menu-icon
Punjabi Story Line
  • Home
  • News
  • Punjab
  • ਧੂਰੀ ਵਿੱਚ ਵੱਡੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨ ਨੇਤਾ ਘਰਾਂ ਵਿੱਚੋਂ ਚੁੱਕੇ

ਧੂਰੀ ਵਿੱਚ ਵੱਡੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨ ਨੇਤਾ ਘਰਾਂ ਵਿੱਚੋਂ ਚੁੱਕੇ

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੂੰ ਉਨ੍ਹਾਂ ਦੇ ਘਰੋਂ ਦਰਵਾਜ਼ੇ ਤੋੜ ਕੇ ਚੁੱਕਿਆ, ਇਲਾਕਾ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ

Date Updated Last Updated : 27 December 2023, 12:05 PM IST
Share:

ਹਾਈਲਾਈਟਸ

  • ਮਿੱਲ ਮੈਨੇਜਮੈਂਟ ਗੰਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਆਨਾਕਾਨੀ ਕਰ ਰਹੀ ਹੈ

ਧੂਰੀ ਵਿੱਚ ਗੰਨਾ ਕਿਸਾਨਾਂ ਦੇ ਵੱਡੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੂੰ ਉਨ੍ਹਾਂ ਦੇ ਘਰੋਂ ਦਰਵਾਜ਼ੇ ਤੋੜ ਕੇ ਚੁੱਕ ਲਿਆ। ਕਾਬਿਲੇ ਜਿਕਰ ਹੈ ਕਿ ਧੂਰੀ ਵਿੱਚ ਗੰਨੇ ਦੀ ਫ਼ਸਲ ਦੀ ਖ਼ਰੀਦ ਸਬੰਧੀ ਗੰਨਾ ਮਿੱਲ ਪ੍ਰਬੰਧਕਾਂ ਵੱਲੋਂ ਕੀਤੇ ਵਾਅਦੇ ਦੀ ਉਲੰਘਣਾ ਦੇ ਵਿਰੋਧ ਵਿੱਚ ਧੂਰੀ ਰੇਲਵੇ ਜੰਕਸ਼ਨ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਹੋਰ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਚੁੱਕ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦਾ ਘਰ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ।

 

20 ਦਿਨਾਂ ਤੋਂ ਖੱਜਲ ਹੋ ਰਹੇ ਸਨ ਕਿਸਾਨ

ਪਿਛਲੇ 20 ਦਿਨਾਂ ਤੋਂ ਗੰਨਾ ਉਤਪਾਦਕ ਕਿਸਾਨ ਆਪਣੀ ਫ਼ਸਲ ਦੀ ਖਰੀਦ ਨੂੰ ਲੈ ਕੇ ਗੰਨਾ ਮਿੱਲ ਮੈਨੇਜਮੈਂਟ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਿੱਲ ਮੈਨੇਜਮੈਂਟ ਉਨ੍ਹਾਂ ਦੇ ਗੰਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਆਨਾਕਾਨੀ ਕਰ ਰਹੀ ਹੈ। 21 ਦਸੰਬਰ ਨੂੰ ਗੰਨਾ ਕਮਿਸ਼ਨਰ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਗੰਨੇ ਦੀ ਖਰੀਦ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਗਲੇ ਦਿਨ ਜਦੋਂ ਕਿਸਾਨ ਆਪਣੀਆਂ ਟਰਾਲੀਆਂ ਲੈ ਕੇ ਪੁੱਜੇ ਤਾਂ ਮਿੱਲ ਪ੍ਰਬੰਧਕਾਂ ਨੇ ਸਿਰਫ਼ ਦੋ ਟਰਾਲੀਆਂ ਹੀ ਖਰੀਦੀਆਂ। ਬਾਕੀ ਟਰਾਲੀਆਂ ਅਜੇ ਵੀ ਮਿੱਲ ਦੇ ਅੰਦਰ ਖੜ੍ਹੀਆਂ ਹਨ। ਬਾਅਦ ਵਿੱਚ ਮਿੱਲ ਪ੍ਰਬੰਧਕਾਂ ਨੇ ਖ਼ਰੀਦ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ 27 ਦਸੰਬਰ ਨੂੰ ਧੂਰੀ ਰੇਲਵੇ ਜੰਕਸ਼ਨ ਜਾਮ ਕਰਨ ਦਾ ਐਲਾਨ ਕੀਤਾ ਸੀ। ਉਧਰ, ਬੁੱਧਵਾਰ ਨੂੰ ਸਵੇਰੇ ਹੀ ਸੰਗਰੂਰ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਘਰੋਂ ਗੁਪਤ ਤਰੀਕੇ ਨਾਲ ਚੁੱਕ ਲਿਆ ਗਿਆ।

Tags :

Recent News