ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ 100 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਕਲੀਨਿਕਾਂ ਦੇ ਜੁੜਨ ਨਾਲ ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ ਵੱਧ ਕੇ 1,090 ਹੋ ਗਈ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦਿਹਾਤੀ ਦੇ ਵਿਕਾਸ ਨਗਰ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਕੇ ਇਨ੍ਹਾਂ 100 ਕਲੀਨਿਕਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੇ ਸਿਹਤ ਸੇਵਾਵਾਂ ਨੂੰ ਲੋਕਾਂ ਦੀ ਪਹੁੰਚ ਵਿੱਚ ਲਿਆ ਕੇ ਇਲਾਜ ਨੂੰ ਆਸਾਨ, ਸੁਵਿਧਾਜਨਕ ਅਤੇ ਕਿਫਾਇਤੀ ਬਣਾਇਆ ਹੈ। ਨਵੇਂ ਕਲੀਨਿਕਾਂ ਨਾਲ ਹੋਰ ਵੱਧ ਲੋਕਾਂ ਨੂੰ ਪ੍ਰਾਇਮਰੀ ਸਿਹਤ ਸੇਵਾਵਾਂ ਦਾ ਲਾਭ ਮਿਲੇਗਾ।
ਇਨ੍ਹਾਂ 100 ਨਵੇਂ ਕਲੀਨਿਕਾਂ ਵਿੱਚੋਂ ਅੱਜ ਵੱਖ-ਵੱਖ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਜਨ-ਪ੍ਰਤੀਨਿਧੀਆਂ ਵੱਲੋਂ ਸੂਬੇ ਭਰ ਵਿੱਚ 71 ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਹੈ। ਬਾਕੀ ਬਚੇ 29 ਕਲੀਨਿਕ 31 ਜੁਲਾਈ ਤੱਕ ਪੜਾਅਵਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੋਕ ਅਰਪਿਤ ਕੀਤੇ ਜਾਣਗੇ
• ਡਾ. ਬਲਜੀਤ ਕੌਰ ਨੇ ਮਲੋਟ ਦੇ ਅੰਬੇਦਕਰ ਭਵਨ, ਡੇਰਾ ਸੱਚਾ ਸੌਦਾ ਰੋਡ ਅਤੇ ਵਾਰਡ ਨੰ. 11, ਸ੍ਰੀ ਮੁਕਤਸਰ ਸਾਹਿਬ ਵਿਖੇ 3 ਕਲੀਨਿਕ ਸ਼ੁਰੂ ਕੀਤੇ।
• ਸ੍ਰੀ ਲਾਲ ਚੰਦ ਕਟਾਰੂਚੱਕ ਨੇ 25 ਲੱਖ ਦੀ ਲਾਗਤ ਨਾਲ ਬਣੇ ਪਠਾਨਕੋਟ ਸ਼ਹਿਰ ਵਿਖੇ 1 ਕਲੀਨਿਕ ਦਾ ਉਦਘਾਟਨ ਕੀਤਾ।
• ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ 1 ਕਲੀਨਿਕ ਸ਼ੁਰੂ ਕੀਤਾ।
• ਸ੍ਰੀ ਹਰਦੀਪ ਸਿੰਘ ਮੁੰਡੀਆ ਨੇ ਹਲਕਾ ਸਾਹਨੇਵਾਲ ਵਿੱਚ 76.41 ਲੱਖ ਦੀ ਲਾਗਤ ਨਾਲ ਤਿਆਰ ਹੋਏ 3 ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ।
• ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਦੇ ਨਰੋਤਮ ਨਗਰ, ਫੋਕਲ ਪੁਆਇੰਟ ਅਤੇ ਉੱਤਮ ਨਗਰ ਵਿਖੇ 87 ਲੱਖ ਦੀ ਲਾਗਤ ਵਾਲੇ 3 ਕਲੀਨਿਕਾਂ ਦਾ ਉਦਘਾਟਨ ਕੀਤਾ।
• ਸ੍ਰੀ ਮੋਹਿੰਦਰ ਭਗਤ ਨੇ ਜਲੰਧਰ ਦੇ ਸਿਧਾਰਥ ਨਗਰ, ਬੁੱਢਾ ਮੱਲ ਗਰਾਉਂਡ ਅਤੇ ਸਪੋਰਟਸ ਤੇ ਸਰਜੀਕਲ ਕੰਪਲੈਕਸ ਵਿਖੇ 3 ਕਲੀਨਿਕ ਸ਼ੁਰੂ ਕੀਤੇ।
ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਵਿਧਾਇਕਾਂ ਅਤੇ ਜਨ-ਪ੍ਰਤੀਨਿਧੀਆਂ ਨੇ ਵੀ ਆਪਣੇ-ਆਪਣੇ ਹਲਕਿਆਂ ਵਿੱਚ ਨਵੇਂ ਕਲੀਨਿਕਾਂ ਦੀ ਸ਼ੁਰੂਆਤ ਕੀਤੀ।
ਪੰਜਾਬ ਸਰਕਾਰ ਨੇ ਸੂਬੇ ਵਿੱਚ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਮਾਡਲ ਵਿਕਸਤ ਕੀਤਾ ਹੈ। ਇਸ ਵੇਲੇ ਸੂਬੇ ਵਿੱਚ 990 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 414 ਸ਼ਹਿਰੀ ਅਤੇ 576 ਪੇਂਡੂ ਖੇਤਰਾਂ ਵਿੱਚ ਸਥਾਪਿਤ ਹਨ। ਨਵੇਂ 100 ਕਲੀਨਿਕਾਂ ਦੇ ਜੁੜਨ ਨਾਲ ਇਹ ਗਿਣਤੀ 1,090 'ਤੇ ਪੁੱਜ ਗਈ ਹੈ।
ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ 107 ਕਿਸਮ ਦੀਆਂ ਜ਼ਰੂਰੀ ਦਵਾਈਆਂ ਅਤੇ 47 ਤਰ੍ਹਾਂ ਦੇ ਲੈਬ ਟੈਸਟ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਹਰੇਕ ਕਲੀਨਿਕ ਵਿੱਚ ਮੈਡੀਕਲ ਅਫ਼ਸਰ, ਫਾਰਮਾਸਿਸਟ ਅਤੇ ਸਿਖਲਾਈ ਪ੍ਰਾਪਤ ਸਿਹਤ ਕਰਮਚਾਰੀ ਤਾਇਨਾਤ ਹਨ। ਆਧੁਨਿਕ ਆਈ.ਟੀ. ਪ੍ਰਣਾਲੀ ਰਾਹੀਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਜਾਂਚ, ਇਲਾਜ ਅਤੇ ਦਵਾਈਆਂ ਦੀ ਵੰਡ ਕੀਤੀ ਜਾ ਰਹੀ ਹੈ।
ਇਨ੍ਹਾਂ ਕਲੀਨਿਕਾਂ ਵਿੱਚ ਹੁਣ ਸਿਹਤ ਸੇਵਾਵਾਂ ਦਾ ਦਾਇਰਾ ਵੀ ਵਧਾਇਆ ਗਿਆ ਹੈ। ਮਰੀਜ਼ਾਂ ਨੂੰ ਇੱਥੇ ਮੁਫ਼ਤ ਸੇਵਾਵਾਂ ਮਿਲ ਰਹੀਆਂ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:
• ਗਰਭਵਤੀ ਮਹਿਲਾਵਾਂ ਦੀ ਜਨਮ-ਪੂਰਵ ਦੇਖਭਾਲ
• ਕੁੱਤੇ ਦੇ ਕੱਟਣ ਦਾ ਇਲਾਜ
• ਪਰਿਵਾਰ ਨਿਯੋਜਨ ਸੇਵਾਵਾਂ
• ਉੱਚ ਰਕਤਚਾਪ (ਹਾਈ ਬਲੱਡ ਪ੍ਰੈਸ਼ਰ) ਅਤੇ ਸ਼ੂਗਰ (ਡਾਇਬਟੀਜ਼) ਦੀ ਜਾਂਚ ਅਤੇ ਇਲਾਜ
• ਹੋਰ ਗੈਰ-ਸੰਚਾਰੀ ਬਿਮਾਰੀਆਂ ਦੀ ਸਕ੍ਰੀਨਿੰਗ
ਪੰਜਾਬ ਸਰਕਾਰ ਸੂਬੇ ਦੇ ਹਰ ਨਾਗਰਿਕ ਨੂੰ ਉਸ ਦੇ ਘਰ ਦੇ ਨੇੜੇ ਗੁਣਵੱਤਾ ਭਰਪੂਰ ਅਤੇ ਮੁਫ਼ਤ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਨ੍ਹਾਂ ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਨਾਲ ਸੂਬੇ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਹੋਰ ਵਿਆਪਕ ਹੋਵੇਗੀ ਅਤੇ ਲੱਖਾਂ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।