menu-icon
Punjabi Story Line
  • Home
  • News
  • Punjab
  • ਇੱਕੋ ਸਰਿੰਜ ਨਾਲ ਨਸ਼ਾ ਕਰਕੇ ਨੌਜਵਾਨ ਆਹ ਬੀਮਾਰੀ ਨੂੰ ਦੇ ਰਹੇ ਸੱਦਾ, ਪੜ੍ਹੋ ਕੀ ਹੈ ਮਾਮਲਾ

ਇੱਕੋ ਸਰਿੰਜ ਨਾਲ ਨਸ਼ਾ ਕਰਕੇ ਨੌਜਵਾਨ ਆਹ ਬੀਮਾਰੀ ਨੂੰ ਦੇ ਰਹੇ ਸੱਦਾ, ਪੜ੍ਹੋ ਕੀ ਹੈ ਮਾਮਲਾ

ਸਿਹਤ ਮਹਿਕਮੇ ਦੀ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਨਸ਼ੇ ਲਈ ਇੱਕੋ ਸਰਿੰਜ ਦੀ ਵਰਤੋਂ ਕਰਨ ਕਾਰਨ ਏਡਜ਼ ਦੇ ਮਾਮਲੇ ਵੱਧ ਰਹੇ ਹਨ। ਪਠਾਨਕੋਟ ਜ਼ਿਲ੍ਹੇ ਵਿੱਚ ਇੱਕ ਸਾਲ ਵਿੱਚ 150 ਲੋਕ ਏਡਜ਼ ਤੋਂ ਪੀੜਤ ਪਾਏ ਗਏ ਹਨ। ਹਰ ਮਹੀਨੇ ਲਗਭਗ 12 ਮਰੀਜ਼ ਸੰਕਰਮਿਤ ਹੋ ਰਹੇ ਹਨ।

Date Updated Last Updated : 28 December 2023, 11:04 AM IST
Share:

ਪੰਜਾਬ ਵਿੱਚ ਚਿੱਟੇ ਦੀ ਵਰਤੋਂ ਲਗਾਤਾਰ ਵੱਧਦੀ ਜਾ ਰਹੀ ਹੈ। ਨਸ਼ਾ ਕਰਨ ਕਰਕੇ ਇੱਕੋ ਸਰਿੰਜ ਦੀ ਵਰਤੋਂ ਕਾਰਨ AIDS ਦਾ ਫੈਲਾਅ ਕਾਫੀ ਵੱਧ ਰਿਹਾ ਹੈ। ਇਥੋਂ ਤੱਕ ਕਿ ਹੁਣ ਨਾਬਾਲਗ ਵੀ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ। ਸਿਹਤ ਮਹਿਕਮੇ ਦੀ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਨਸ਼ੇ ਲਈ ਇੱਕੋ ਸਰਿੰਜ ਦੀ ਵਰਤੋਂ ਕਰਨ ਕਾਰਨ AIDS ਦੇ ਮਾਮਲੇ ਵੱਧ ਰਹੇ ਹਨ। ਇੱਕ ਸਾਲ ਵਿੱਚ ਪਠਾਨਕੋਟ ਜ਼ਿਲ੍ਹੇ ਵਿੱਚ 150 ਲੋਕ AIDS ਤੋਂ ਪੀੜਤ ਪਾਏ ਗਏ ਹਨ। ਹਰ ਮਹੀਨੇ ਲਗਭਗ 12 ਮਰੀਜ਼ ਸੰਕ੍ਰਮਿਤ ਹੋ ਰਹੇ ਹਨ। ਇਨ੍ਹਾਂ ਵਿੱਚੋਂ 18 ਤੋਂ 20 ਸਾਲ ਦੇ ਨੌਜਵਾਨਾਂ ਦੀ ਗਿਣਤੀ 50 ਹੈ।

