ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਗਈ ਖੇਪ ਨੂੰ ਜ਼ਬਤ ਕਰ ਲਿਆ ਹੈ। ਹਾਲਾਂਕਿ ਡਰੋਨ ਬੀਐੱਸਐੱਫ ਦੇ ਹੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ। ਜ਼ਬਤ ਕੀਤੀ ਖੇਪ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ ਕਰੀਬ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇਲਾਕੇ 'ਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਬੀਐੱਸਐੱਫ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋੜ ਵਿੱਚ ਸਾਹਮਣੇ ਆਇਆ ਹੈ। ਬੀਐੱਸਐੱਫ ਨੂੰ ਇਲਾਕੇ ਵਿੱਚ ਡਰੋਨ ਦੇ ਆਉਣ ਦਾ ਅਹਿਸਾਸ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਨੂੰ ਮਾਰ ਗਿਰਾਣ ਦੀ ਕੋਸ਼ਿਸ਼ ਕੀਤੀ ਗਈ ਪਰ ਡਰੋਨ ਵਾਪਸ ਪਾਕਿਸਤਾਨ ਸਰਹੱਦ ਵੱਲ ਪਰਤ ਗਿਆ। ਬਾਅਦ ਵਿੱਚ ਜਵਾਨਾਂ ਨੇ ਡਰੋਨ ਦਾ ਪਿੱਛਾ ਕੀਤਾ ਅਤੇ ਇਸ ਰਾਹੀਂ ਸੁੱਟੀ ਗਈ ਖੇਪ ਨੂੰ ਜ਼ਬਤ ਕਰ ਲਿਆ।
565 ਗ੍ਰਾਮ ਹੈਰੋਇਨ ਮਿਲੀ
ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਨੇ ਪੀਲੇ ਰੰਗ ਦਾ ਪੈਕਟ ਸੁੱਟਿਆ ਸੀ। ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਪੈਕਟ ਦੀ ਜਾਂਚ ਕਰਨ 'ਤੇ ਇਸ ਵਿੱਚੋ 565 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਆਸਪਾਸ ਦੇ ਇਲਾਕਿਆਂ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ।
8 ਦਿਨਾਂ 'ਚ 9 ਡਰੋਨ ਜ਼ਬਤ
ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ 8 ਦਿਨਾਂ ਵਿੱਚ 9 ਡਰੋਨ ਜ਼ਬਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਡਰੋਨ ਅੰਮ੍ਰਿਤਸਰ ਸਰਹੱਦ ਤੋਂ ਜ਼ਬਤ ਕੀਤੇ ਗਏ ਸਨ। ਇਸ ਦੇ ਨਾਲ ਹੀ ਹਾਲ ਹੀ ਵਿੱਚ ਤਰਨਤਾਰਨ ਤੋਂ ਵੀ ਇੱਕ ਡਰੋਨ ਬਰਾਮਦ ਹੋਇਆ ਸੀ।