menu-icon
Punjabi Story Line
  • Home
  • News
  • National
  • ਅਮਰੀਕੀ ਹਮਲੇ 'ਚ ਤਿੰਨ ਭਾਰਤੀ ਮਲਾਹਾਂ ਦੀ ਮੌਤ 'ਤੇ ਭੜਕਿਆ ਭਾਰਤ, ਜੈਸ਼ੰਕਰ ਨੇ ਸੁਣਾਈਆਂ ਖਰੀਆਂ-ਖਰੀਆਂ

ਅਮਰੀਕੀ ਹਮਲੇ 'ਚ ਤਿੰਨ ਭਾਰਤੀ ਮਲਾਹਾਂ ਦੀ ਮੌਤ 'ਤੇ ਭੜਕਿਆ ਭਾਰਤ, ਜੈਸ਼ੰਕਰ ਨੇ ਸੁਣਾਈਆਂ ਖਰੀਆਂ-ਖਰੀਆਂ

ਅਮਰੀਕੀ ਫੌਜੀ ਹਮਲੇ ਦੌਰਾਨ ਤਿੰਨ ਭਾਰਤੀ ਮਲਾਹਾਂ ਦੀ ਮੌਤ ਤੋਂ ਬਾਅਦ ਭਾਰਤ ਨੇ ਆਪਣਾ ਸਖ਼ਤ ਰੁਖ ਦਿਖਾਇਆ ਹੈ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਫੋਨ 'ਤੇ ਗੱਲਬਾਤ ਕਰਕੇ ਇਸ ਘਟਨਾ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਤੇ ਭਾਰਤ ਵਿਰੁੱਧ ਅਜਿਹੀਆਂ ਫੌਜੀ ਕਾਰਵਾਈਆਂ ਨੂੰ ਅਸਵੀਕਾਰਯੋਗ ਕਰਾਰ ਦਿੱਤਾ।

Date Updated Last Updated : 13 June 2026, 09:19 AM IST
Share:

ਨਵੀਂ ਦਿੱਲੀ: ਖਾੜੀ ਖੇਤਰ ਵਿੱਚ ਇੱਕ ਵਪਾਰਕ ਜਹਾਜ਼ 'ਤੇ ਹੋਏ ਅਮਰੀਕੀ ਫੌਜੀ ਹਮਲੇ ਦੌਰਾਨ ਤਿੰਨ ਭਾਰਤੀ ਮਲਾਹਾਂ ਦੀ ਮੌਤ ਤੋਂ ਬਾਅਦ ਭਾਰਤ ਨੇ ਆਪਣਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਫੋਨ 'ਤੇ ਗੱਲਬਾਤ ਕਰਕੇ ਇਸ ਘਟਨਾ 'ਤੇ ਭਾਰਤ ਦੀ ਗੰਭੀਰ ਚਿੰਤਾ ਅਤੇ ਨਾਰਾਜ਼ਗੀ ਪ੍ਰਗਟ ਕੀਤੀ। ਜੈਸ਼ੰਕਰ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਗੱਲਬਾਤ ਦੌਰਾਨ ਵਪਾਰਕ ਜਹਾਜ਼ਾਂ 'ਤੇ ਕੀਤੀਆਂ ਜਾ ਰਹੀਆਂ ਅਜਿਹੀਆਂ ਫੌਜੀ ਕਾਰਵਾਈਆਂ ਨੂੰ ਅਸਵੀਕਾਰਯੋਗ ਕਰਾਰ ਦਿੱਤਾ। 

ਐਸ ਜੈਸ਼ੰਕਰ ਨੇ ਕਿਹਾ ਕਿ ਬੇਗੁਨਾਹ ਮਲਾਹਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਘਟਨਾਵਾਂ ਕਦੇ ਵੀ ਜਾਇਜ਼ ਨਹੀਂ ਠਹਿਰਾਈਆਂ ਜਾ ਸਕਦੀਆਂ।

ਅਮਰੀਕੀ ਰਾਜਦੂਤ ਨੂੰ ਦੂਜੀ ਵਾਰ ਕੀਤਾ ਗਿਆ ਤਲਬ

ਇਸ ਮਾਮਲੇ ਨੂੰ ਲੈ ਕੇ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਵਿਦੇਸ਼ ਮੰਤਰਾਲੇ ਨੇ ਅਮਰੀਕੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਨੂੰ ਦੂਜੀ ਵਾਰ ਤਲਬ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ। ਭਾਰਤ ਨੇ ਸਪੱਸ਼ਟ ਕੀਤਾ ਕਿ ਵਪਾਰਕ ਜਹਾਜ਼ਾਂ ਅਤੇ ਉਨ੍ਹਾਂ 'ਤੇ ਕੰਮ ਕਰ ਰਹੇ ਨਾਗਰਿਕ ਕਰਮਚਾਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਕਾਰਵਾਈਆਂ ਬਹੁਤ ਚਿੰਤਾਜਨਕ ਹਨ।

ਭਾਰਤੀ ਅਧਿਕਾਰੀਆਂ ਨੇ ਇਹ ਮਾਮਲਾ ਅਮਰੀਕੀ ਪ੍ਰਸ਼ਾਸਨ ਅੱਗੇ ਗੰਭੀਰਤਾ ਨਾਲ ਉਠਾਇਆ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਮੰਗ ਕੀਤੀ।

