ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਟੈਂਪੂ ਟ੍ਰੈਵਲਰ ਗੁਰਦਾਸਪੁਰ ਦੇ ਬਟਾਲਾ ਵਿੱਚ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ। ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਉਧੋਵਾਲ ਅੱਡੇ ਕੋਲ ਇੱਕ ਟਿੱਪਰ ਨਾਲ ਟੱਕਰ ਹੋਣ ਕਾਰਨ ਦੋ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 14 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਸ਼ਰਧਾਲੂ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਹ ਕੰਪਨੀ ਟੂਰ ਤਹਿਤ ਪਹਿਲਾਂ ਸ਼੍ਰੀਨਗਰ ਗਏ ਸਨ ਅਤੇ ਫਿਰ ਕਟੜਾ ਵਿਖੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਉਪਰੰਤ ਰਾਤ ਕਰੀਬ 10 ਵਜੇ ਵਾਪਸੀ ’ਤੇ ਰਵਾਨਾ ਹੋਏ ਸਨ। ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਬਾਅਦ ਤਲਵੰਡੀ ਸਾਬੋ (ਬਠਿੰਡਾ) ਵਿਖੇ ਉਤਾਰਿਆ ਜਾਣਾ ਸੀ।
ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਟੱਕਰ ਇੰਨੀ ਭਿਆਨਕ ਸੀ ਕਿ ਟੈਂਪੂ ਟ੍ਰੈਵਲਰ ਦੇ ਪਰਖੱਚੇ ਉੱਡ ਗਏ। ਵਾਹਨ ਦੇ ਟੁਕੜੇ ਕਰੀਬ 50 ਮੀਟਰ ਤੱਕ ਸੜਕ ’ਤੇ ਬਿਖਰੇ ਪਏ ਸਨ। ਟ੍ਰੈਵਲਰ ਦੀ ਛੱਤ ਉੱਖੜਣ ਕਾਰਨ ਸਾਰੇ ਯਾਤਰੀ ਅੰਦਰ ਹੀ ਫਸ ਗਏ। ਪ੍ਰਤੱਖਦਰਸ਼ੀਆਂ ਮੁਤਾਬਕ ਤੜਕੇ ਸੜਕ ’ਤੇ ਆਵਾਜਾਈ ਘੱਟ ਹੋਣ ਕਾਰਨ ਟ੍ਰੈਵਲਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ।
‘ਪਾਂਡੇ ਟੂਰ ਐਂਡ ਟ੍ਰੈਵਲ’ ਦੇ ਮੈਂਬਰ ਸੁਦੇਸ਼ ਕੁਮਾਰ ਬੋਬੀਆ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ, ਜਦੋਂ ਅੱਗੇ ਜਾ ਰਹੇ ਟਿੱਪਰ ਨੇ ਮੁੱਖ ਹਾਈਵੇ ਤੋਂ ਸਲਿੱਪ ਰੋਡ ਵੱਲ ਅਚਾਨਕ ਮੋੜ ਲੈ ਲਿਆ, ਜਿਸ ਕਾਰਨ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਟੈਂਪੂ ਟ੍ਰੈਵਲਰ ਟਿੱਪਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਪੂਰੀ ਗ਼ਲਤੀ ਟਿੱਪਰ ਡਰਾਈਵਰ ਦੀ ਦੱਸੀ ਜਾ ਰਹੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਅਤੇ ਐੱਸ.ਐੱਸ.ਐੱਫ. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਸਖ਼ਤ ਮਿਹਨਤ ਕਰਕੇ ਸਾਰੇ ਜ਼ਖ਼ਮੀਆਂ ਨੂੰ ਖਰਾਬ ਗੱਡੀ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ। ਉੱਥੋਂ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਤਿੰਨ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਮ੍ਰਿਤਕਾਂ ਵਿੱਚ ਇੱਕ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ, ਜਦਕਿ ਇੱਕ ਜ਼ਖ਼ਮੀ ਯਾਤਰੀ ਦੇ ਸਿਰ ’ਤੇ ਡੂੰਘੀ ਸੱਟ ਲੱਗੀ ਹੈ ਅਤੇ ਡਰਾਈਵਰ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਟਿੱਪਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।