ਅਯੋਧਿਆ ਦੇ ਰਾਮ ਮੰਦਰ 'ਚ ਚੰਦਾ ਚੋਰੀ ਦੀ ਪੜਤਾਲ ਦੌਰਾਨ ਅਜਿਹੇ ਰਾਜ਼ ਖੁੱਲ੍ਹ ਰਹੇ ਹਨ, ਜਿਨ੍ਹਾਂ ਨੇ ਆਮ ਲੋਕਾਂ ਅਤੇ ਸ਼ਰਧਾਲੂਆਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਹਿਰਾਸਤ ਵਿੱਚ ਲਏ ਗਏ ਮਾਸਟਰਮਾਈਂਡ ਅਵਿਨਾਸ਼ ਸ਼ੁਕਲਾ ਨੇ ਪੁੱਛਗਿੱਛ ਦੌਰਾਨ ਇੱਕ ਗੁਪਤ ਥਾਂ ਬਾਰੇ ਜਾਣਕਾਰੀ ਦਿੱਤੀ, ਜਿੱਥੇ ਉਹ ਤੇ ਉਸਦੇ ਸਾਥੀ ਚੋਰੀ ਕੀਤਾ ਚੰਦਾ ਵੰਡਿਆ ਕਰਦੇ ਸਨ। ਇਸ ਜਗ੍ਹਾ ਤੋਂ ਪੁਲਿਸ ਨੇ ਕੁਝ ਕੀਮਤੀ ਵਸਤਾਂ ਵੀ ਰਿਕਵਰ ਕੀਤੀਆਂ ਹਨ, ਜੋ ਉੱਥੇ ਲੁਕੋ ਕੇ ਰੱਖੀਆਂ ਗਈਆਂ ਸਨ।
ਜਾਂਚ ਅਧਿਕਾਰੀਆਂ ਮੁਤਾਬਕ, ਅਵਿਨਾਸ਼ ਸ਼ੁਕਲਾ ਨੂੰ ਰਿਮਾਂਡ 'ਤੇ ਲੈ ਕੇ ਉਸ ਥਾਂ ਲਿਜਾਇਆ ਗਿਆ, ਜਿੱਥੇ ਉਹ ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ, ਕਮਲੇਸ਼ ਪਾਂਡੇ ਤੇ ਟਿੰਨੂ ਯਾਦਵ ਸਮੇਤ 8 ਹੋਰ ਦੋਸ਼ੀਆਂ ਨਾਲ ਮਿਲ ਕੇ ਪੈਸੇ ਦਾ ਵੰਡਾਰਾ ਕਰਦੇ ਸਨ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਉਸ ਇਲਾਕੇ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ 'ਚੋਂ ਕੁਝ ਹੋਰ ਸਬੂਤ ਵੀ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਚੰਦਾ ਚੋਰੀ ਮਾਮਲੇ ਦਾ ਇੱਕ ਹੋਰ ਵੱਡਾ ਪਹਿਲੂ ਟਿੰਨੂ ਯਾਦਵ ਦਾ ਮੰਦਰ ਪਰਿਸਰ ਵਿੱਚ ਚੱਲ ਰਿਹਾ ਸਮਾਨਾਂਤਰ ਪ੍ਰਬੰਧ ਹੈ। ਸੂਤਰਾਂ ਮੁਤਾਬਕ, ਟਿੰਨੂ ਦੇ ਪੰਜ ਰਿਸ਼ਤੇਦਾਰ ਮੰਦਰ ਵਿੱਚ ਕੰਮ ਕਰਦੇ ਸਨ ਅਤੇ ਉਹ ਆਪ ਵਾਕੀ-ਟਾਕੀ ਰਾਹੀਂ ਪੂਰੇ ਸਿਸਟਮ ਨੂੰ ਕੰਟਰੋਲ ਕਰਦਾ ਸੀ। ਕਾਉਂਟਿੰਗ ਰੂਮ ਦੀ ਚਾਬੀ ਟਿੰਨੂ ਦੇ ਭਰਾ ਕੋਲ ਹੁੰਦੀ ਸੀ, ਅਤੇ ਉਸਦੇ ਇਸ਼ਾਰੇ 'ਤੇ ਹੀ ਵਾਹਨਾਂ ਨੂੰ ਮੰਦਰ ਪਰਿਸਰ ਵਿੱਚ ਦਾਖ਼ਲੇ ਦੀ ਇਜਾਜ਼ਤ ਮਿਲਦੀ ਸੀ। ਹੈਰਾਨ ਕਰਨ ਵਾਲੀ ਗੱਲ ਇਹ ਵੀ ਸੀ ਕਿ ਟਿੰਨੂ ਦੇ ਪ੍ਰਭਾਵ ਸਾਹਮਣੇ ਸਥਾਨਕ ਪੁਲਿਸ ਵੀ ਖ਼ਾਮੋਸ਼ ਰਹਿੰਦੀ ਸੀ।