ਅੰਤਰਰਾਸ਼ਟਰੀ ਪੱਧਰ 'ਤੇ ਵੀ ਹੋਈ ਆਲੋਚਨਾ

ਇਸ ਘਟਨਾ ਤੋਂ ਬਾਅਦ ਕਈ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਦੇਸ਼ਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਸੰਯੁਕਤ ਰਾਸ਼ਟਰ ਨਾਲ ਜੁੜੀ ਸਮੁੰਦਰੀ ਸੁਰੱਖਿਆ ਸੰਸਥਾ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜ਼ੇਸ਼ਨ (IMO) ਨੇ ਵੀ ਇਸ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੰਸਥਾ ਨੇ ਕਿਹਾ ਕਿ ਅੰਤਰਰਾਸ਼ਟਰੀ ਜਹਾਜ਼ਰਾਨੀ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਦੌਰਾਨ ਸਮੁੰਦਰੀ ਕਾਨੂੰਨਾਂ ਅਤੇ ਮਨੁੱਖੀ ਸੁਰੱਖਿਆ ਦੇ ਮਾਪਦੰਡਾਂ ਦਾ ਪੂਰਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਨੇ ਵੀ IMO ਦੀ ਚਿੰਤਾ ਨਾਲ ਸਹਿਮਤੀ ਜਤਾਈ ਹੈ।

IMO ਮੁਖੀ ਨੇ ਜਤਾਇਆ ਦੁੱਖ

IMO ਦੇ ਮਹਾਂਸਚਿਵ ਆਰਸੇਨਿਓ ਡੋਮਿੰਗਵੇਜ਼ ਨੇ ਵੀ ਇਸ ਮਾਮਲੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਵੀ ਪੱਖ ਵੱਲੋਂ ਅਜਿਹੀ ਕਾਰਵਾਈ, ਜਿਸ ਨਾਲ ਮਲਾਹਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋਵੇ ਅਤੇ ਅੰਤਰਰਾਸ਼ਟਰੀ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੋਵੇ, ਸਵੀਕਾਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਮ੍ਰਿਤਕ ਮਲਾਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਸਮੁੰਦਰੀ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਜਹਾਜ਼ 'ਤੇ ਸਵਾਰ ਸਨ 24 ਭਾਰਤੀ

ਦੱਸ ਦੇਇਏ ਇਹ ਘਟਨਾ ਓਮਾਨ ਦੇ ਤੱਟ ਨੇੜੇ ਵਾਪਰੀ, ਜਿੱਥੇ ਪਲਾਉ ਝੰਡੇ ਹੇਠ ਚੱਲ ਰਹੇ ਤੇਲ ਟੈਂਕਰ ‘ਐਮਟੀ ਸੇਟੇਬੇਲੋ’ ਨੂੰ ਨਿਸ਼ਾਨਾ ਬਣਾਇਆ ਗਿਆ। ਜਹਾਜ਼ 'ਤੇ ਕੁੱਲ 24 ਭਾਰਤੀ ਕਰੂ ਮੈਂਬਰ ਮੌਜੂਦ ਸਨ। ਹਾਦਸੇ ਤੋਂ ਬਾਅਦ 21 ਭਾਰਤੀ ਮਲਾਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ 3 ਭਾਰਤੀ ਕਰਮਚਾਰੀਆਂ ਦੀ ਮੌਤ ਦੀ  ਹੋ ਗਈ। ਮ੍ਰਿਤਕਾਂ ਵਿੱਚ ਡੈੱਕ ਕੈਡੇਟ ਆਦਿਤਿਆ ਸ਼ਰਮਾ, ਇੰਜਣ ਫਿਟਰ ਸ਼ਿਵਾਨੰਦ ਚੌਰਸੀਆ ਅਤੇ ਚੀਫ ਇੰਜੀਨੀਅਰ ਪਟਨਾਲਾ ਸੁਰੇਸ਼ ਸ਼ਾਮਲ ਹਨ।

ਭਾਰਤ ਨੇ ਕੀਤੀ ਤੁਰੰਤ ਕਾਰਵਾਈ ਰੋਕਣ ਦੀ ਮੰਗ

ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਵਾਸ਼ਿੰਗਟਨ ਕੋਲ ਸਖ਼ਤ ਇਤਰਾਜ਼ ਦਰਜ ਕਰਵਾਇਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਲੈ ਕੇ ਚੱਲਣ ਵਾਲੇ ਵਪਾਰਕ ਜਹਾਜ਼ਾਂ 'ਤੇ ਕਿਸੇ ਵੀ ਕਿਸਮ ਦੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ।

ਭਾਰਤ ਨੇ ਖੇਤਰ ਵਿੱਚ ਵਧ ਰਹੇ ਤਣਾਅ ਨੂੰ ਘਟਾਉਣ ਲਈ ਗੱਲਬਾਤ ਅਤੇ ਕੂਟਨੀਤਿਕ ਹੱਲ 'ਤੇ ਜ਼ੋਰ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਸਥਾਈ ਸ਼ਾਂਤੀ ਅਤੇ ਸਥਿਰਤਾ ਲਈ ਸੰਵਾਦ ਹੀ ਸਭ ਤੋਂ ਵਧੀਆ ਰਸਤਾ ਹੈ।

ਅਮਰੀਕਾ ਨੇ ਦਿੱਤੀ ਆਪਣੀ ਸਫ਼ਾਈ

ਦੂਜੇ ਪਾਸੇ ਅਮਰੀਕੀ ਫੌਜ ਨੇ ਇਸ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਸੰਬੰਧਤ ਜਹਾਜ਼ ਨੇ ਅਮਰੀਕੀ ਬਲਾਂ ਵੱਲੋਂ ਜਾਰੀ ਕੀਤੇ ਕੁਝ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ। ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਕਾਰਵਾਈ ਖੇਤਰ ਵਿੱਚ ਲਾਗੂ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਕੀਤੀ ਗਈ ਸੀ। 
 

Recent News