਪੰਜਾਬ ਦਾ ਦਰਦ ਵੇਚ ਰਿਹਾ ਹੈ, ਜਦੋਂ ਕਿ ਜਦੋਂ ਅਸਲ ਵਿੱਚ ਪੰਜਾਬ ਵਿੱਚ ਲੋਕ ਸੰਘਰਸ਼ ਕਰ ਰਹੇ ਸਨ, ਉਦੋਂ ਉਹ ਆਪਣੇ ਪਰਿਵਾਰ ਸਮੇਤ ਸਰਕਾਰੀ ਨੌਕਰੀਆਂ ਦਾ ਆਨੰਦ ਮਾਣ ਰਿਹਾ ਸੀ।

'ਚਮਕੀਲਾ' ਫ਼ਿਲਮ 'ਤੇ ਵੀ ਨਿਸ਼ਾਨਾ

ਬਿੱਟੂ ਨੇ ਦਿਲਜੀਤ ਦੀ 'ਚਮਕੀਲਾ' ਫ਼ਿਲਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, "ਜਿਸ ਚਮਕੀਲਾ ਨੇ ਪੰਜਾਬ ਦੀਆਂ ਧੀਆਂ-ਭੈਣਾਂ ਲਈ ਸਭ ਤੋਂ ਅਸ਼ਲੀਲ ਗੀਤ ਗਾਏ, ਉਸ 'ਤੇ ਫ਼ਿਲਮ ਬਣਾ ਕੇ ਸਭ ਤੋਂ ਗੰਦੀ ਫ਼ਿਲਮ ਦਾ ਕਿਰਦਾਰ ਬਣਾਇਆ, ਉਹ ਅੱਜ ਆਪਣੇ ਆਪ ਨੂੰ ਮਹਾਨ ਸਮਝ ਰਿਹਾ ਹੈ। ਜੇਕਰ ਇਸ ਨੂੰ ਔਰਤਾਂ ਦਾ ਸਤਿਕਾਰ ਹੁੰਦਾ, ਤਾਂ ਉਹ ਅਜਿਹੀ ਫ਼ਿਲਮ ਕਦੇ ਨਾ ਬਣਾਉਂਦਾ।"

'OTT ਤੋਂ ਫ਼ਿਲਮ ਹਟਾਉਣਾ ਇੱਕ ਡਰਾਮਾ'

ਓ.ਟੀ.ਟੀ. ਪਲੇਟਫਾਰਮ ਤੋਂ ਫ਼ਿਲਮ ਹਟਾਉਣ ਦੇ ਮਾਮਲੇ ਨੂੰ ਲੈ ਕੇ ਬਿੱਟੂ ਨੇ ਕਿਹਾ ਕਿ ਇਹ ਕੋਈ ਸਰਕਾਰੀ ਦਬਾਅ ਨਹੀਂ ਸੀ, ਸਗੋਂ ਇੱਕ ਸੋਚੀ-ਸਮਝੀ ਪਬਲਿਸਿਟੀ ਸਟੰਟ ਸੀ। ਉਨ੍ਹਾਂ ਕਿਹਾ, "ਜਦੋਂ ਦਿਲਜੀਤ ਦਾ ਵਿਊਅਰਸ਼ਿਪ ਤੋਂ ਕਮਾਈ ਦਾ ਟਾਰਗੈੱਟ ਪੂਰਾ ਹੋ ਗਿਆ, ਤਾਂ ਉਨ੍ਹਾਂ ਨੇ ਪਬਲਿਸਿਟੀ ਲਈ ਐਲਾਨ ਕੀਤਾ ਕਿ ਉਹ ਫ਼ਿਲਮ ਹਟਾ ਰਹੇ ਹਨ। ਸਰਕਾਰ ਓ.ਟੀ.ਟੀ. ਨੂੰ ਕੰਟਰੋਲ ਨਹੀਂ ਕਰਦੀ, ਇਹ ਸਭ ਇੱਕ ਡਰਾਮਾ ਹੈ।"

'ਬੇਅੰਤ ਸਿੰਘ ਦੇ ਕਾਰਜਕਾਲ ਵਿੱਚ ਖਾਲੜਾ 'ਤੇ ਕੋਈ ਕੇਸ ਨਹੀਂ'

ਬਿੱਟੂ ਨੇ ਸ਼ਹੀਦ ਬੇਅੰਤ ਸਿੰਘ ਦੇ ਕਾਰਜਕਾਲ ਦਾ ਵੀ ਹਵਾਲਾ ਦਿੰਦਿਆਂ ਕਿਹਾ, "ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਸਨ, ਉਦੋਂ ਜਸਵੰਤ ਸਿੰਘ ਖਾਲੜਾ ਖ਼ਿਲਾਫ਼ ਕੋਈ ਕੇਸ ਨਹੀਂ ਸੀ। 31 ਅਗਸਤ ਨੂੰ ਬੇਅੰਤ ਸਿੰਘ ਸ਼ਹੀਦ ਹੋਏ ਅਤੇ 6 ਸਤੰਬਰ ਨੂੰ ਖਾਲੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਲਈ ਜਿਹੜੇ ਲੋਕ ਬੇਅੰਤ ਸਿੰਘ 'ਤੇ ਉਂਗਲ ਚੁੱਕ ਰਹੇ ਹਨ, ਉਨ੍ਹਾਂ ਨੂੰ ਇਤਿਹਾਸ ਜਾਣਨਾ ਚਾਹੀਦਾ ਹੈ।"

'ਬੀਜੇਪੀ ਆਗੂ ਸਫ਼ਾਈ ਦੇਣ ਦੀ ਬਜਾਏ ਛਾਤੀ ਤਾਣ ਕੇ ਖੜ੍ਹਨ'

ਅਖ਼ੀਰ ਵਿੱਚ ਬਿੱਟੂ ਨੇ ਆਪਣੀ ਹੀ ਪਾਰਟੀ ਬੀਜੇਪੀ ਪੰਜਾਬ ਦੇ ਆਗੂਆਂ ਨੂੰ ਵੀ ਸਲਾਹ ਦਿੰਦਿਆਂ ਕਿਹਾ, "1980 ਤੋਂ 1995 ਤੱਕ ਪੰਜਾਬ ਵਿੱਚ ਜਾਂ ਕਾਂਗਰਸ ਸੀ ਜਾਂ ਗਵਰਨਰ ਰੁਲ। ਇਸ ਗੱਲ ਦਾ ਖਾਲੜਾ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ। ਬੀਜੇਪੀ ਨੂੰ ਇਸ ਮਾਮਲੇ ਵਿੱਚ ਸਫ਼ਾਈ ਦੇਣ ਦੀ ਲੋੜ ਨਹੀਂ, ਸਗੋਂ ਛਾਤੀ ਤਾਣ ਕੇ ਕਹਿਣਾ ਚਾਹੀਦਾ ਹੈ ਕਿ ਇਸ ਕਾਂਡ ਵਿੱਚ ਪਾਰਟੀ ਦਾ ਕੋਈ ਹੱਥ ਨਹੀਂ।"

Tags :

Recent News