ਮੰਦਰ ਵਿੱਚ ਵੀਆਈਪੀ ਦਰਸ਼ਨ ਦਾ ਇੱਕ ਵਿਸ਼ਾਲ ਨੈੱਟਵਰਕ ਵੀ ਸਰਗਰਮ ਸੀ, ਜੋ ਕਿ ਸਿਰਫ਼ ਮੰਦਰ ਤੱਕ ਹੀ ਸੀਮਤ ਨਹੀਂ ਸੀ, ਸਗੋਂ ਨੇੜਲੇ ਹੋਟਲਾਂ ਅਤੇ ਹੋਮਸਟੇਆਂ ਤੱਕ ਫੈਲਿਆ ਹੋਇਆ ਸੀ। ਟਿੰਨੂ ਯਾਦਵ ਖ਼ੁਦ ਵੀਆਈਪੀ ਪਾਸ ਜਾਰੀ ਕਰਵਾਉਂਦਾ ਸੀ (ਜੋ ਟਰੱਸਟ ਵੱਲੋਂ ਮੁਫ਼ਤ ਦਿੱਤੇ ਜਾਂਦੇ ਹਨ) ਅਤੇ ਇਸ ਪਾਸ ਦੇ ਬਦਲੇ ਸ਼ਰਧਾਲੂਆਂ ਤੋਂ 500 ਤੋਂ 2000 ਰੁਪਏ ਤੱਕ ਦੀ ਵਸੂਲੀ ਕੀਤੀ ਜਾਂਦੀ ਸੀ। ਖ਼ਾਸ ਗੱਲ ਇਹ ਹੈ ਕਿ ਵੀਆਈਪੀ ਪ੍ਰਵੇਸ਼ ਮਾਰਗ 'ਤੇ 'ਛੋਟੂ' ਨਾਮ ਦਾ ਇੱਕ ਹੋਰ ਵਿਅਕਤੀ ਵੀ ਸਰਗਰਮ ਸੀ, ਜੋ ਹੋਟਲ ਨਾ ਲੈਣ ਵਾਲੇ ਸ਼ਰਧਾਲੂਆਂ ਨੂੰ ਵੀਆਈਪੀ ਪਾਸ ਦਿਵਾਉਣ ਦਾ ਕੰਮ ਕਰਦਾ ਸੀ। ਵਸੂਲੀ ਗਈ ਸਾਰੀ ਰਕਮ ਟਿੰਨੂ, ਛੋਟੂ ਅਤੇ ਹੋਰ ਸਾਥੀਆਂ ਵਿੱਚ ਵੰਡੀ ਜਾਂਦੀ ਸੀ।
ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰੋਜ਼ਾਨਾ ਲੱਖਾਂ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਸੀ। ਸ਼ਰਧਾਲੂਆਂ ਨੂੰ ਵੀਆਈਪੀ ਦਰਸ਼ਨ ਦਾ ਲਾਲਚ ਦੇ ਕੇ ਉਨ੍ਹਾਂ ਨਾਲ ਧੋਖਾ ਕੀਤਾ ਜਾਂਦਾ ਸੀ। ਇਸ ਸਾਰੇ ਧੰਦੇ ਵਿੱਚ ਮੰਦਰ ਨਾਲ ਜੁੜੇ ਕੁਝ ਅੰਦਰੂਨੀ ਲੋਕਾਂ ਤੋਂ ਇਲਾਵਾ ਬਾਹਰੀ ਲੋਕ ਵੀ ਸ਼ਾਮਲ ਸਨ, ਜਿਸ ਨੇ ਸਾਰੇ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਪੁਲਿਸ ਹੁਣ ਇਸ ਨੈੱਟਵਰਕ ਦੀਆਂ ਹੋਰ ਕੜੀਆਂ ਦੀ ਤਲਾਸ਼ ਕਰ ਰਹੀ ਹੈ।