ਮਰੀਜ਼ਾਂ ਵਿੱਚ 18 ਤੋਂ 20 ਸਾਲ ਦੇ ਨੌਜਵਾਨਾਂ ਦੀ ਗਿਣਤੀ ਜ਼ਿਆਦਾ

ਸਿਵਲ ਹਸਪਤਾਲ ਵਿੱਚ ਐਂਟੀ ਰੈਟਰੋਵਾਇਰਲ ਥੈਰੇਪੀ (ART) ਸੈਂਟਰ ਦੀ SMO ਡਾ. ਪਰਵਿੰਦਰ ਕੌਰ ਦਾ ਕਹਿਣਾ ਹੈ ਕਿ ਚਿੰਤਾ ਦੀ ਗੱਲ ਹੈ ਕਿ ਮਰੀਜ਼ਾਂ ਵਿੱਚ 18 ਤੋਂ 20 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦਾ ਮੁੱਖ ਕਾਰਨ ਨਸ਼ੇ ਲਈ ਇੱਕੋ ਸਰਿੰਜ ਦੀ ਵਰਤੋਂ ਹੈ। ਨਸ਼ੇੜੀਆਂ ਦੀ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪਾਜ਼ੀਟਿਵ ਮਰੀਜ਼ਾਂ ਦਾ ਬਹੁਤ ਤੇਜ਼ੀ ਨਾਲ ਪਤਾ ਲਗਾਇਆ ਜਾ ਰਿਹਾ ਹੈ। ਪੀੜਤਾਂ ਵਿੱਚ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ HIV ਪੀੜਤ ਮਰੀਜ਼ਾਂ ਨੂੰ ਸਾਰੀ ਉਮਰ ਦਵਾਈ ਲੈਣੀ ਪੈਂਦੀ ਹੈ।

ਸੰਕ੍ਰਮਿਤਾਂ ਵਿੱਚ 7% ਨਸ਼ੇੜੀ, 6.9% ਟਰੱਕ ਡਰਾਈਵਰ ਤੇ 80% ਜੋੜੇ ਸ਼ਾਮਲ

ਡਾ. ਪਰਵਿੰਦਰ ਕੌਰ ਅਨੁਸਾਰ 5 ਸਾਲ ਪਹਿਲਾਂ ਸਿਰਫ਼ ਟਰੱਕ ਡਰਾਈਵਰ ਅਤੇ ਜੋੜੇ ਹੀ ਏਡਜ਼ ਤੋਂ ਪ੍ਰਭਾਵਿਤ ਹੁੰਦੇ ਸਨ, ਪਰ ਹੁਣ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਸੰਕ੍ਰਮਿਤ ਮਰੀਜ਼ਾਂ ਵਿੱਚ 7% ਨਸ਼ੇੜੀ, 6.9% ਟਰੱਕ ਡਰਾਈਵਰ ਅਤੇ 80% ਜੋੜੇ ਸ਼ਾਮਲ ਹਨ। ਮਾਪਿਆਂ ਦੀ ਲਾਪਰਵਾਹੀ ਕਾਰਨ ਬੱਚੇ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਕਈ ਬੱਚਿਆਂ ਨੂੰ ਇਹ ਬਿਮਾਰੀ ਗਰਭ ਅਵਸਥਾ ਦੌਰਾਨ ਹੀ ਹੋ ਜਾਂਦੀ ਹੈ। ਇਸ ਸਮੇਂ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ 9 ਲੱਖ ਤੋਂ ਵੱਧ ਮਰੀਜ਼ ਦਾਖ਼ਲ ਹਨ। ਇਨ੍ਹਾਂ ਵਿੱਚੋਂ 6.75 ਲੱਖ ਮਰੀਜ਼ ਨਿੱਜੀ ਕੇਂਦਰਾਂ ਵਿੱਚ ਦਾਖ਼ਲ ਹਨ, ਜਦਕਿ 2.77 ਲੱਖ ਮਰੀਜ਼ ਸਰਕਾਰੀ ਕੇਂਦਰਾਂ ਵਿੱਚ ਦਾਖ਼ਲ ਹਨ। ਹਾਲਾਂਕਿ ਕੁਝ ਗੈਰ ਸਰਕਾਰੀ ਸੰਗਠਨਾਂ ਦਾ ਦਾਅਵਾ ਹੈ ਕਿ ਨਸ਼ੇੜੀਆਂ ਦੀ ਕੁੱਲ ਗਿਣਤੀ 12 ਲੱਖ ਤੋਂ ਵੱਧ ਹੈ। ਸਰਕਾਰ ਵੱਲੋਂ ਇਨ੍ਹਾਂ ਕੇਂਦਰਾਂ ਵਿੱਚ ਮਰੀਜ਼ਾਂ ਦੀ ਸਿਹਤ ਦੀ ਵੀ ਲਗਾਤਾਰ ਜਾਂਚ ਕੀਤੀ ਜਾਂਦੀ ਹੈ। ਹਾਲ ਹੀ ਵਿੱਚ ਸਰਕਾਰ ਨੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।

Recent News