menu-icon
Punjabi Story Line
  • Home
  • News
  • Punjab
  • ਕੇਜਰੀਵਾਲ ਦਾ ਵੱਡਾ ਐਲਾਨ, ਭਗਵੰਤ ਮਾਨ ਹੀ ਹੋਣਗੇ ਪੰਜਾਬ ਵਿਧਾਨਸਭਾ ਚੋਣਾਂ ‘ਚ CM ਚਿਹਰਾ

ਕੇਜਰੀਵਾਲ ਦਾ ਵੱਡਾ ਐਲਾਨ, ਭਗਵੰਤ ਮਾਨ ਹੀ ਹੋਣਗੇ ਪੰਜਾਬ ਵਿਧਾਨਸਭਾ ਚੋਣਾਂ ‘ਚ CM ਚਿਹਰਾ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ, ਜਦੋਂ ਕਿ ਸੰਕੇਤ ਦਿੱਤਾ ਕਿ ਰਾਜ ਦੀਆਂ ਚੋਣਾਂ ਇਸ ਸਾਲ ਨਵੰਬਰ ਦੇ ਸ਼ੁਰੂ ਵਿੱਚ ਹੀ ਕਰਵਾਈਆਂ ਜਾ ਸਕਦੀਆਂ ਹਨ।

Date Updated Last Updated : 13 June 2026, 11:32 AM IST
Share:

ਪੰਜਾਬ: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ। ਸ਼ੁੱਕਰਵਾਰ ਨੂੰ ਉਹਨਾਂ ਨੇ ਬਠਿੰਡਾ ਵਿਖੇ ਦੱਸਿਆ ਕਿ ਸਾਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਹੀ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੋਣਗੇ। ਆਪਣੇ ਸੰਬੋਧਨ ਵਿੱਚ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੀ ਲੜੇਗੀ।


ਅਰਵਿੰਦ ਕੇਜਰੀਵਾਲ ਨੇ ਖ਼ੁਲਾਸਾ ਕੀਤਾ ਕਿ ਮੈਨੂੰ ਅਜਿਹੀਆਂ ਸੂਚਨਾਵਾਂ ਮਿਲੀਆਂ ਹਨ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਯਾਨੀ ਨਵੰਬਰ ਮਹੀਨੇ ਵਿੱਚ ਹੀ ਕਰਵਾਈਆਂ ਜਾਣਗੀਆਂ। ਜੇਕਰ ਅਜਿਹਾ ਹੁੰਦਾ ਹੈ ਤਾਂ ਸਾਡੇ ਕੋਲ ਚੋਣ ਤਿਆਰੀਆਂ ਲਈ ਹੁਣ ਸਿਰਫ਼ 4 ਮਹੀਨਿਆਂ ਦਾ ਸਮਾਂ ਬਚਿਆ ਹੈ। 

ਉਹਨਾਂ ਨੇ ਕਿਹਾ ਕਿ ਪਿਛਲੇ 75 ਸਾਲਾਂ ਦੇ ਇਤਿਹਾਸ ਵਿੱਚ ਪੰਜਾਬ ਨੇ ਕਈ ਮੁੱਖ ਮੰਤਰੀ ਦੇਖੇ ਹਨ, ਪਰ ਪਹਿਲੀ ਵਾਰ ਸੂਬੇ ਨੂੰ ਭਗਵੰਤ ਮਾਨ ਵਰਗਾ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ, ਜੋ ਸਰਕਾਰੀ ਖ਼ਜ਼ਾਨੇ ਦੇ ਪੈਸੇ ਦੀ ਬੱਚਤ ਕਰਕੇ ਉਸ ਨੂੰ ਜਨਤਾ ਨੂੰ ਸਹੂਲਤਾਂ ਦੇਣ ਲਈ ਵਰਤ ਰਹੇ ਹਨ।

ਆਪਣੇ ਭਾਸ਼ਣ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਠਿੰਡਾ ਨਿਗਮ ਚੋਣਾਂ ਵਿੱਚ ਲੋਕਾਂ ਨੇ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਹੈ। ਰੋਡ ਸ਼ੋਅ ਦੌਰਾਨ ਮੈਂ ਲੋਕਾਂ ਦੇ ਚਿਹਰੇ ਦੇਖ ਰਿਹਾ ਸੀ। ਸਾਨੂੰ ਸਰਕਾਰ ਚਲਾਉਂਦਿਆਂ 4 ਸਾਲ ਹੋ ਗਏ ਹਨ। ਪੁਰਾਣੀਆਂ ਸਰਕਾਰਾਂ ਚਾਹੇ ਅਕਾਲੀ ਦਲ ਦੀ ਹੋਵੇ ਜਾਂ ਕੋਈ ਹੋਰ, ਉਨ੍ਹਾਂ ਦੇ ਸਮੇਂ ਲੋਕ ਆਗੂਆਂ ਨੂੰ ਜੁੱਤੀਆਂ ਲੈ ਕੇ ਮਾਰਨ ਲਈ ਤਿਆਰ ਰਹਿੰਦੇ ਸਨ।

