ਪੁਲਿਸ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ Laljit Singh Bhullar ਖਿਲਾਫ਼ ਕਈ ਗੰਭੀਰ ਦੋਸ਼ ਦਰਜ ਕੀਤੇ ਗਏ ਹਨ। ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ ‘ਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਮੰਤਰੀ ਉੱਤੇ ਲਗੇ ਇਲਜ਼ਾਮ ਸਹੀ ਪਾਏ ਗਏ ਹਨ। ਚਲਾਨ ਵਿੱਚ ਖੁਦਕੁਸ਼ੀ ਲਈ ਉਕਸਾਉਣ, ਤਸ਼ੱਦਦ ਕਰਨ ਅਤੇ ਅਪਮਾਨਿਤ ਕਰਨ ਦੇ ਵੇਰਵੇ ਸ਼ਾਮਲ ਕੀਤੇ ਗਏ ਹਨ। ਇਸਦੇ ਨਾਲ ਹੀ ਗਗਨਦੀਪ ਰੰਧਾਵਾ ਦਾ ਇਲਾਜ ਕਰਨ ਵਾਲੇ ਡਾਕਟਰ ਦੀ ਮੈਡੀਕਲ ਰਿਪੋਰਟ ਵੀ ਸਬੂਤ ਵਜੋਂ ਜੋੜੀ ਗਈ ਹੈ। ਪੁਲਿਸ ਨੇ ਚਲਾਨ ਵਿੱਚ ਡਾਕਟਰ ਸਮੇਤ ਕਰੀਬ 50 ਗਵਾਹਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਦੇ ਬਿਆਨ ਜਾਂਚ ਦੌਰਾਨ ਦਰਜ ਕੀਤੇ ਗਏ ਸਨ।
ਪੁਲਿਸ ਜਾਂਚ ਮੁਤਾਬਕ 13 ਮਾਰਚ 2026 ਨੂੰ Gagandeep Randhawa ਨੂੰ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੇ ਫ਼ੋਨ ਕਰਕੇ ਆਪਣੇ ਪੱਟੀ ਸਥਿਤ ਘਰ ‘ਤੇ ਬੁਲਾਇਆ ਸੀ। ਦੋਸ਼ ਹੈ ਕਿ ਉੱਥੇ ਘਰ ਵਿੱਚ ਬਣੇ ਦਫ਼ਤਰ ਅੰਦਰ ਗਗਨਦੀਪ ਰੰਧਾਵਾ ਨਾਲ ਕੁੱਟਮਾਰ ਅਤੇ ਬਦਸਲੂਕੀ ਕੀਤੀ ਗਈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਾਮਲੇ ਵਿੱਚ ਭੁੱਲਰ ਦੇ ਪਿਤਾ ਸੁਖਦੇਵ ਭੁੱਲਰ, ਪੀਏ ਦਿਲਬਾਗ ਸਿੰਘ ਅਤੇ ਤਿੰਨ ਅਣਪਛਾਤੇ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਹਨ, ਹਾਲਾਂਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਹਾਲੇ ਤੱਕ ਨਹੀਂ ਹੋ ਸਕੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ।
ਜਾਣਕਾਰੀ ਮੁਤਾਬਕ Gagandeep Randhawa ਨੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕੀਤੀ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਉੱਤੇ ਗੋਦਾਮ ਦੀ ਅਲਾਟਮੈਂਟ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਸੀ। ਇਲਜ਼ਾਮ ਲਗਾਇਆ ਗਿਆ ਕਿ ਸਾਬਕਾ ਮੰਤਰੀ ਆਪਣੇ ਪਿਤਾ ਦੇ ਨਾਮ ‘ਤੇ ਟੈਂਡਰ ਅਲਾਟ ਕਰਵਾਉਣਾ ਚਾਹੁੰਦੇ ਸਨ। ਇਸ ਸਾਰੇ ਦਬਾਅ ਕਾਰਨ ਉਹ ਮਾਨਸਿਕ ਤੌਰ ‘ਤੇ ਕਾਫ਼ੀ ਪਰੇਸ਼ਾਨ ਹੋ ਗਏ ਸਨ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਸਿਆਸੀ ਰੂਪ ਧਾਰ ਲਿਆ ਸੀ।
ਸੂਤਰਾਂ ਮੁਤਾਬਕ ਵਿਭਾਗ ਨੂੰ ਇੱਕ ਗੋਦਾਮ ਲਈ ਜਗ੍ਹਾ ਅਲਾਟ ਕਰਨ ਦਾ ਪ੍ਰਸਤਾਵ ਮਿਲਿਆ ਸੀ। ਜਾਂਚ ਦੌਰਾਨ ਵਿਭਾਗੀ ਟੀਮ ਨੇ ਪਾਇਆ ਕਿ ਪ੍ਰਸਤਾਵਿਤ ਸਥਾਨ ਦੇ ਉੱਪਰੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਸਨ, ਜਿਸ ਕਾਰਨ ਇਹ ਸੁਰੱਖਿਆ ਪੱਖੋਂ ਠੀਕ ਨਹੀਂ ਸੀ। ਇਸੇ ਆਧਾਰ ‘ਤੇ ਵਿਭਾਗ ਨੇ ਉਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਦੋਸ਼ ਹੈ ਕਿ ਇਸ ਤੋਂ ਬਾਅਦ ਮੰਤਰੀ ਵੱਲੋਂ ਡੀਐਮ ‘ਤੇ ਲਗਾਤਾਰ ਦਬਾਅ ਬਣਾਇਆ ਗਿਆ। ਪੁਲਿਸ ਮੁਤਾਬਕ ਇਸ ਮਾਨਸਿਕ ਦਬਾਅ ਅਤੇ ਬੇਇਜ਼ਤੀ ਕਾਰਨ ਗਗਨਦੀਪ ਰੰਧਾਵਾ ਨੇ ਇਹ ਸਖ਼ਤ ਕਦਮ ਚੁੱਕਿਆ। ਮਾਮਲੇ ਦੀ ਅਗਲੀ ਸੁਣਵਾਈ ਹੁਣ ਅਦਾਲਤ ਵਿੱਚ ਹੋਵੇਗੀ।