Courtesy: instagram@yourkoel
ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਹਲਚਲ ਤੇਜ਼ ਹੋ ਗਈ ਹੈ। ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੀਨੀਅਰ ਆਗੂ ਮਦਨ ਮਿਤਰਾ ਦੇ ਅਸਤੀਫੇ ਤੋਂ ਬਾਅਦ ਹੁਣ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਰਾਜ ਸਭਾ ਮੈਂਬਰ ਕੋਇਲ ਮਲਿਕ ਨੇ ਵੀ ਪਾਰਟੀ ਤੋ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਟੀਐਮਸੀ ਨੂੰ ਇੱਕ ਹੋਰ ਸਿਆਸੀ ਝਟਕਾ ਲੱਗਾ ਹੈ।
ਕੋਇਲ ਮਲਿਕ ਟੀਐਮਸੀ ਛੱਡਣ ਵਾਲੀ ਚੌਥੀ ਰਾਜ ਸਭਾ ਮੈਂਬਰ ਬਣ ਗਈ ਹੈ। ਉਨ੍ਹਾਂ ਦੇ ਇਸ ਫੈਸਲੇ ਨੇ ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਵਿਰੋਧੀ ਧਿਰ ਨੂੰ ਵੀ ਸਰਕਾਰ 'ਤੇ ਨਿਸ਼ਾਨਾ ਸਾਧਣ ਦਾ ਮੌਕਾ ਮਿਲ ਗਿਆ ਹੈ।
ਦੱਸ ਦੇਇਏ ਇਸ ਤੋਂ ਪਹਿਲਾ, ਕੋਇਲ ਨੇ ਜੂਨ ਵਿੱਚ ਰਾਜ ਸਭਾ ਤੋਂ ਅਸਤੀਫ਼ਾ ਦੇਣ ਦੀ ਇੱਛਾ ਜ਼ਾਹਿਰ ਕਰਦਿਆਂ ਇੱਕ ਈਮੇਲ ਭੇਜਿਆ ਸੀ, ਪਰ ਉਨ੍ਹਾਂ ਦੇ ਅਸਤੀਫ਼ੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਹੁਣ ਇਸ ਵਾਰ, ਈਮੇਲ ਭੇਜਣ ਦੀ ਬਜਾਏ, ਕੋਇਲ ਨੇ ਸਿੱਧਾ ਆਪਣਾ ਅਸਤੀਫ਼ਾ ਸੌਂਪਿਆ।
ਸੂਤਰਾਂ ਮੁਤਾਬਕ, ਟੀਐਮਸੀ ਰਾਜ ਸਭਾ ਸੰਸਦ ਮੈਂਬਰ ਕੋਇਲ ਮਲਿਕ ਨੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਸੀਪੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪਿਆ। ਕੋਇਲ ਮਲਿਕ ਦੇ ਅਸਤੀਫੇ ਤੋਂ ਬਾਅਦ, ਹੁਣ ਰਾਜ ਸਭਾ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੰਸਦ ਮੈਂਬਰਾਂ ਦੀ ਗਿਣਤੀ ਘੱਟ ਕੇ ਨੌਂ ਹੋ ਗਈ ਹੈ।
ਅਸਤੀਫੇ ਮਗਰੋਂ ਹੁਣ ਕੋਇਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਹਨ। ਹਾਲਾਂਕਿ, ਨਾ ਤਾਂ ਭਾਜਪਾ ਅਤੇ ਨਾ ਹੀ ਕੋਇਲ ਵੱਲੋਂ ਅਜੇ ਤੱਕ ਇਸਤੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਆਇਆ ਹੈ।
ਕੋਇਲ ਨੇ 6 ਅਪ੍ਰੈਲ ਨੂੰ ਦਿੱਲੀ ਵਿੱਚ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸੀ। ਸਹੁੰ ਚੁੱਕ ਸਮਾਗਮ ਤੋਂ ਬਾਅਦ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਫੋਟੋਆਂ ਸਾਂਝੀਆਂ ਕਰਦਿਆਂ ਲਿਖਿਆ ਸੀ, "ਮੈਨੂੰ ਬੰਗਾਲ ਦੇ ਲੋਕਾਂ ਲਈ ਕੰਮ ਕਰਨ ਦਾ ਮੌਕਾ ਮਿਲਿਆ ਹੈ।" ਇਸਤੋਂ ਇਲਾਵਾ ਉਨ੍ਹਾਂ ਨੇ ਮੀਡੀਆ 'ਚ ਕਿਹਾ ਸੀ, "ਮੈਂ ਆਪਣੇ ਆਪ ਨੂੰ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ।" ਹਾਲਾਂਕਿ, ਹਾਰ ਤੋਂ ਬਾਅਦ ਉਨ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ।
ਦੱਸ ਦੇਈਏ, ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਕੋਇਲ ਬੰਗਾਲੀ ਫਿਲਮ ਇੰਡਸਟਰੀ ਵਿੱਚ ਇੱਕ ਬਹੁਤ ਹੀ ਮਸ਼ਹੂਰ ਅਤੇ ਪ੍ਰਸਿੱਧ ਹਸਤੀ ਸੀ। ਉਨ੍ਹਾਂ ਨੂੰ ਟਾਲੀਵੁੱਡ ਦੀ 'ਟੌਲੀ-ਕੁਈਨ' ਵਜੋਂ ਵੀ ਜਾਣਿਆ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਤੋਂ, ਉਹ ਬੰਗਾਲੀ ਸਿਨੇਮਾ ਵਿੱਚ ਸਭ ਤੋਂ ਸਫਲ ਅਭਿਨੇਤਰੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2003 ਵਿੱਚ ਸੁਪਰਹਿੱਟ ਫਿਲਮ 'ਨੇਟਰ ਗੁਰੂ' ਨਾਲ ਕੀਤੀ ਸੀ। ਇਸ ਤੋਂ ਬਾਅਦ, ਉਸਨੇ 'ਬੰਧਨ' (2004), 'ਸ਼ੁਭੋਦ੍ਰਿਸ਼ਟੀ' (2005), 'ਪਗਲੂ' (2011), 'ਹੇਮਲਾਕ ਸੋਸਾਇਟੀ' (2012), ਅਤੇ 'ਮਿਟਿਨ ਮਾਸ਼ੀ' ਥ੍ਰਿਲਰ ਸੀਰੀਜ਼ (2019) ਵਰਗੀਆਂ ਕਈ ਸਫਲ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ।
ਕੋਇਲ ਮਲਿਕ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਕਈ ਸਨਮਾਨ ਵੀ ਮਿਲੇ ਹਨ। ਉਨ੍ਹਾਂ ਨੂੰ ਫਿਲਮਫੇਅਰ ਅਵਾਰਡ (ਬੰਗਲਾ), ਦੋ BFJA ਅਵਾਰਡ, ਅਤੇ 2023 ਵਿੱਚ, ਪੱਛਮੀ ਬੰਗਾਲ ਸਰਕਾਰ ਦੁਆਰਾ 'ਮਹਾਨਾਇਕ ਸਨਮਾਨ' ਨਾਲ ਸਨਮਾਨਿਤ ਕੀਤਾ ਗਿਆ ਹੈ।