ਪੰਜਾਬ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਡਾਕਟਰ ਇਸਨੂੰ “ਸਾਈਲੈਂਟ ਕਿਲਰ” ਕਹਿੰਦੇ ਹਨ, ਕਿਉਂਕਿ ਇਹ ਬਿਮਾਰੀ ਬਿਨਾਂ ਵੱਡੇ ਲੱਛਣਾਂ ਦੇ ਅਚਾਨਕ ਸਟ੍ਰੋਕ, ਦਿਲ ਦੀ ਬਿਮਾਰੀ ਜਾਂ ਕਿਡਨੀ ਫੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਹੁਣ ਇਹ ਸਮੱਸਿਆ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਨੌਜਵਾਨਾਂ ਵਿੱਚ ਵੀ ਤੇਜ਼ੀ ਨਾਲ ਫੈਲ ਰਹੀ ਹੈ।
ਹਾਈਪਰਟੈਂਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਭਗਵੰਤ ਮਾਨ ਸਰਕਾਰ ਨੇ ਰੋਕਥਾਮ, ਸਮੇਂ ਸਿਰ ਪਛਾਣ ਅਤੇ ਇਲਾਜ ‘ਤੇ ਖ਼ਾਸ ਧਿਆਨ ਦਿੱਤਾ ਹੈ। ਪੰਜਾਬ ਸਰਕਾਰ ਨੇ ਸੀਐਮ ਦੀ ਯੋਗਸ਼ਾਲਾ, ਆਮ ਆਦਮੀ ਕਲੀਨਿਕ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਇਕੱਠੇ ਜੋੜ ਕੇ ਲੋਕਾਂ ਲਈ ਇੱਕ ਮਜ਼ਬੂਤ ਸਿਹਤ ਢਾਲ ਤਿਆਰ ਕੀਤੀ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 30 ਸਾਲ ਤੋਂ ਵੱਧ ਉਮਰ ਦੇ ਇੱਕ ਕਰੋੜ ਤੋਂ ਵੱਧ ਲੋਕਾਂ ਦੀ ਹਾਈ ਬਲੱਡ ਪ੍ਰੈਸ਼ਰ ਲਈ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਕਰੀਬ 24 ਲੱਖ ਲੋਕਾਂ ਨੂੰ ਇਲਾਜ ਨਾਲ ਜੋੜਿਆ ਗਿਆ ਹੈ। ਸਰਕਾਰ ਦਾ ਮਕਸਦ ਹੈ ਕਿ ਹਰ ਮਰੀਜ਼ ਤੱਕ ਸਮੇਂ ‘ਤੇ ਦਵਾਈ ਅਤੇ ਇਲਾਜ ਪਹੁੰਚੇ।
ਪੰਜਾਬ ਦੇ 990 ਆਮ ਆਦਮੀ ਕਲੀਨਿਕਾਂ ਵਿੱਚ ਨਿਯਮਿਤ ਤੌਰ ‘ਤੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਲੋਕਾਂ ਨੂੰ ਮੁਫ਼ਤ ਦਵਾਈਆਂ, ਜਾਂਚ ਅਤੇ ਫਾਲੋਅਪ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਮਜ਼ਬੂਤ ਸਿਹਤ ਪ੍ਰਣਾਲੀ ਖੜ੍ਹੀ ਕੀਤੀ ਜਾ ਰਹੀ ਹੈ।
ਸਰਕਾਰ ਵੱਲੋਂ ਚਲਾਈ ਜਾ ਰਹੀ “ਸੀਐਮ ਦੀ ਯੋਗਸ਼ਾਲਾ” ਵੀ ਇਸ ਮੁਹਿੰਮ ਦਾ ਵੱਡਾ ਹਿੱਸਾ ਬਣ ਚੁੱਕੀ ਹੈ। ਪੰਜਾਬ ਭਰ ਵਿੱਚ 10,600 ਤੋਂ ਵੱਧ ਯੋਗਾ ਕਲਾਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਕਰੀਬ 3 ਲੱਖ ਲੋਕ ਹਿੱਸਾ ਲੈ ਰਹੇ ਹਨ। ਯੋਗਾ ਅਤੇ ਸਟ੍ਰੈੱਸ ਮੈਨੇਜਮੈਂਟ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਸਿਹਤ ਯੋਜਨਾ ਹੇਠ ਹਾਈ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਜਿਵੇਂ ਸਟ੍ਰੋਕ, ਦਿਲ ਦੀ ਐਮਰਜੈਂਸੀ ਅਤੇ ਕਿਡਨੀ ਰੋਗਾਂ ਦਾ ਕੈਸ਼ਲੈੱਸ ਇਲਾਜ ਕੀਤਾ ਜਾ ਰਿਹਾ ਹੈ। ਇਸ ਨਾਲ ਉਹ ਪਰਿਵਾਰ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ ਜੋ ਪਹਿਲਾਂ ਮਹਿੰਗੇ ਇਲਾਜ ਦੇ ਡਰ ਕਰਕੇ ਹਸਪਤਾਲ ਜਾਣ ਤੋਂ ਘਬਰਾਉਂਦੇ ਸਨ।