 

ਜਨਤਾ ਸਾਡੇ ਕੰਮਾਂ ਤੋਂ ਸੰਤੁਸ਼ਟ
ਉਹਨਾਂ ਕਿਹਾ ਕਿ ਜਨਤਾ ਸਾਡੇ ਕੰਮਾਂ ਤੋਂ ਸੰਤੁਸ਼ਟ ਹੈ। ਅੱਜ ਸਾਡੀ ਸਰਕਾਰ ਦੇ 4 ਸਾਲ ਮੁਕੰਮਲ ਹੋਣ ‘ਤੇ ਵੀ ਜਨਤਾ ਦੇ ਚਿਹਰਿਆਂ ‘ਤੇ ਖ਼ੁਸ਼ੀ ਦੇਖਣ ਨੂੰ ਮਿਲਦੀ ਹੈ, ਜਿਸ ਨਾਲ ਸਾਡਾ ਦਿਲ ਵੀ ਖ਼ੁਸ਼ ਹੋ ਜਾਂਦਾ ਹੈ। ਅਸੀਂ ਰਾਜਨੀਤੀ ਵਿੱਚ ਸਿਰਫ਼ ਕੰਮ ਕਰਨ ਆਏ ਸੀ। ਪਰ ਇਹ ਦੇਖ ਕੇ ਸਕੂਨ ਮਿਲਦਾ ਹੈ ਕਿ 4 ਸਾਲਾਂ ਬਾਅਦ ਵੀ ਲੋਕ ਸਾਡੇ ਕੰਮਾਂ ਨੂੰ ਪਸੰਦ ਕਰ ਰਹੇ ਹਨ।

ਬਠਿੰਡਾ ਵਿੱਚੋਂ ‘ਜੋਜੋ ਟੈਕਸ’ ਪੂਰੀ ਤਰ੍ਹਾਂ ਹੋਇਆ ਖ਼ਤਮ  

ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੈਂ 2022 ਦੀਆਂ ਚੋਣਾਂ ਵੇਲੇ ਬਠਿੰਡਾ ਆਇਆ ਸੀ, ਉਦੋਂ ਸਥਾਨਕ ਲੋਕਾਂ ਨੇ ਦੱਸਿਆ ਸੀ ਕਿ ਇੱਥੇ ਵਪਾਰੀਆਂ ਤੋਂ ‘ਜੋਜੋ ਟੈਕਸ’ ਵਸੂਲਿਆ ਜਾਂਦਾ ਹੈ। ਪਰ ਹੁਣ ਬਠਿੰਡਾ ਵਿੱਚੋਂ ਉਹ ‘ਜੋਜੋ ਟੈਕਸ’ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਕਿਸੇ ਤਰ੍ਹਾਂ ਦੀ ਕੋਈ ਲੁੱਟ-ਖਸੁੱਟ ਨਹੀਂ ਹੈ। 

ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਹੈ

ਕੇਜਰੀਵਾਲ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਹੈ, ਕਿਉਂਕਿ ਪਿਛਲੇ 4 ਸਾਲਾਂ ਵਿੱਚ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਕੋਈ ਇੱਕ ਵੀ ਦੋਸ਼ ਨਹੀਂ ਲੱਗਿਆ। ਜੇਕਰ ਉਨ੍ਹਾਂ ਤੇ ਜ਼ਰਾ ਜਿਹਾ ਵੀ ਦੋਸ਼ ਹੁੰਦਾ ਤਾਂ ਪੀਐਮ ਮੋਦੀ ਨੇ ਈਡੀ ਲਗਾ ਦੇਣੀ ਸੀ। ਸੂਬੇ ਵਿੱਚ ਬਿਜਲੀ ਪਹਿਲਾਂ ਹੀ ਮੁਫ਼ਤ ਮਿਲ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਹਰ ਮਾਂ-ਭੈਣ ਦੇ ਖਾਤੇ ਵਿੱਚ ਹਜ਼ਾਰ-ਹਜ਼ਾਰ ਰੁਪਏ ਭੇਜੇਗੀ। 

ਦੱਸ ਦੇਇਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਆਗੂਆਂ ਸਮੇਤ ਕਈ ਸਿਆਸੀ ਆਗੂਆਂ ਨੇ ਹਾਲ ਹੀ ਵਿੱਚ ਪਾਰਟੀ ਵਰਕਰਾਂ ਨੂੰ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ, ਜਿਸ ਵਿੱਚ ਚੋਣਾਂ ਦਾ ਸਮਾਂ ਜਲਦੀ ਤੈਅ ਹੋਣ ਦੀ ਸੰਭਾਵਨਾ ਹੈ।
 

Recent News