menu-icon
Punjabi Story Line
  • Home
  • News
  • Punjab
  • ਪੀਏ ਨੇ ਫੈਕਟਰੀ ਮਾਲਕ ਨੂੰ ਲਗਾਇਆ 70 ਲੱਖ ਦਾ ਚੂਨਾ, ਆਰੋਪੀ ਮਹਿੰਗੀਆਂ ਗੱਡੀਆਂ ਦਾ ਸ਼ੌਕੀਨ

ਪੀਏ ਨੇ ਫੈਕਟਰੀ ਮਾਲਕ ਨੂੰ ਲਗਾਇਆ 70 ਲੱਖ ਦਾ ਚੂਨਾ, ਆਰੋਪੀ ਮਹਿੰਗੀਆਂ ਗੱਡੀਆਂ ਦਾ ਸ਼ੌਕੀਨ

ਸ਼ਿਕਾਇਤਕਰਤਾ ਸਿਮਿੰਦਰ ਥਾਪਰ ਵਾਸੀ ਹੈਬੋਵਾਲ ਖੁਰਦ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਸੂਆ ਰੋਡ ਸਥਿਤ ਗੋਬਿੰਦਗੜ੍ਹ ਪਿੰਡ ਨੇੜੇ ਸਨਟੈਕਸ ਇੰਟਰਨੈਸ਼ਨਲ ਫੈਕਟਰੀ ਵਿੱਚ ਸੀਨੀਅਰ ਐਗਜ਼ੀਕਿਊਟਿਵ ਇੰਟਰਨਲ ਆਡਿਟ ਵਿਭਾਗ ਵਿੱਚ ਕੰਮ ਕਰਦਾ ਹੈ। ਉਹ ਫੈਕਟਰੀ ਦਾ ਪੂਰਾ ਹਿਸਾਬ-ਕਿਤਾਬ ਸੰਭਾਲਦਾ ਹੈ।

Date Updated Last Updated : 17 May 2026, 04:48 PM IST
Share:

ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਸਥਿਤ ਇੱਕ ਫੈਕਟਰੀ ਤੋਂ ਲੱਖਾਂ ਰੁਪਏ ਦੀ ਕਥਿਤ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਫੈਕਟਰੀ ਮਾਲਕ ਦੇ ਨਿੱਜੀ ਸਹਾਇਕ (ਪੀਏ) ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਰੋਪੀ ਨੇ ਫੈਕਟਰੀ ਦੇ ਮਾਲਕਾਂ ਨੂੰ 70 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ। ਆਰੋਪੀ ਮਹਿੰਗੀਆਂ ਗੱਡੀਆਂ ਦਾ ਸ਼ੌਕੀਨ ਹੈ। ਉਹ ਜਿਸ ਥਾਂ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ, ਉੱਥੇ ਉਹ ਅਕਸਰ ਨਵੀਆਂ-ਨਵੀਆਂ ਮਹਿੰਗੀਆਂ ਗੱਡੀਆਂ ਲੈ ਕੇ ਆਉਂਦਾ ਰਹਿੰਦਾ ਸੀ। ਥਾਣਾ ਫੋਕਲ ਪੁਆਇੰਟ ਪੁਲਿਸ ਨੇ ਆਰੋਪੀ ਖ਼ਿਲਾਫ਼ ਬੀਐਨਐਸ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਸਿਮਿੰਦਰ ਥਾਪਰ ਵਾਸੀ ਹੈਬੋਵਾਲ ਖੁਰਦ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਸੂਆ ਰੋਡ ਸਥਿਤ ਗੋਬਿੰਦਗੜ੍ਹ ਪਿੰਡ ਨੇੜੇ ਸਨਟੈਕਸ ਇੰਟਰਨੈਸ਼ਨਲ ਫੈਕਟਰੀ ਵਿੱਚ ਸੀਨੀਅਰ ਐਗਜ਼ੀਕਿਊਟਿਵ ਇੰਟਰਨਲ ਆਡਿਟ ਵਿਭਾਗ ਵਿੱਚ ਕੰਮ ਕਰਦਾ ਹੈ। ਉਹ ਫੈਕਟਰੀ ਦਾ ਪੂਰਾ ਹਿਸਾਬ-ਕਿਤਾਬ ਸੰਭਾਲਦਾ ਹੈ।

ਸਿਮਿੰਦਰ ਥਾਪਰ ਮੁਤਾਬਕ ਫੈਕਟਰੀ ਮਾਲਕ ਵਨੀਤ ਸੂਦ ਦਾ ਪੀ.ਏ. ਗੁਰਪ੍ਰੀਤ ਸਿੰਘ ਸਿੱਧੂ ਪਿਛਲੇ ਕਰੀਬ ਡੇਢ ਸਾਲ ਤੋਂ ਨੌਕਰੀ ਕਰ ਰਿਹਾ ਸੀ। ਇਲਜ਼ਾਮ ਹੈ ਕਿ ਉਸਨੇ ਮਾਲਕ ਦੇ ਨਾਂ ਅਤੇ ਅਹੁਦੇ ਦਾ ਫਾਇਦਾ ਚੁੱਕ ਕੇ ਵੱਖ-ਵੱਖ ਤਰੀਕਿਆਂ ਅਤੇ ਮਹੀਨਿਆਂ ਵਿੱਚ ਕਰੀਬ 70 ਲੱਖ ਰੁਪਏ ਦੀ ਚੋਰੀ ਅਤੇ ਹੇਰਾਫੇਰੀ ਕੀਤੀ। ਗੁਰਪ੍ਰੀਤ 'ਤੇ ਫੈਕਟਰੀ ਮਾਲਕ ਪੂਰਾ ਭਰੋਸਾ ਕਰਦੇ ਸਨ, ਪਰ ਉਸਦੀ ਨੀਅਤ ਕਦੋਂ ਖ਼ਰਾਬ ਹੋ ਗਈ, ਇਸਦਾ ਉਨ੍ਹਾਂ ਨੂੰ ਕਾਫ਼ੀ ਦੇਰ ਬਾਅਦ ਪਤਾ ਲੱਗਾ।

ਤਰਨਤਾਰਨ ਦਾ ਰਹਿਣ ਵਾਲਾ ਹੈ ਆਰੋਪੀ-

ਆਰੋਪੀ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਰਜੰਤ ਸਿੰਘ ਵਾਸੀ ਪਿੰਡ ਜੰਡ ਮਾਣੇਕੇ, ਥਾਣਾ ਗਹਿਰੀਆਣਾ, ਜ਼ਿਲ੍ਹਾ ਤਰਨਤਾਰਨ ਅਤੇ ਹਾਲ ਵਾਸੀ ਸ਼ਾਈਨ ਪ੍ਰਾਪਰਟੀ ਸੈਕਟਰ-32ਏ, ਚੰਡੀਗੜ੍ਹ ਰੋਡ, ਲੁਧਿਆਣਾ ਵਜੋਂ ਹੋਈ ਹੈ। ਮਾਮਲੇ ਦਾ ਖੁਲਾਸਾ ਆਡਿਟ ਦੌਰਾਨ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਇਸ ਕੇਸ ਵਿੱਚ ਪੁਲਿਸ ਨੇ ਰੇਡ ਕਰਕੇ ਕੁਝ ਨਕਦੀ ਵੀ ਬਰਾਮਦ ਕੀਤੀ ਹੈ। ਸੂਤਰਾਂ ਮੁਤਾਬਕ ਇੱਕ ਮਹਿੰਗੀ ਬਾਈਕ ਵੀ ਆਰੋਪੀ ਕੋਲੋਂ ਮਿਲੀ ਹੈ।

Recent News