ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਤੌਰ ‘ਤੇ ਚਾਰ ਸਾਲਾਂ ਬਾਅਦ ਸਰਕਾਰ ਵਿਰੋਧੀ ਲਹਿਰ ਬਣਦੀ ਹੈ ਪਰ ਪੰਜਾਬ ਵਿੱਚ ਇਸਦਾ ਉਲਟ ਹੋ ਰਿਹਾ ਹੈ। ਹਰ ਪਿੰਡ ਅਤੇ ਹਰ ਮੁਹੱਲੇ ਵਿੱਚ ਲੋਕ ਸਰਕਾਰ ਦੇ ਕੰਮਾਂ ਦੀ ਤਾਰੀਫ਼ ਕਰ ਰਹੇ ਹਨ ਅਤੇ ਮੁੜ ਮੌਕਾ ਦੇਣ ਲਈ ਤਿਆਰ ਹਨ।
ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੜਕਾਂ, ਮੁਫ਼ਤ ਬਿਜਲੀ, ਬੀਮਾ ਯੋਜਨਾ ਅਤੇ ਨਹਿਰੀ ਪਾਣੀ ਵਰਗੇ ਵੱਡੇ ਕੰਮ ਕੀਤੇ ਗਏ ਹਨ। 44 ਹਜ਼ਾਰ ਕਿਲੋਮੀਟਰ ਸੜਕਾਂ ਦੇ ਪ੍ਰੋਜੈਕਟ ਵਿੱਚੋਂ ਹਜ਼ਾਰਾਂ ਕਿਲੋਮੀਟਰ ਸੜਕਾਂ ਤਿਆਰ ਹੋ ਚੁੱਕੀਆਂ ਹਨ।
ਕੇਜਰੀਵਾਲ ਨੇ ਕਿਹਾ ਕਿ ਪਿੰਡਾਂ ਵਿੱਚ ਹਜ਼ਾਰਾਂ ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਸ ਨਾਲ ਨੌਜਵਾਨਾਂ ਨੂੰ ਵਧੀਆ ਮੌਕੇ ਮਿਲਣਗੇ। ਸਰਕਾਰ ਨੇ ਖੇਡਾਂ ਨੂੰ ਵਧਾਵਾ ਦੇਣ ਲਈ ਵੱਡੀ ਯੋਜਨਾ ਤਿਆਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਦਿਨ ਵਿੱਚ ਬਿਜਲੀ ਮਿਲ ਰਹੀ ਹੈ ਅਤੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ। ਪਹਿਲਾਂ ਕਿਸਾਨਾਂ ਨੂੰ ਰਾਤ ਨੂੰ ਉਠ ਕੇ ਸਿੰਚਾਈ ਕਰਨੀ ਪੈਂਦੀ ਸੀ, ਪਰ ਹੁਣ ਹਾਲਾਤ ਬਦਲ ਗਏ ਹਨ।
ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਇਹ ਲੋਕਤੰਤਰ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰੀ ਏਜੰਸੀਆਂ ਦਾ ਇਸਤੇਮਾਲ ਕਰਕੇ ਸਰਕਾਰਾਂ ਨੂੰ ਡਿਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਦੀਆਂ ਰਾਜ ਸਭਾ ਸੀਟਾਂ ‘ਤੇ ਗਲਤ ਤਰੀਕੇ ਨਾਲ ਕਬਜ਼ਾ ਕੀਤਾ ਹੈ। ਇਹ ਪੰਜਾਬੀਆਂ ਦੇ ਹੱਕਾਂ ‘ਤੇ ਡਾਕਾ ਹੈ ਅਤੇ ਲੋਕ ਇਸਦਾ ਜਵਾਬ ਚੋਣਾਂ ਵਿੱਚ ਦੇਣਗੇ।
ਕੇਜਰੀਵਾਲ ਨੇ ਇਤਿਹਾਸਕ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਪਹਿਲਾਂ ਅਸ਼ਵਮੇਧ ਯੱਗ ਦਾ ਘੋੜਾ ਪੰਜਾਬ ਵਿੱਚ ਰੋਕਿਆ ਗਿਆ ਸੀ, ਉਸੇ ਤਰ੍ਹਾਂ ਹੁਣ ਵੀ ਲੋਕ ਭਾਜਪਾ ਦੀ ਜਿੱਤ ਨੂੰ ਰੋਕਣਗੇ।
ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਆਰਡੀਐਫ ਫੰਡ ਰੋਕ ਲਏ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਨਾਲ ਨਾਇਂਸਾਫੀ ਹੈ ਅਤੇ ਇਸਦੇ ਖ਼ਿਲਾਫ਼ ਲੋਕਾਂ ਵਿੱਚ ਨਾਰਾਜ਼ਗੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕਤੰਤਰ ਨੂੰ ਬਚਾਉਣਾ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁੜ ਸਰਕਾਰ ਬਣਾਏਗੀ। ਲੋਕ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ ਅਤੇ ਇਸ ਵਾਰ ਵੀ ਵੱਡਾ ਮੰਡੇਟ ਦੇਣਗੇ।