ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 12ਵੀਂ ਜਮਾਤ ਦੀਆਂ ਟੌਪਰ ਵਿਦਿਆਰਥਣਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਵਿਸ਼ੇਸ਼ ਸਨਮਾਨ ਕੀਤਾ। ਇਸ ਦੌਰਾਨ ਸੀਐਮ ਨੇ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਪੜ੍ਹਾਈ, ਮਿਹਨਤ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥਣਾਂ ਪੰਜਾਬ ਦੇ ਹੋਰ ਬੱਚਿਆਂ ਲਈ ਪ੍ਰੇਰਣਾ ਹਨ। ਸੀਐਮ ਨੇ ਮਾਪਿਆਂ ਅਤੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਬੱਚਿਆਂ ਦੀ ਸਫਲਤਾ ਵਿੱਚ ਪਰਿਵਾਰ ਅਤੇ ਸਕੂਲ ਦੋਵੇਂ ਦੀ ਵੱਡੀ ਭੂਮਿਕਾ ਹੁੰਦੀ ਹੈ।
ਇਸ ਵਾਰ ਪੰਜਾਬ ਬੋਰਡ ਦੀ 12ਵੀਂ ਜਮਾਤ ਵਿੱਚ ਟਾਪ-3 ਵਿੱਚ ਤਿੰਨੋਂ ਹੀ ਲੜਕੀਆਂ ਰਹੀਆਂ ਹਨ। ਸੁਪਨੀਤ ਕੌਰ ਨੇ ਮਾਨਸਾ ਤੋਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੁਹਾਨੀ ਚੌਹਾਨ ਅਤੇ ਦਿਵਾਂਸ਼ੀ ਨੇ ਲੁਧਿਆਣਾ ਤੋਂ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਖਾਸ ਗੱਲ ਇਹ ਰਹੀ ਕਿ ਤਿੰਨਾਂ ਹੀ ਵਿਦਿਆਰਥਣਾਂ ਨੇ 500 ਵਿੱਚੋਂ ਪੂਰੇ 500 ਅੰਕ ਪ੍ਰਾਪਤ ਕੀਤੇ। ਇਸ ਉਪਲਬਧੀ ਨੇ ਸਿੱਖਿਆ ਖੇਤਰ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਸਕੂਲਾਂ ਵਿੱਚ ਵੀ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ।
ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੁੱਲ ਨਤੀਜਾ 91.46 ਫੀਸਦੀ ਰਿਹਾ ਹੈ। ਕੁੱਲ 2,65,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 2,42,755 ਵਿਦਿਆਰਥੀ ਪਾਸ ਹੋਏ ਹਨ। ਲੜਕੀਆਂ ਦਾ ਨਤੀਜਾ ਇੱਕ ਵਾਰ ਫਿਰ ਲੜਕਿਆਂ ਨਾਲੋਂ ਬਿਹਤਰ ਰਿਹਾ। ਲੜਕੀਆਂ ਦੀ ਪਾਸ ਫੀਸਦੀ 94.73 ਰਹੀ, ਜਦਕਿ ਲੜਕਿਆਂ ਦੀ ਪਾਸ ਫੀਸਦੀ 88.52 ਫੀਸਦੀ ਦਰਜ ਕੀਤੀ ਗਈ। ਇਸ ਵਾਰ 1,25,695 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 1,19,073 ਪਾਸ ਹੋਈਆਂ। ਦੂਜੇ ਪਾਸੇ 1,39,716 ਲੜਕਿਆਂ ਵਿੱਚੋਂ 1,23,676 ਵਿਦਿਆਰਥੀ ਪਾਸ ਹੋਏ ਹਨ।
ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੇ ਵੀ ਇਸ ਵਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੇਂਡੂ ਖੇਤਰਾਂ ਦੀ ਪਾਸ ਫੀਸਦੀ 91.63 ਰਹੀ, ਜੋ ਸ਼ਹਿਰੀ ਖੇਤਰਾਂ ਨਾਲੋਂ ਥੋੜ੍ਹੀ ਵੱਧ ਹੈ। ਸ਼ਹਿਰੀ ਖੇਤਰਾਂ ਵਿੱਚ ਪਾਸ ਫੀਸਦੀ 91.24 ਰਹੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੰਜਾਬ ਦੇ ਪਿੰਡਾਂ ਵਿੱਚ ਵਧ ਰਹੀ ਸਿੱਖਿਆ ਪ੍ਰਤੀ ਜਾਗਰੂਕਤਾ ਅਤੇ ਮਾਪਿਆਂ ਦੀ ਬਦਲਦੀ ਸੋਚ ਨੂੰ ਦਰਸਾਉਂਦਾ ਹੈ। ਟ੍ਰਾਂਸਜੈਂਡਰ ਵਿਦਿਆਰਥੀਆਂ ਨੇ ਵੀ ਇਸ ਵਾਰ ਵਧੀਆ ਪ੍ਰਦਰਸ਼ਨ ਕੀਤਾ ਅਤੇ ਪ੍ਰੀਖਿਆ ਵਿੱਚ ਸ਼ਾਮਲ ਹੋਏ 6 ਦੇ 6 ਵਿਦਿਆਰਥੀ ਪਾਸ ਹੋਏ ਹਨ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਲਗਾਤਾਰ ਸੁਧਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਵਧੀਆ ਮੌਕੇ ਦਿੱਤੇ ਜਾ ਰਹੇ ਹਨ। ਸੀਐਮ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਿਰਫ਼ ਅੰਕਾਂ ਲਈ ਨਹੀਂ, ਸਗੋਂ ਜੀਵਨ ਵਿੱਚ ਚੰਗਾ ਇਨਸਾਨ ਬਣਨ ਲਈ ਵੀ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਬੇਹੱਦ ਸਮਰੱਥਾ ਹੈ ਅਤੇ ਇਹੀ ਬੱਚੇ ਭਵਿੱਖ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।