Courtesy: @NetramDefence
ਨਵੀਂ ਦਿੱਲੀ: ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਅੱਜ ਚੀਨ ਦੀ ਰਾਜਧਾਨੀ ਬੀਜਿੰਗ ਪਹੁੰਚਣਗੇ। ਉੱਥੇ ਉਹ ਭਾਰਤ ਅਤੇ ਚੀਨ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਦੇ ਹੱਲ ਲਈ ਵਿਸ਼ੇਸ਼ ਬੈਠਕ 'ਚ ਸ਼ਾਮਲ ਹੋਣ ਹੋਣਗੇ। ਬੀਜਿੰਗ ਵਿੱਚ ਡੋਭਾਲ ਆਪਣੇ ਚੀਨੀ ਹਮਰੁਤਬਾ ਅਤੇ ਚੀਨ ਦੇ ਸੀਨੀਅਰ ਨੇਤਾ ਵਾਂਗ ਯੀ ਨਾਲ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਕਰ ਸਕਦੇ ਹਨ। ਦੋਵੇਂ ਦੇਸ਼ਾਂ ਵਿਚਕਾਰ ਵਿਸ਼ੇਸ਼ ਪ੍ਰਤੀਨਿਧੀਆਂ ਦੀ ਇਹ ਗੱਲਬਾਤ ਮੰਗਲਵਾਰ ਨੂੰ ਆਪਣੇ 25ਵੇਂ ਦੌਰ ਵਿੱਚ ਦਾਖਲ ਹੋਵੇਗੀ। ਇਸ ਬੈਠਕ ਦੌਰਾਨ ਦੋਵੇਂ ਪੱਖ ਸਰਹੱਦ ਨਾਲ ਜੁੜੇ ਮੁੱਦਿਆਂ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਅਹਿਮ ਪਹਿਲੂਆਂ 'ਤੇ ਵੀ ਵਿਚਾਰ ਕਰ ਸਕਦੇ ਹਨ।
ਡੋਭਾਲ ਅਤੇ ਵਾਂਗ ਯੀ ਵਿਚਕਾਰ ਹੋਣ ਵਾਲੀ ਇਹ ਮੁਲਾਕਾਤ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਹੋ ਰਹੀ ਹੈ। 12 ਅਤੇ 13 ਸਤੰਬਰ ਨੂੰ ਹੋਣ ਵਾਲੇ ਇਸ ਸ਼ਿਖਰ ਸੰਮੇਲਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਆ ਸਕਦੇ ਹਨ। ਜੇਕਰ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਹੁੰਦੀ ਹੈ ਤਾਂ ਲੰਬੇ ਸਮੇਂ ਬਾਅਦ ਭਾਰਤ ਅਤੇ ਚੀਨ ਦੇ ਸਿਖਰਲੇ ਨੇਤਾਵਾਂ ਵਿਚਕਾਰ ਆਹਮੋ-ਸਾਹਮਣੇ ਮੁਲਾਕਾਤ ਦਾ ਮੌਕਾ ਬਣ ਸਕਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ, ਅਜੇ ਤੱਕ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਦੇ ਬਾਵਜੂਦ ਦੋਵੇਂ ਪੱਖਾਂ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸੰਭਾਵਿਤ ਭਾਗੀਦਾਰੀ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ।
ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਦੀ ਪ੍ਰਕਿਰਿਆ ਸਾਲ 2003 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਲਗਭਗ 3,488 ਕਿਲੋਮੀਟਰ ਲੰਬੀ ਅਤੇ ਬਹੁਤ ਹੀ ਜਟਿਲ ਸਰਹੱਦ ਨਾਲ ਜੁੜੇ ਵਿਵਾਦ ਦਾ ਸਥਾਈ ਹੱਲ ਲੱਭਣਾ ਹੈ। ਅਜੀਤ ਡੋਭਾਲ ਭਾਰਤ ਵੱਲੋਂ ਇਸ ਪ੍ਰਕਿਰਿਆ ਦੇ ਵਿਸ਼ੇਸ਼ ਪ੍ਰਤੀਨਿਧੀ ਹਨ, ਜਦਕਿ ਵਾਂਗ ਯੀ ਚੀਨ ਵੱਲੋਂ ਇਸ ਜ਼ਿੰਮੇਵਾਰੀ ਨੂੰ ਨਿਭਾ ਰਹੇ ਹਨ। ਦੋਵੇਂ ਅਧਿਕਾਰੀ ਇਸ ਤੋਂ ਪਹਿਲਾਂ ਵੀ ਸਰਹੱਦੀ ਮੁੱਦਿਆਂ ਅਤੇ ਦੁਵੱਲੇ ਸਬੰਧਾਂ ਨਾਲ ਜੁੜੇ ਮਾਮਲਿਆਂ 'ਤੇ ਗੱਲਬਾਤ ਕਰ ਚੁੱਕੇ ਹਨ।
ਕਈ ਸਾਲਾਂ ਤੋਂ ਚੱਲ ਰਹੀ ਇਸ ਗੱਲਬਾਤ ਦੇ ਬਾਵਜੂਦ ਭਾਰਤ ਅਤੇ ਚੀਨ ਆਪਣੇ ਸਰਹੱਦੀ ਵਿਵਾਦ ਦਾ ਪੂਰਾ ਅਤੇ ਸਥਾਈ ਹੱਲ ਨਹੀਂ ਕੱਢ ਸਕੇ ਹਨ। ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਨੂੰ ਲੈ ਕੇ ਵੱਖ-ਵੱਖ ਖੇਤਰਾਂ ਵਿੱਚ ਦਾਅਵੇ ਅਤੇ ਮਤਭੇਦ ਰਹੇ ਹਨ। ਇਸ ਦੇ ਨਾਲ ਹੀ ਸਰਹੱਦ 'ਤੇ ਸਮੇਂ-ਸਮੇਂ 'ਤੇ ਪੈਦਾ ਹੋਣ ਵਾਲੇ ਤਣਾਅ ਨੇ ਵੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਪ੍ਰਭਾਵਿਤ ਕੀਤਾ ਹੈ।
ਡੋਭਾਲ ਅਤੇ ਵਾਂਗ ਯੀ ਦੀ ਬੈਠਕ ਸਿਰਫ਼ ਸਰਹੱਦੀ ਵਿਵਾਦ ਤੱਕ ਸੀਮਿਤ ਰਹਿਣ ਦੀ ਬਜਾਏ ਭਾਰਤ-ਚੀਨ ਦੇ ਵਿਆਪਕ ਦੁਵੱਲੇ ਸਬੰਧਾਂ ਲਈ ਵੀ ਮਹੱਤਵਪੂਰਨ ਹੋ ਸਕਦੀ ਹੈ। ਦੋਵੇਂ ਦੇਸ਼ ਪਿਛਲੇ ਕੁਝ ਸਮੇਂ ਤੋਂ ਸਰਹੱਦ 'ਤੇ ਤਣਾਅ ਘਟਾਉਣ ਅਤੇ ਆਪਸੀ ਸੰਪਰਕ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਜਿਹੇ ਵਿੱਚ ਵਿਸ਼ੇਸ਼ ਪ੍ਰਤੀਨਿਧੀਆਂ ਦੀ 25ਵੀਂ ਬੈਠਕ ਨੂੰ ਅਗਲੇ ਪੜਾਅ ਦੀ ਗੱਲਬਾਤ ਲਈ ਇੱਕ ਮਹੱਤਵਪੂਰਨ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਜੇਕਰ ਸਤੰਬਰ ਵਿੱਚ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਹੁੰਦੀ ਹੈ, ਤਾਂ ਡੋਭਾਲ ਅਤੇ ਵਾਂਗ ਯੀ ਵਿਚਕਾਰ ਹੋਣ ਵਾਲੀ ਗੱਲਬਾਤ ਉਸ ਮੁਲਾਕਾਤ ਲਈ ਕੂਟਨੀਤਕ ਮਾਹੌਲ ਤਿਆਰ ਕਰਨ ਵਿੱਚ ਵੀ ਭੂਮਿਕਾ ਨਿਭਾ ਸਕਦੀ ਹੈ।