ਬਾਲੀਵੁੱਡ ਅਦਾਕਾਰ ਸੋਹੇਲ ਖ਼ਾਨ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਦਾ ਇੱਕ ਅਜਿਹਾ ਦਰਦਨਾਕ ਪਹਿਲੂ ਸਾਂਝਾ ਕੀਤਾ, ਜਿਸ ਬਾਰੇ ਉਹ ਦਹਾਕਿਆਂ ਤੱਕ ਚੁੱਪ ਰਹੇ। ਅਦਾਕਾਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਬਚਪਨ ਵਿੱਚ ਉਨ੍ਹਾਂ ਨਾਲ ਜਿਨਸੀ ਦੁਰਵਿਹਾਰ ਹੋਇਆ ਸੀ, ਪਰ ਉਸ ਸਮੇਂ ਸ਼ਰਮ ਅਤੇ ਡਰ ਦੇ ਚਲਦਿਆਂ ਉਹ ਇਸ ਗੱਲ ਨੂੰ ਕਿਸੇ ਨੂੰ ਨਹੀਂ ਦੱਸ ਸਕੇ। ਇਸ ਤਜਰਬੇ ਨੇ ਉਨ੍ਹਾਂ ਨੂੰ ਇੱਕ ਬਿਹਤਰ ਪਿਤਾ ਬਣਨ ਦਾ ਸਬਕ ਦਿੱਤਾ, ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਹਰ ਗੱਲ ਖੁੱਲ੍ਹ ਕੇ ਸਾਂਝੀ ਕਰਨ ਦੀ ਤਾਕੀਦ ਕਰਦੇ ਹਨ।
'ਸ਼ੋ ਅਲਾਇੰਸ' ਵਿੱਚ ਸ਼ਿਰਕਤ ਦੌਰਾਨ ਸੋਹੇਲ ਨੇ ਦੱਸਿਆ ਕਿ ਉਹ ਆਪਣੇ ਦੋਵਾਂ ਪੁੱਤਰਾਂ ਨੂੰ ਹਮੇਸ਼ਾ ਇਹੀ ਸਿੱਖਿਆ ਦਿੰਦੇ ਹਨ ਕਿ ਜੇਕਰ ਕਦੇ ਕੋਈ ਉਨ੍ਹਾਂ ਨੂੰ ਮਾਨਸਿਕ ਜਾਂ ਸਰੀਰਕ ਤੌਰ 'ਤੇ ਪਰੇਸ਼ਾਨ ਕਰਦਾ ਹੈ, ਤਾਂ ਉਹ ਉਸ ਨੂੰ ਕਿਸੇ ਵੀ ਹਾਲਤ ਵਿੱਚ ਲੁਕਾਉਣ ਦੀ ਬਜਾਏ ਤੁਰੰਤ ਘਰ ਦੱਸਣ। ਉਨ੍ਹਾਂ ਕਿਹਾ, “ਮੈਂ ਖ਼ੁਦ ਇਸ ਦੁੱਖ ਵਿੱਚੋਂ ਲੰਘਿਆ ਹਾਂ, ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਕਦੇ ਵੀ ਚੁੱਪ ਨਾ ਰਹਿਣ।”
ਅਦਾਕਾਰ ਨੇ ਅੱਗੇ ਦੱਸਿਆ ਕਿ ਜਦੋਂ ਉਹ ਵੱਡੇ ਹੋਏ ਤਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਇਸ ਘਟਨਾ ਬਾਰੇ ਦੱਸਿਆ। ਇਹ ਸੁਣ ਕੇ ਪਿਤਾ ਨੂੰ ਸਦਮਾ ਲੱਗਾ ਅਤੇ ਉਨ੍ਹਾਂ ਨੇ ਪੁੱਛਿਆ ਕਿ ਇੰਨੇ ਸਾਲ ਇਹ ਗੱਲ ਕਿਉਂ ਛੁਪਾਈ ਗਈ? ਜਵਾਬ ਵਿੱਚ ਸੋਹੇਲ ਨੇ ਕਿਹਾ ਕਿ ਉਸ ਸਮੇਂ ਉਹ ਆਪਣੇ ਆਪ ਨੂੰ ਇਸ ਲਈ ਜ਼ਿੰਮੇਵਾਰ ਸਮਝਦਾ ਸੀ, ਜਦਕਿ ਅਸਲ ਵਿੱਚ ਉਹ ਪੀੜਤ ਸਨ। ਇਸ ਗਲਤ ਧਾਰਨਾ ਦੇ ਚਲਦਿਆਂ ਉਨ੍ਹਾਂ ਨੇ ਇਸ ਨੂੰ ਆਪਣੇ ਤੱਕ ਸੀਮਤ ਰੱਖਿਆ। ਇਸ ਖੁਲਾਸੇ ਨੇ ਸ਼ੋਅ 'ਚ ਮੌਜੂਦ ਸਾਰੇ ਕੰਟੈਸਟੈਂਟਸ ਨੂੰ ਭਾਵੁਕ ਕਰ ਦਿੱਤਾ। ਸਭ ਨੇ ਸੋਹੇਲ ਨੂੰ ਗਲ਼ੇ ਲਾਇਆ ਅਤੇ ਇੰਨੀ ਵੱਡੀ ਗੱਲ ਦੱਸਣ ਦੀ ਹਿੰਮਤ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਇਸ ਤੋਂ ਇਲਾਵਾ, ਸੋਹੇਲ ਨੇ ਆਪਣੀ ਸਾਬਕਾ ਪਤਨੀ ਸੀਮਾ ਸਜਦੇਹ ਨਾਲ ਤਲਾਕ ਅਤੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਖੱਟ-ਮਿੱਠੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਮੰਨਿਆ ਕਿ ਵਿਆਹ ਦੇ ਅੰਤ ਦੀਆਂ ਕੁਝ ਜ਼ਿੰਮੇਵਾਰੀਆਂ ਉਨ੍ਹਾਂ ਦੀ ਆਪਣੀ ਵੀ ਹਨ, ਪਰ ਇਸ ਸਭ ਦੇ ਬਾਵਜੂਦ ਉਹ ਅੱਜ ਵੀ ਆਪਣੇ ਦੋਵਾਂ ਪੁੱਤਰਾਂ ਦੀ ਪਰਵਰਿਸ਼ ਲਈ ਇਕੱਠੇ ਯਤਨ ਕਰ ਰਹੇ ਹਨ।