ਖੰਨਾ ਪੁਲਿਸ ਨੇ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਨਜਾਇਜ ਹਥਿਆਰ ਸਪਲਾਈ ਕਰਨ ਵਾਲੇ ਇੱਕ ਹੋਰ ਗਿਰੋਹ ਦਾ ਪਰਦਾਫਾਸ਼ ਕੀਤਾ। ਦੋ ਵੱਖ-ਵੱਖ ਮਾਮਲਿਆਂ ਵਿੱਚ ਪੰਜ ਮੁਲਜ਼ਮਾਂ ਨੂੰ ਨਾਜਾਇਜ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ 'ਚੋਂ 8 ਪਿਸਤੌਲ, 10 ਮੈਗਜ਼ੀਨ ਅਤੇ 4 ਕਾਰਤੂਸ ਬਰਾਮਦ ਹੋਏ। ਇਹਨਾਂ ਦੇ ਦੋ ਸਾਥੀ ਹਾਲੇ ਫਰਾਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਐਸਪੀ (ਆਈ) ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਅਪਰਾਧਿਕ ਅਨਸਰਾਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਫੋਕਲ ਪੁਆਇੰਟ ਨੇੜਿਓਂ ਗੁਰਲਾਲ ਸਿੰਘ ਸਾਜਨ ਵਾਸੀ ਹੋਠੀਆਂ (ਤਰਨਤਾਰਨ) ਅਤੇ ਮਨਦੀਪ ਸਿੰਘ ਵਾਸੀ ਜੰਡਿਆਲਾ (ਤਰਨਤਾਰਨ) ਨੂੰ ਕਾਬੂ ਕੀਤਾ ਗਿਆ। ਸਾਜਨ ਦੇ ਬੈਗ 'ਚੋਂ ਮੈਗਜ਼ੀਨ ਸਮੇਤ 2 ਦੇਸੀ ਪਿਸਤੌਲ ਅਤੇ 2 ਹੋਰ ਮੈਗਜ਼ੀਨ ਮਿਲੇ। ਮਨਦੀਪ ਸਿੰਘ ਦੇ ਬੈਗ ਵਿੱਚੋਂ ਦੋ ਦੇਸੀ ਪਿਸਤੌਲ ਬਰਾਮਦ ਹੋਏ। ਦੋਵਾਂ ਕੋਲੋਂ 4 ਪਿਸਤੌਲ ਅਤੇ 4 ਮੈਗਜ਼ੀਨ ਬਰਾਮਦ ਹੋਏ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਵਿਖੇ ਕੇਸ ਦਰਜ ਕੀਤਾ ਗਿਆ। ਦੂਜੇ ਮਾਮਲੇ 'ਚ ਥਾਣਾ ਸਦਰ ਦੇ ਟੀ ਪੁਆਇੰਟ ਮਹਿੰਦੀਪੁਰ ਵਿਖੇ ਨਾਕਾਬੰਦੀ ਦੌਰਾਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਡਰਾਈਵਰ ਅਤੇ ਨਾਲ ਵਾਲੀ ਸੀਟ 'ਤੇ ਬੈਠੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ | ਕਾਰ ਦੀ ਪਿਛਲੀ ਸੀਟ 'ਤੇ ਬੈਠੇ ਸਤਨਾਮ ਸਿੰਘ ਸੱਤਾ ਵਾਸੀ ਡੇਰਾਬਸੀ (ਐਸ.ਏ.ਐਸ. ਨਗਰ), ਲਵਪ੍ਰੀਤ ਸਿੰਘ ਲਵ ਵਾਸੀ ਮਕਬੂਲਪੁਰਾ (ਅੰਮ੍ਰਿਤਸਰ) ਅਤੇ ਹਰਦੀਪ ਸਿੰਘ ਦੀਪ ਵਾਸੀ ਭਗਵਾਨ ਜੰਡਿਆਲਾ (ਅੰਮ੍ਰਿਤਸਰ) ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਪ੍ਰਿਥਵੀ ਸਿੰਘ ਵਾਸੀ ਲਾਲੜੂ (ਐਸ.ਏ.ਐਸ. ਨਗਰ) ਅਤੇ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੈਦਪੁਰਾ (ਐਸ.ਏ.ਐਸ. ਨਗਰ) ਕਾਰ ਛੱਡ ਕੇ ਫਰਾਰ ਹੋ ਗਏ। ਸਤਨਾਮ ਦੀ ਤਲਾਸ਼ੀ ਲੈਣ 'ਤੇ 1 ਪਿਸਤੌਲ ਮੈਗਜ਼ੀਨ ਸਮੇਤ, 2 ਜਿੰਦਾ ਕਾਰਤੂਸ, 1 ਪਿਸਤੌਲ ਮੈਗਜ਼ੀਨ ਸਮੇਤ, ਲਵਪ੍ਰੀਤ ਸਿੰਘ ਕੋਲੋਂ 1 ਕਾਰਤੂਸ, 1 ਪਿਸਤੌਲ ਮੈਗਜ਼ੀਨ ਸਮੇਤ, ਹਰਦੀਪ ਸਿੰਘ ਕੋਲੋਂ 1 ਕਾਰਤੂਸ ਬਰਾਮਦ ਹੋਇਆ। ਜਾਂਚ ਦੌਰਾਨ ਮੈਗਜ਼ੀਨ ਸਮੇਤ ਇੱਕ ਹੋਰ ਪਿਸਤੌਲ ਬਰਾਮਦ ਹੋਇਆ। ਗੁਰਲਾਲ ਸਿੰਘ ਖ਼ਿਲਾਫ਼ ਇਸੇ ਸਾਲ ਮੱਧ ਪ੍ਰਦੇਸ਼ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਕੀ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਸੀ।
ਪੁਲਿਸ ਲਿੰਕਾਂ ਦੀ ਜਾਂਚ ਕਰ ਰਹੀ
ਪੁਲਿਸ ਨੇ ਨਾਜਾਇਜ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਦੇ ਸਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਆਈਏ ਸਟਾਫ਼ ਦੀ ਟੀਮ ਆਪਣੇ ਪੱਧਰ ’ਤੇ ਜਾਂਚ ਕਰ ਰਹੀ ਹੈ। ਇਸਦੇ ਨਾਲ ਹੀ ਖੰਨਾ ਪੁਲਿਸ ਵੱਲੋਂ ਮੱਧ ਪ੍ਰਦੇਸ਼ ਤੋਂ ਫੜੇ ਗਏ ਹਥਿਆਰ ਸਮੱਗਲਰਾਂ ਨਾਲ ਵੀ ਇਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਖੰਨਾ ਪੁਲਿਸ ਨੇ 1 ਜਨਵਰੀ 2023 ਤੋਂ ਹੁਣ ਤੱਕ ਅਸਲਾ ਐਕਟ ਦੇ 35 ਕੇਸ ਦਰਜ ਕੀਤੇ ਹਨ। ਇਨ੍ਹਾਂ ਵਿੱਚੋਂ 83 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 123 ਹਥਿਆਰ ਬਰਾਮਦ ਕੀਤੇ ਗਏ। 257 ਕਾਰਤੂਸ ਮਿਲੇ। 82 ਮੈਗਜ਼ੀਨ ਬਰਾਮਦ ਕੀਤੇ।