Punjab News: QR ਕੋਡ ਭੇਜ ਕੇ ਪੈਸੇ ਮੰਗਣ ਵਾਲੇ 6 ਫਰਜ਼ੀ ਪੱਤਰਕਾਰਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਫਰਜ਼ੀ ਪੱਤਰਕਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਸਾਰਿਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਮੁਲਜ਼ਮ ਜਲੰਧਰ-ਆਦਮਪੁਰ ਮੁੱਖ ਮਾਰਗ ’ਤੇ ਢਿੱਲਵਾਂ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੂੰ ਧਮਕੀਆਂ ਦੇ ਕੇ ਪੈਸੇ ਵਸੂਲਣ ਲਈ ਗਏ ਸਨ। ਮੁਲਜ਼ਮਾਂ ਨੇ ਪੀੜਤਾ ਤੋਂ 1 ਲੱਖ ਰੁਪਏ ਦੀ ਮੰਗ ਕੀਤੀ ਸੀ। ਪੀੜਤ ਨੇ ਕਿਸੇ ਤਰ੍ਹਾਂ ਫਰਜ਼ੀ ਪੱਤਰਕਾਰਾਂ ਨੂੰ 30 ਹਜਾਰ ਰੁਪਏ ਦਿੱਤੇ ਸਨ। ਪੈਸੇ ਲੈਣ ਤੋਂ ਬਾਅਦ ਵੀ ਮੁਲਜ਼ਮਾਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਮਕਾਨ ਦੀ ਉਸਾਰੀ ਕਰਵਾ ਰਿਹਾ ਪੀੜਤ
ਢਿਲਵਾਂ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਮਕਾਨ ਦੀ ਉਸਾਰੀ ਕਰ ਰਿਹਾ ਸੀ। ਇਸ ਦੌਰਾਨ ਫਰਜ਼ੀ ਪੱਤਰਕਾਰਾਂ ਨੇ ਪੀੜਤ ਦੇ ਘਰ ਦੀਆਂ ਫੋਟੋਆਂ ਖਿੱਚ ਲਈਆਂ ਅਤੇ ਇਸ ਦੀ ਸ਼ਿਕਾਇਤ ਨਗਰ ਨਿਗਮ ਜਲੰਧਰ ਨੂੰ ਕਰ ਕੇ ਕਾਰਵਾਈ ਕਰਨ ਦੀ ਧਮਕੀ ਦਿੱਤੀ। ਪੀੜਤ ਇੰਨਾ ਜਾਣਕਾਰ ਨਹੀਂ ਸੀ, ਜਿਸ ਕਾਰਨ ਮੁਲਜ਼ਮਾਂ ਨੇ ਪਹਿਲਾਂ ਤਾਂ ਉਸ ਨੂੰ ਧਮਕੀਆਂ ਦੇ ਕੇ ਪੀੜਤ ਤੋਂ 30 ਹਜ਼ਾਰ ਲੈ ਲਏ।
ਪੁਲਿਸ ਨੇ ਕੀਤਾ ਗ੍ਰਿਫਤਾਰ
ਅਮਰਜੀਤ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ QR ਕੋਡ ਰਾਹੀਂ ਮੁਲਜ਼ਮ ਦੇ ਪੇਟੀਐਮ ਖਾਤੇ ਵਿੱਚ ਕਰੀਬ 30 ਹਜ਼ਾਰ ਰੁਪਏ ਟਰਾਂਸਫਰ ਕੀਤੇ ਸਨ। ਪਰ ਮੁਲਜ਼ਮ ਨੇ ਉਸ ਨੂੰ ਫਿਰ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਪੀੜਤ ਨੇ ਤੁਰੰਤ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਅਤੇ ਮੁਲਜ਼ਮ ਨੂੰ ਪੈਸੇ ਦੇਣ ਲਈ ਬੁਲਾਇਆ। ਜਦੋਂ ਉਹ ਪੈਸੇ ਲੈਣ ਮੌਕੇ 'ਤੇ ਪਹੁੰਚਿਆ ਤਾਂ ਉਸ ਨੂੰ ਪੁਲਿਸ ਨੇ ਦਬੋਚ ਲਿਆ।