menu-icon
Punjabi Story Line
  • Home
  • News
  • Punjab
  • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 2,800 ਨਵੇਂ ਰਾਸ਼ਨ ਡਿਪੂ ਧਾਰਕਾਂ ਨੂੰ ਵੰਡੇ ਗਏ ਲਾਇਸੈਂਸ, ਹੁਣ ਪੰਜਾਬ ਭਰ ਵਿੱਚ ਘਰਾਂ ਦੇ ਨੇੜੇ ਰਾਸ਼ਨ ਉਪਲਬਧ ਹੋਵੇਗਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 2,800 ਨਵੇਂ ਰਾਸ਼ਨ ਡਿਪੂ ਧਾਰਕਾਂ ਨੂੰ ਵੰਡੇ ਗਏ ਲਾਇਸੈਂਸ, ਹੁਣ ਪੰਜਾਬ ਭਰ ਵਿੱਚ ਘਰਾਂ ਦੇ ਨੇੜੇ ਰਾਸ਼ਨ ਉਪਲਬਧ ਹੋਵੇਗਾ

ਸੀਐੱਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਿਆਂ ਅੱਗੇ ਆਪਣੇ ਖ਼ਿਲਾਫ਼ ਲਗਵਾਏ ਪੋਸਟਰਾਂ 'ਤੇ ਵੀ ਪ੍ਰਤੀਕਿਰਿਆ ਦਿੰਦਿਆਂ ਕਿਹਾ, “ਜਦੋਂ ਬਹਿਬਲ ਕਲਾਂ ਕਾਂਡ ਹੋਇਆ ਸੀ, ਉਦੋਂ ਸੁਖਬੀਰ ਬਾਦਲ ਵਿਰੁੱਧ ਪੋਸਟਰ ਨਾ ਲਗਵਾਏ। ਉਹ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੰਨ ਚੁੱਕੇ ਹਨ ਕਿ ਉਨ੍ਹਾਂ ਨੇ ਬੇਅਦਬੀ ਕਰਵਾਈ ਹੈ।”

Date Updated Last Updated : 17 July 2026, 10:34 AM IST
Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਵਿੱਚ ਸੂਬੇ ਦੇ 2800 ਰਾਸ਼ਨ ਡਿਪੂ ਧਾਰਕਾਂ ਨੂੰ ਨਵੇਂ ਲਾਇਸੈਂਸ ਵੰਡਣ ਮੌਕੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰਾਂ 'ਤੇ ਜ਼ਮਕਰ ਹਮਲਾ ਬੋਲਿਆ। ਉਨ੍ਹਾਂ ਕਾਂਗਰਸ ਨੂੰ ਕੁਰਸੀ ਦਾ ਭੁੱਖਾ ਦੱਸਦਿਆਂ ਕਿਹਾ ਕਿ ਉੱਥੇ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣਾਏ ਜਾਂਦੇ ਹਨ, ਜਦਕਿ ਅਕਾਲੀ ਦਲ 'ਤੇ ਨਸ਼ਾ ਤਸਕਰੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸਮੇਂ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਨਸ਼ੀਲੇ ਪਦਾਰਥ ਸਪਲਾਈ ਹੁੰਦੇ ਸਨ।

ਕਾਂਗਰਸ ਵਿੱਚ ਕੁਰਸੀ ਲਈ ਲੜਾਈ ਚੱਲ ਰਹੀ

ਮਾਨ ਨੇ ਕਿਹਾ, “ਕਾਂਗਰਸ ਵਿੱਚ ਕੁਰਸੀ ਲਈ ਲੜਾਈ ਚੱਲ ਰਹੀ ਹੈ, ਜੋ ਕੁਰਸੀ ਅਜੇ ਉਨ੍ਹਾਂ ਨੂੰ ਮਿਲੀ ਨਹੀਂ, ਪਰਮਾਤਮਾ ਕਰੇ ਮਿਲੇ ਵੀ ਨਹੀਂ। ਪੰਜਾਬ ਦੇ ਲੋਕ ਇਨ੍ਹਾਂ ਤੋਂ ਤੰਗ ਆ ਕੇ ਸਾਡੇ ਵੱਲ ਆਏ ਹਨ।” ਉਨ੍ਹਾਂ ਵਿਰੋਧੀ ਧਿਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆਏ, ਤਾਂ ਉਹ ਸਰਕਾਰੀ ਸਕੀਮਾਂ ਨੂੰ ਬੰਦ ਕਰ ਦੇਣਗੇ, ਜੋ ਗ਼ਰੀਬਾਂ ਅਤੇ ਔਰਤਾਂ ਲਈ ਬਣਾਈਆਂ ਗਈਆਂ ਹਨ।

ਗੁਰਦੁਆਰਿਆਂ ਅੱਗੇ ਆਪਣੇ ਖ਼ਿਲਾਫ਼ ਲਗਵਾਏ ਪੋਸਟਰਾਂ 'ਤੇ ਵੀ ਪ੍ਰਤੀਕਿਰਿਆ

ਇਸ ਤੋਂ ਇਲਾਵਾ ਸੀਐੱਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਿਆਂ ਅੱਗੇ ਆਪਣੇ ਖ਼ਿਲਾਫ਼ ਲਗਵਾਏ ਪੋਸਟਰਾਂ 'ਤੇ ਵੀ ਪ੍ਰਤੀਕਿਰਿਆ ਦਿੰਦਿਆਂ ਕਿਹਾ, “ਜਦੋਂ ਬਹਿਬਲ ਕਲਾਂ ਕਾਂਡ ਹੋਇਆ ਸੀ, ਉਦੋਂ ਸੁਖਬੀਰ ਬਾਦਲ ਵਿਰੁੱਧ ਪੋਸਟਰ ਨਾ ਲਗਵਾਏ। ਉਹ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੰਨ ਚੁੱਕੇ ਹਨ ਕਿ ਉਨ੍ਹਾਂ ਨੇ ਬੇਅਦਬੀ ਕਰਵਾਈ ਹੈ।”

ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਵੀ ਨਿਸ਼ਾਨਾ ਸਾਧਿਆ

ਮੁੱਖ ਮੰਤਰੀ ਨੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਨਿਸ਼ਾਨਾ ਸਾਧਦਿਆਂ ਕਿਹਾ, “ਮਜੀਠੀਆ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਹਨ ਅਤੇ ਮੁੱਛਾਂ ’ਤੇ ਤਾਅ ਦੇ ਰਹੇ ਹਨ ਜਿਵੇਂ ਕੋਈ ਕਿਲ੍ਹਾ ਜਿੱਤ ਕੇ ਆਏ ਹੋਣ। ਪਰ ਉਹ ਜ਼ਮਾਨਤ ’ਤੇ ਬਾਹਰ ਹਨ, ਅਦਾਲਤ ਤੋਂ ਬਰੀ ਹੋ ਗਏ ਤਾਂ ਵੀ ਲੋਕਾਂ ਦੀ ਅਦਾਲਤ ਵਿੱਚ ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ।” ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਰਬਾਰ ਦੌਰਾਨ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਨਸ਼ੇ ਦੀ ਸਪਲਾਈ ਹੁੰਦੀ ਸੀ ਅਤੇ ਕਿਹਾ ਜਾਂਦਾ ਸੀ ਕਿ ਮਜੀਠੀਆ ਸਾਹਿਬ ਨੇ ਜ਼ਰੂਰੀ ਸਮਾਨ ਭੇਜਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਲੋਕ ਵੇਟਰਾਂ ਨੂੰ 10-10 ਹਜ਼ਾਰ ਰੁਪਏ ਟਿਪ ਕਰਦੇ ਹਨ, ਉਹ ਰਾਸ਼ਨ ਡਿਪੂ ਧਾਰਕਾਂ ਦੀਆਂ ਮੁਸ਼ਕਲਾਂ ਨਹੀਂ ਸਮਝ ਸਕਦੇ।

ਪੰਜਾਬ 27ਵੇਂ ਨੰਬਰ ਤੋਂ ਟਾਪ ਤੇ ਪਹੁੰਚਿਆ

ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀ ਤਰੱਕੀ ਦਾ ਜ਼ਿਕਰ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਬਣੀ ਤਾਂ ਪੰਜਾਬ ਸਿੱਖਿਆ ਵਿੱਚ 27ਵੇਂ ਨੰਬਰ ’ਤੇ ਸੀ, ਪਰ ਅੱਜ ਉਹ ਦੇਸ਼ ਵਿੱਚ ਟਾਪ ’ਤੇ ਆ ਗਿਆ ਹੈ। ਉਨ੍ਹਾਂ ਵਿਰੋਧੀਆਂ ’ਤੇ ਪਾਣੀ ਵਰਗੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਨ ਦਾ ਵੀ ਦੋਸ਼ ਲਾਇਆ। ਮਾਨ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਲੋਕ ਆਪਣੇ ਆਪ ਨੂੰ ਪੰਜਾਬ ਦਾ ਵਾਰਸ ਅਤੇ ਰਖਵਾਲਾ ਕਹਿੰਦੇ ਹਨ, ਪਰ ਉਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ। ਉਨ੍ਹਾਂ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਪੰਜਾਬੀ ਬੋਲ ਕੇ ਦਿਖਾਉਣ ਤਾਂ ਹੀ ਉਹ ਪੰਜਾਬ ਦੇ ਵਾਰਸ ਕਹੇ ਜਾਣ ਦੇ ਹੱਕਦਾਰ ਹਨ।

ਮੈਂ ਪੰਜਾਬ ਦੇ ਲੋਕਾਂ ਲਈ ਕੰਮ ਕਰਾਂਗਾ- ਸੀਐੱਮ ਮਾਨ

ਇਸ ਮੌਕੇ ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਬੇਲਦਾਰਾਂ, ਸਫ਼ਾਈ ਕਰਮਚਾਰੀਆਂ ਅਤੇ ਹੋਰ ਆਂਗਣਵਾੜੀ ਕਰਮੀਆਂ ਨੂੰ ਪੱਕਾ ਕਰਨ ਦੇ ਫ਼ੈਸਲੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਵਿਰੋਧੀ ਧਿਰਾਂ ਨੇ ਇਨ੍ਹਾਂ ਵਰਗਾਂ ਨੂੰ ਕਦੇ ਧਿਆਨ ਨਹੀਂ ਦਿੱਤਾ। ਆਖ਼ਰ ਵਿੱਚ ਉਨ੍ਹਾਂ ਕਿਹਾ, “ਭਾਵੇਂ ਵਿਰੋਧੀ ਮੈਨੂੰ ਗਾਲ੍ਹਾਂ ਦੇਣ, ਪਰ ਮੈਨੂੰ ਇਨ੍ਹਾਂ ਗੱਲਾਂ ਦੀ ਪਰਵਾਹ ਨਹੀਂ। ਮੈਂ ਪੰਜਾਬ ਦੇ ਲੋਕਾਂ ਲਈ ਕੰਮ ਕਰਾਂਗਾ।”

Recent News