FIR on two Congress MLA's: ਚੰਡੀਗੜ੍ਹ ਪੁਲਿਸ ਨੇ ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਅਤੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ 15 ਸੀਨੀਅਰ ਕਾਂਗਰਸੀ ਆਗੂਆਂ ਖ਼ਿਲਾਫ਼ FIR ਦਰਜ ਕੀਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ਵਿੱਚ IPC ਦੀਆਂ ਧਾਰਾਵਾਂ 188, 186, 332 ਅਤੇ 353 ਜੋੜੀਆਂ ਹਨ। ਇਹ ਮਾਮਲਾ ਉੱਤਰੀ ਥਾਣਾ ਚੰਡੀਗੜ੍ਹ ਵਿਖੇ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਵੱਲੋਂ ਦਰਜ ਕਰਵਾਈ ਗਈ FIR ਵਿੱਚ ਕਿਹਾ ਹੈ ਕਿ ਉਕਤ ਕਾਂਗਰਸੀ ਆਗੂ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਆਗੂਆਂ ਨੂੰ ਕਈ ਵਾਰ ਰੋਕਿਆ ਗਿਆ, ਪਰ ਉਹ ਨਹੀਂ ਮੰਨੇ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮਾਂ ਦੀਆਂ ਵਰਦੀਆਂ ਨੂੰ ਧੱਕਾ ਮਾਰ ਕੇ ਪਾੜ ਦਿੱਤਾ ਗਿਆ।
ਨਾਅਰੇਬਾਜ਼ੀ ਕਰਨ ਦੀ ਮਨਾਹੀ ਦੇ ਬਾਵਜੂਦ ਵੀ ਨਹੀਂ ਮੰਨੇ ਪ੍ਰਦਰਸ਼ਨਕਾਰੀ
ਜਾਣਕਾਰੀ ਅਨੁਸਾਰ ਇਸ ਕੇਸ ਵਿੱਚ ਕੁੱਲ 15 ਵੱਡੇ ਆਗੂਆਂ ਦੇ ਨਾਮ ਸਾਹਮਣੇ ਆਏ ਹਨ। ਜਿਸ ਵਿੱਚ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ, ਜਲੰਧਰ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਨਾਲ ਵਰਿੰਦਰ ਸਿੰਘ ਢਿੱਲੋਂ, ਸਮਿਤ ਸਿੰਘ, ਖੁਸ਼ਬਾਜ਼ ਜੱਟਾ, ਲਖਵਿੰਦਰ ਸਿੰਘ, ਚੁਸਪਿੰਦਰ ਬੀਰ ਚਾਹਲ, ਹਰਮਨ ਸੇਂਖੋਂ, ਸਿਕੰਦਰ ਬੋਰਾ, ਸਚਿਨ ਨਯਨ, ਉਦੈਵੀਰ ਢਿੱਲੋਂ, ਸੁਰਜੀਤ ਸਿੰਘ ਨੇ ਸ਼ਿਰਕਤ ਕੀਤੀ। ਅਗੰਦ ਸਿੰਘ, ਸੰਜੀਵ ਸ਼ਰਮਾ ਅਤੇ ਕਰਨੈਲ ਸਿੰਘ ਦੇ ਨਾਂ ਸ਼ਾਮਲ ਹਨ। ਦੱਸ ਦੇਈਏ ਕਿ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੂੰ ਨਾਅਰੇਬਾਜ਼ੀ ਕਰਨ ਦੀ ਮਨਾਹੀ ਕੀਤੀ ਗਈ। ਪਰ ਫਿਰ ਵੀ ਹੁਕਮਾਂ ਦੀ ਉਲੰਘਣਾ ਕੀਤੀ ਗਈ।