Courtesy: ai image
ਨਵੀਂ ਦਿੱਲੀ. ਪੱਛਮੀ ਬੰਗਾਲ ਦੇ ਡਾਇਮੰਡ ਹਾਰਬਰ ਇਲਾਕੇ ਵਿੱਚ ਇੱਕ ਚਰਚਿਤ ਮਾਮਲੇ ਦੌਰਾਨ ਪੁਲਿਸ ਨੇ ਟੀਐੱਮਸੀ ਉਮੀਦਵਾਰ ਜਹਾਂਗੀਰ ਖਾਨ ਦੀ ਪਤਨੀ ਸਰੀਨਾ ਬੀਬੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਈ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 27 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਥਾਣੇ ਦੇ ਬਾਹਰ ਹੋਇਆ ਸੀ ਹੰਗਾਮਾ
ਦੋਸ਼ ਹੈ ਕਿ ਜਹਾਂਗੀਰ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਰੀਨਾ ਬੀਬੀ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਪੁਲਿਸ ਥਾਣੇ ਪਹੁੰਚ ਕੇ ਉਸ ਨੂੰ ਹਿਰਾਸਤ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਇਕੱਠੇ ਹੋਏ ਅਤੇ ਥਾਣੇ ਦੇ ਬਾਹਰ ਕਾਫ਼ੀ ਤਣਾਅਪੂਰਨ ਮਾਹੌਲ ਬਣ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਭੀੜ ਨੇ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਕਰਮਚਾਰੀਆਂ 'ਤੇ ਹਮਲੇ ਦੀ ਯੋਜਨਾ ਵੀ ਬਣਾਈ ਗਈ ਸੀ। ਸਰੀਨਾ ਬੀਬੀ 'ਤੇ ਪੁਲਿਸ ਵੱਲ ਪੱਥਰਬਾਜ਼ੀ ਕਰਨ ਅਤੇ ਹੰਗਾਮਾ ਭੜਕਾਉਣ ਦੇ ਵੀ ਦੋਸ਼ ਲਗਾਏ ਗਏ ਹਨ।
ਪੁਲਿਸ ਨੇ ਕੀਤਾ ਲਾਠੀਚਾਰਜ
ਸਥਿਤੀ ਵਿਗੜਣ 'ਤੇ ਸੈਂਟਰਲ ਫੋਰਸ ਅਤੇ ਪੁਲਿਸ ਨੇ ਮੋਰਚਾ ਸੰਭਾਲਿਆ ਅਤੇ ਭੀੜ ਨੂੰ ਖ਼ਦੇੜਣ ਲਈ ਲਾਠੀਚਾਰਜ ਕੀਤਾ। ਹੰਗਾਮੇ ਦੌਰਾਨ ਕਈ ਲੋਕ ਭੱਜਣ ਦੀ ਕੋਸ਼ਿਸ਼ ਵਿੱਚ ਨੇੜਲੇ ਤਲਾਬ ਵਿੱਚ ਡਿੱਗ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਅਤੇ ਪੁਲਿਸ ਨੇ ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ।
ਤਲਾਸ਼ ਤੋਂ ਬਾਅਦ ਦੱਖਣੀ 24 ਪਰਗਨਾ ਤੋਂ ਗ੍ਰਿਫ਼ਤਾਰੀ
ਭੀੜ ਇਕੱਠੀ ਕਰਨ, ਤਣਾਅ ਪੈਦਾ ਕਰਨ ਅਤੇ ਕਾਨੂੰਨ-ਵਿਵਸਥਾ ਭੰਗ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਖੁਦ ਐਫਆਈਆਰ ਦਰਜ ਕੀਤੀ ਸੀ। ਇਸ ਤੋਂ ਬਾਅਦ ਸਰੀਨਾ ਬੀਬੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਉਸ ਦੀ ਸਹੀ ਲੋਕੇਸ਼ਨ ਮਿਲਣ ਤੇ ਪੁਲਿਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਇਸ ਵੇਲੇ ਉਹ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਮਾਮਲੇ ਸਬੰਧੀ ਪੁੱਛਗਿੱਛ ਜਾਰੀ ਹੈ।
ਘਟਨਾ ਤੋਂ ਬਾਅਦ ਸਖ਼ਤ ਕਾਰਵਾਈ ਦੇ ਨਿਰਦੇਸ਼
ਘਟਨਾ ਦੇ ਅਗਲੇ ਦਿਨ ਇੱਕ ਸਰਕਾਰੀ ਸਮਾਗਮ ਦੌਰਾਨ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਪ੍ਰਸ਼ਾਸਨ ਨੂੰ ਕਾਨੂੰਨ ਤੋੜਨ ਵਾਲੇ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਜਾਂਚ ਵਿੱਚ ਤੇਜ਼ੀ ਆਈ ਅਤੇ ਡਾਇਮੰਡ ਹਾਰਬਰ ਕਮਿਸ਼ਨਰੇਟ ਪੁਲਿਸ ਵੱਲੋਂ ਸਰੀਨਾ ਬੀਬੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ 'ਤੇ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।