ਸਟੇਟ ਹੈਲਥ ਏਜੰਸੀ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਸਭ ਤੋਂ ਵੱਧ ਹਾਈਪਰਟੈਂਸ਼ਨ ਦੇ ਮਾਮਲੇ 40 ਤੋਂ 80 ਸਾਲ ਦੀ ਉਮਰ ਦੇ ਲੋਕਾਂ ਵਿੱਚ ਸਾਹਮਣੇ ਆ ਰਹੇ ਹਨ। ਗੁਰਦਾਸਪੁਰ ਵਿੱਚ 94 ਸਾਲ ਤੱਕ ਦੇ ਮਰੀਜ਼ ਦਰਜ ਕੀਤੇ ਗਏ ਹਨ, ਜਦਕਿ ਐਸ.ਏ.ਐਸ ਨਗਰ ਵਿੱਚ 98 ਸਾਲ ਦੀ ਉਮਰ ਤੱਕ ਦੇ ਮਰੀਜ਼ ਮਿਲੇ ਹਨ।
ਪਟਿਆਲਾ, ਐਸ.ਏ.ਐਸ ਨਗਰ, ਹੁਸ਼ਿਆਰਪੁਰ, ਜਲੰਧਰ ਅਤੇ ਫਰੀਦਕੋਟ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਹਨ। ਅੰਮ੍ਰਿਤਸਰ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ 50 ਤੋਂ 77 ਸਾਲ ਦੀ ਉਮਰ ਵਾਲੀਆਂ ਮਹਿਲਾਵਾਂ ਵਿੱਚ ਵੀ ਇਹ ਸਮੱਸਿਆ ਜ਼ਿਆਦਾ ਦੇਖੀ ਗਈ ਹੈ।
ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਸੌਰਭ ਸ਼ਰਮਾ ਨੇ ਕਿਹਾ ਕਿ ਹੁਣ ਹਾਈਪਰਟੈਂਸ਼ਨ ਸਿਰਫ਼ ਬਜ਼ੁਰਗਾਂ ਦੀ ਬਿਮਾਰੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਹੁਣ ਟੀਨੇਜਰਾਂ ਅਤੇ 20-30 ਸਾਲ ਦੇ ਨੌਜਵਾਨਾਂ ਵਿੱਚ ਵੀ ਇਹ ਸਮੱਸਿਆ ਵਧ ਰਹੀ ਹੈ।
ਡਾ. ਸ਼ਰਮਾ ਮੁਤਾਬਕ ਤਣਾਅ, ਗਲਤ ਖਾਣ-ਪੀਣ, ਕਸਰਤ ਦੀ ਕਮੀ ਅਤੇ ਅਨਿਯਮਿਤ ਜੀਵਨ ਸ਼ੈਲੀ ਹਾਈ ਬਲੱਡ ਪ੍ਰੈਸ਼ਰ ਦੇ ਸਭ ਤੋਂ ਵੱਡੇ ਕਾਰਨ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਹੁਣ ਸਟ੍ਰੋਕ, ਦਿਲ ਦੀ ਬਿਮਾਰੀ ਅਤੇ ਕਿਡਨੀ ਫੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਪਹਿਲਾਂ ਨਾਲੋਂ ਘੱਟ ਉਮਰ ਵਿੱਚ ਸਾਹਮਣੇ ਆ ਰਹੀਆਂ ਹਨ।
ਡਾ. ਸੌਰਭ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਵਰਗੀਆਂ ਸਕੀਮਾਂ ਇਸ ਲਈ ਬਹੁਤ ਜ਼ਰੂਰੀ ਹਨ, ਕਿਉਂਕਿ ਲੋਕ ਹੁਣ ਪੈਸਿਆਂ ਦੇ ਡਰ ਕਰਕੇ ਇਲਾਜ ਟਾਲ ਨਹੀਂ ਰਹੇ। ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਐਮਰਜੈਂਸੀ ਵਿੱਚ ਇਲਾਜ ਵਿੱਚ ਹੋਈ ਦੇਰੀ ਕਈ ਵਾਰ ਜ਼ਿੰਦਗੀ ਅਤੇ ਮੌਤ ਦਾ ਫਰਕ ਬਣ ਜਾਂਦੀ ਹੈ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਯੋਜਨਾ ਮੱਧ ਵਰਗ, ਪੈਨਸ਼ਨਰਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਵੱਡਾ ਸੁਰੱਖਿਆ ਕਵਚ ਬਣ ਚੁੱਕੀ ਹੈ। ਪਹਿਲਾਂ ਕਈ ਪਰਿਵਾਰ ਇਲਾਜ ਦੇ ਵੱਡੇ ਖਰਚਿਆਂ ਤੋਂ ਡਰਦੇ ਸਨ, ਪਰ ਹੁਣ ਲੋਕ ਸਮੇਂ ‘ਤੇ ਹਸਪਤਾਲ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੇ ਠੀਕ ਹੋਣ ਦੇ ਚਾਂਸ ਵੀ ਵਧ ਰਹੇ ਹਨ।