ਬਠਿੰਡਾ ਦੇ ਗੁਰਦੁਆਰਾ ਢਾਬਸਰ ਸਾਹਿਬ ਵਿਖੇ ਸ਼ਾਮ ਦੀ ਅਰਦਾਸ ਕਰਦੇ ਸਮੇਂ ਅਚਾਨਕ ਅੱਗ ਲੱਗਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਵਿੱਤਰ ਸਰੂਪਾਂ ਦੇ ਕਵਰ ਜਲ ਕੇ ਸੁਆਹ ਹੋ ਗਏ। ਸ਼ੁਕਰ ਹੈ ਕਿ ਸਮੇਂ ਸਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਬਾਹਰ ਕੱਢ ਲਿਆ ਗਿਆ।
ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਦੀ ਅਰਦਾਸ ਕਰ ਰਹੇ ਸਨ, ਉਸੇ ਦੌਰਾਨ ਸੱਚਖੰਡ ਸਾਹਿਬ ਅੰਦਰ ਇੱਕ ਬੱਲਬ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਭੜਕ ਉੱਠੀ। ਅੱਗ ਲੱਗਣ ਦੀ ਦੇਰ ਸੀ ਕਿ ਤੁਰੰਤ ਸੰਗਤਾਂ ਨੇ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਪਰ ਉਦੋਂ ਤੱਕ ਚਾਰ ਸਰੂਪਾਂ ਦੇ ਕਵਰ ਅੱਗ ਦੀ ਲਪੇਟ ਵਿੱਚ ਆ ਚੁੱਕੇ ਸਨ।
ਘਟਨਾ ਦੀ ਸੂਚਨਾ ਤੁਰੰਤ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਦੇ ਦਿੱਤੀ ਗਈ। ਜਥੇਦਾਰ ਬਾਬਾ ਟੇਕ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਡੂੰਘਾਈ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਨੂੰ 14 ਜੂਨ ਨੂੰ ਹਾਜ਼ਰ ਹੋ ਕੇ ਸਫਾਈ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਥੇਦਾਰ ਬਾਬਾ ਟੇਕ ਸਿੰਘ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਿਆਂ ਅੰਦਰ ਬਿਜਲੀ ਦੀਆਂ ਵਾਇਰਿੰਗ ਅਤੇ ਉਪਕਰਨਾਂ ਦੀ ਨਿਯਮਤ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਲੇ ਹੋਏ ਪਵਿੱਤਰ ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਭੇਜਿਆ ਜਾ ਰਿਹੈ।
ਇਸ ਤੋਂ ਪਹਿਲਾਂ 27 ਮਈ ਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ਵਿੱਚ ਵੀ ਸ਼ਾਰਟ ਸਰਕਟ ਕਾਰਨ ਟੈਂਟ ਵਿੱਚ ਅੱਗ ਲੱਗ ਗਈ ਸੀ, ਜਿਸ ਨਾਲ ਸੰਗਤਾਂ ਵਿੱਚ ਅਫਰਾ-ਤਫਰੀ ਮੱਚ ਗਈ ਸੀ। ਗੌਰਤਲਬ ਹੈ ਕਿ ਇਸੇ ਗੁਰਦੁਆਰੇ ਵਿੱਚ 23 ਮਈ ਨੂੰ ਲੰਗਰ ਹਾਲ ਦੀ ਸ਼ਟਰਿੰਗ ਡਿੱਗਣ ਕਾਰਨ ਦੋ ਸ਼ਰਧਾਲੂ ਔਰਤਾਂ ਦੀ ਮੌਤ ਹੋ ਗਈ ਸੀ, ਜਦਕਿ 9 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।