ਅਹਿਮਦਾਬਾਦ ਦੇ ਵਸਤਰਾਲ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਣ ਕਾਰਨ ਅੱਗ ਲੱਗ ਗਈ, ਜਿਸ ਵਿੱਚ 8 ਕਰਮਚਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ 15 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੈਕਟਰੀ ਵਿੱਚ ਕਰੀਬ 25 ਕਾਮੇ ਕੰਮ ਕਰ ਰਹੇ ਸਨ। ਧਮਾਕਾ ਇੰਨਾ ਤੇਜ਼ ਸੀ ਕਿ ਇਸਦੀ ਆਵਾਜ਼ 5 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਖ਼ਾਸ ਗੱਲ ਇਹ ਹੈ ਕਿ ਇਸ ਫੈਕਟਰੀ ਦਾ ਲਾਇਸੈਂਸ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ, ਪਰ ਇਸ ਦੇ ਬਾਵਜੂਦ ਉੱਥੇ ਪਟਾਕਿਆਂ ਦਾ ਉਤਪਾਦਨ ਜਾਰੀ ਸੀ।
ਅਹਿਮਦਾਬਾਦ ਦੇ ਵਸਤਰਾਲ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਧਮਾਕੇ ਮਗਰੋਂ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਰਾਮੋਲ-ਗਤਰਾਡ ਰੋਡ 'ਤੇ ਸਥਿਤ ਮਹਿਮੂਦਪੁਰਾ ਟੈਲੈਂਟ ਦੇ ਨੇੜੇ ਵਾਪਰਿਆ। ਧਮਾਕੇ ਦੀ ਤੇਜ਼ ਆਵਾਜ਼ ਨਾਲ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਖੁਸ਼ਕਿਸਮਤੀ ਨਾਲ ਇਸ ਫੈਕਟਰੀ ਦੇ ਨੇੜੇ ਹੀ ਰੈਪਿਡ ਐਕਸ਼ਨ ਫੋਰਸ (RAF) ਦਾ ਕੈਂਪ ਹੋਣ ਕਾਰਨ ਬਚਾਅ ਕਾਰਜ ਬਹੁਤ ਤੇਜ਼ੀ ਨਾਲ ਸ਼ੁਰੂ ਕੀਤੇ ਜਾ ਸਕੇ। ਧਮਾਕੇ ਦੀ ਆਵਾਜ਼ ਸੁਣਦੇ ਹੀ RAF ਜਵਾਨ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਫੈਕਟਰੀ ਵਿੱਚ ਫਸੇ ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਹਾਦਸੇ ਵਿੱਚ 8 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 15 ਤੋਂ ਵੱਧ ਕਾਮੇ ਗੰਭੀਰ ਰੂਪ ਨਾਲ ਝੁਲਸ ਗਏ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਐਲਜੀ ਹਸਪਤਾਲ ਅਤੇ ਅਸਰਵਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮੌਕੇ 'ਤੇ ਪੁੱਜੇ ਅਧਿਕਾਰੀਆਂ ਮੁਤਾਬਕ ਫੈਕਟਰੀ ਵਿੱਚ ਕੰਮ ਕਰ ਰਹੇ ਕੁੱਲ ਮਜ਼ਦੂਰਾਂ ਦੀ ਗਿਣਤੀ 25 ਦੇ ਕਰੀਬ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਧਮਾਕੇ ਦੀ ਲਪੇਟ ਵਿੱਚ ਆ ਗਏ।
ਜੁਆਇੰਟ ਪੁਲਿਸ ਕਮਿਸ਼ਨਰ ਜੈਪਾਲ ਸਿੰਘ ਰਾਠੌੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਕਟਰੀ ਨੂੰ ਮਹੁਲ ਡੋਡੀਆ ਨਾਂ ਦਾ ਵਿਅਕਤੀ ਚਲਾ ਰਿਹਾ ਸੀ, ਜਿਸ ਦਾ ਲਾਇਸੈਂਸ ਕਾਫ਼ੀ ਸਮਾਂ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ। ਪਰ ਲਾਇਸੈਂਸ ਰੱਦ ਹੋਣ ਦੇ ਬਾਵਜੂਦ ਵੀ ਉੱਥੇ ਪਟਾਕੇ ਬਣਾਉਣ ਦਾ ਕੰਮ ਲਗਾਤਾਰ ਜਾਰੀ ਸੀ। ਖੁੱਲ੍ਹੇ ਮੈਦਾਨ ਵਿੱਚ ਪੱਤਿਆਂ ਅਤੇ ਤਿਰਪਾਲ ਦੀਆਂ ਵਾੜਾਂ ਲਗਾ ਕੇ ਆਤਿਸ਼ਬਾਜ਼ੀ ਬਣਾਈ ਜਾ ਰਹੀ ਸੀ, ਜਿਸ ਕਾਰਨ ਅੱਗ ਵੱਡੀ ਤਬਾਹੀ ਦਾ ਕਾਰਨ ਬਣੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਵੀ ਕਾਮਨਾ ਕੀਤੀ। ਸਥਾਨਕ ਪ੍ਰਸ਼ਾਸਨ ਨੂੰ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।